Sunday, March 29, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸਿਲਵਰ ਜੁਬਲੀ ਨੌਸਪਲਾਨ ਸੰਮੇਲਨ ਸੰਪਨ

ਅੰਮ੍ਰਿਤਸਰ, 2 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਨੈਸ਼ਨਲ ਐਸੋਸੀਏਸ਼ਨ ਸਟੂਡੈਂਟਸ ਆਫ ਪਲੈਨਿੰਗ ਦੀ ਤਿੰਨ ਰੋਜ਼ਾ 25ਵੀਂ ਸਾਲਾਨਾ ਨੋਸਪਲੈਨ ਕਨਵੈਨਸ਼ਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿੱਚ ਸੰਪਨ ਹੋਈ।ਜਿਸ ਦਾ ਆਯੋਜਨ ਯੂਨੀਵਰਸਿਟੀ ਦੇ ਗੁਰੂ ਰਾਮਦਾਸ ਸਕੂਲ ਆਫ਼ ਪਲੈਨਿੰਗ ਦੁਆਰਾ ਕੀਤਾ ਗਿਆ ਸੀ।ਇਸ ਕਨਵੈਨਸ਼ਨ ਵਿੱਚ ਭਾਰਤ ਦੀਆਂ 15 ਯੋਜਨਾ ਸੰਸਥਾਵਾਂ ਦੇ 650 ਤੋਂ ਵੱਧ ਡੈਲੀਗੇਟਾਂ ਨੇ ਸ਼ਿਰਕਤ ਕੀਤੀ ਅਤੇ ਇਸ ਵਿੱਚ ਲਗਭਗ 20 ਅਕਾਦਮਿਕ, ਸੱਭਿਆਚਾਰਕ ਅਤੇ ਖੇਡ ਸਮਾਗਮ ਕਰਵਾਏ ਗਏ।ਕਰਵਾਏ ਗਏ ਮੁਕਾਬਲਿਆਂ ਵਿੱਚ ਸਕੂਲ ਆਫ ਪਲੈਨਿੰਗ ਐਂਡ ਆਰਕੀਟੈਕਚਰ ਨਵੀਂ ਦਿੱਲੀ ਨੇ ਓਵਰਆਲ ਟਰਾਫੀ ਜਿੱਤੀ, ਜਦੋਂਕਿ ਸਕੂਲ ਆਫ ਪਲੈਨਿੰਗ ਐਂਡ ਆਰਕੀਟੈਕਚਰ, ਭੋਪਾਲ ਅਤੇ ਸਕੂਲ ਆਫ ਪਲੈਨਿੰਗ ਐਂਡ ਆਰਕੀਟੈਕਚਰ ਵਿਜੇਵਾੜਾ ਕ੍ਰਮਵਾਰ ਪਹਿਲੇ ਅਤੇ ਦੂਜੇ ਰਨਰਅੱਪ ਰਹੇ।
ਇਨਾਮ ਵੰਡ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਡਾ. ਬਿਕਰਮਜੀਤ ਸਿੰਘ ਬਾਜਵਾ ਡੀਨ ਅਕਾਦਮਿਕ ਮਾਮਲੇ ਨੇ ਸ਼ਿਰਕਤ ਕੀਤੀ ਅਤੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ।ਉਨ੍ਹਾਂ ਇਸ ਕਨਵੈਨਸ਼ਨ ਨੂੰ ਉਸਾਰੂ ਤਰੀਕੇ ਨਾਲ ਆਯੋਜਿਤ ਕਰਨ `ਤੇ ਪ੍ਰਬੰਧਕਾਂ ਨੰੁ ਵਧਾਈ ਦਿੰਦਿਆਂ ਇਸ ਖੇਤਰ ਦੇ ਖੋਜਾਰਥੀਆਂ ਵਿਦਿਆਰਥੀਆਂ ਅਤੇ ਵਿਦਵਾਨਾਂ ਨੂੰ ਗਿਆਨ ਵਿਚ ਹੋਰ ਵਾਧਾ ਕਰਨ, ਹੁਨਰ ਵਿਕਸਤ ਕਰਨ ਅਤੇ ਨਵੇਂ ਅਕਾਦਮਿਕ ਅਤੇ ਪ੍ਰੋਫੈਸ਼ਨਲ ਨੇੜਤਾ ਵਧਾਉਣ ਲਈ ਅਜਿਹੇ ਪ੍ਰੋਗਰਾਮਾਂ ਵਿਚ ਨਿਯਮਤ ਤੌਰ `ਤੇ ਹਿੱਸਾ ਲੈਣ `ਤੇ ਜ਼ੋਰ ਦਿੱਤਾ।ਉਨ੍ਹਾਂ ਵਿਦਿਆਰਥੀਆਂ ਨੂੰ ਅੱਗੇ ਆਉਣ ਅਤੇ ਰਾਸ਼ਟਰ ਨਿਰਮਾਤਾ ਬਣਨ ਲਈ ਪ੍ਰੇਰਿਤ ਕੀਤਾ।ਕਨਵੈਨਸ਼ਨ ਅਫਸਰ ਸ਼੍ਰੀਮਤੀ ਕਨਿਸ਼ਕ ਮਹਿੰਦਰੂ ਨੇ ਕਨਵੈਨਸ਼ਨ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਆਯੋਜਕਾਂ, ਮਹਿਮਾਨਾਂ ਅਤੇ ਡੈਲੀਗੇਟਾਂ ਦਾ ਧੰਨਵਾਦ ਕੀਤਾ।ਉਨ੍ਹਾਂ ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ ਦੇ ਵਿਦਿਆਰਥੀਆਂ ਨੂੰ ਕਨਵੈਨਸ਼ਨ ਆਯੋਜਿਤ ਕਰਨ ਦੀ ਇਜਾਜ਼ਤ ਦੇਣ ਅਤੇ ਪੂਰਨ ਸਹਿਯੋਗ ਲਈ ਵਾਈਸ-ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਦਾ ਵਿਸ਼ੇਸ਼ ਤੌਰ `ਤੇ ਧੰਨਵਾਦ ਕੀਤਾ।ਉਨ੍ਹਾਂ ਵਿਸ਼ੇਸ਼ ਤੌਰ `ਤੇ ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ ਦੇ ਖੋਜਾਰਥੀਆਂ ਅਤੇ ਵਿਦਿਆਰਥੀਆਂ ਤੋਂ ਇਲਾਵਾ ਪੂਰਨ ਸਹਿਯੋਗ ਲਈ ਵਿਭਾਗ ਦੇ ਮੁਖੀ ਪ੍ਰੋਫੈਸਰ ਅਸ਼ਵਨੀ ਲੂਥਰਾ ਅਤੇ ਹੋਰ ਫੈਕਲਟੀ ਦਾ ਵੀ ਧੰਨਵਾਦ ਕੀਤਾ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …