ਅੰਮ੍ਰਿਤਸਰ, 2 ਜਨਵਰੀ (ਸੁਖਬੀਰ ਸਿੰਘ) – ਨਵੇਂ ਹਿੱਟ ਐਂਡ ਰਨ ਕਾਨੂੰਨ ਦੇ ਮੱਦੇਨਜ਼ਰ ਟਰੱਕਾਂ ਵਾਲਿਆਂ ਦੀ ਦੇਸ਼ ਵਿਆਪੀ ਹੜ੍ਹਤਾਲ ਕਾਰਣ ਪੈਟਰੋਲ ਪੰਪਾਂ ਦੇ
ਬਾਹਰ ਵਹਾਣਾਂ ਦੀਆਂ ਭਾਰੀ ਕਤਾਰਾਂ ਲੱਗ ਗਈਆਂ ਹਨ।ਪੈਟਰੋਲ ਅਤੇ ਡੀਜ਼ਲ ਨਾਲ ਚੱਲਦੇ ਵਾਹਨ ਚਾਲਕਾਂ ਵਿੱਚ ਭਾਰੀ ਦਹਿਸ਼ਤ ਹੈ।ਪਰ ਦੂਜੇ ਪਾਸੇ ਈ ਵਾਹਨਾਂ ਦੇ ਮਾਲਕ ਆਪਣੀ ਸਵਾਰੀ ਦਾ ਆਨੰਦ ਮਾਣ ਰਹੇ ਹਨ।ਪੈਟਰੋਲ ਪੰਪਾਂ ਦੇ ਬਾਹਰ ਵਾਹਨਾਂ ਦੀਆਂ ਵੱਡੀਆਂ ਕਤਾਰਾਂ ਲੱਗਣ ਕਾਰਨ ਡੀਜ਼ਲ ਅਤੇ ਪੈਟਰੋਲ ਆਟੋ ਠੱਪ ਹੋ ਗਏ ਹਨ।
‘ਰਾਹੀ ਪ੍ਰੋਜੈਕਟ’ ਇੰਚਾਰਜ਼ ਅਤੇ ਸੰਯੁਕਤ ਕਮਿਸ਼ਨਰ ਹਰਦੀਪ ਸਿੰਘ ਨੇ ਕਿਹਾ ਕਿ ਰਾਹੀ ਪ੍ਰੋਜੈਕਟ ਅਧੀਨ ਚੱਲ ਰਹੇ ਈ-ਆਟੋ ਸਥਾਨਕ ਨਾਗਰਿਕਾਂ ਅਤੇ ਸੈਲਾਨੀਆਂ ਲਈ ਆਉਣ-ਜਾਣ ਲਈ ਸਭ ਤੋਂ ਵਧੀਆ ਬਦਲ ਹਨ।ਇਸ ਟਰਾਂਸਪੋਰਟ ਹੜਤਾਲ ਦਾ ਈ-ਆਟੋਆਂ ਦੀ ਆਵਾਜਾਈ `ਤੇ ਕੋਈ ਅਸਰ ਨਹੀਂ ਪਵੇਗਾ।ਸੂਤਰਾਂ ਮੁਤਾਬਿਕ ਹੜਤਾਲ 3-4 ਦਿਨਾਂ ਤੱਕ ਚੱਲ ਸਕਦੀ ਹੈ।ਉਨਾਂ ਕਿਹਾ ਕਿ ਇਸ ਸਮੇਂ ਲਗਭਗ 700 ਈ-ਆਟੋ ਸਫਲਤਾਪੂਰਵਕ ਚੱਲ ਰਹੇ ਹਨ ਅਤੇ ਪਵਿੱਤਰ ਸ਼ਹਿਰ ਦੇ ਨਾਗਰਿਕਾਂ ਦੀ ਸੇਵਾ ਕਰ ਰਹੇ ਹਨ।ਅੰਮ੍ਰਿਤਸਰ ਸਮਾਰਟ ਸਿਟੀ ਲਿਮ. ਨਾਲ ਚਾਰ ਈ-ਆਟੋ ਕੰਪਨੀਆਂ ਪਿਆਜੀਓ, ਅਤੁਲ, ਮਹਿੰਦਰਾ ਐਂਡ ਬਜਾਜ ਸ਼ਾਮਲ ਹਨ।ਇਹ ਈ-ਆਟੋ ਪ੍ਰਾਪਤ ਕਰਨ ਵਾਲੇ ਡਰਾਈਵਰਾਂ ਨੂੰ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਸਮਾਜਿਕ ਸਕੀਮਾਂ ਦੇ ਹੋਰ ਲਾਭਾਂ ਦੇ ਨਾਲ 1.40 ਲੱਖ ਰੁਪਏ ਦੀ ਨਕਦ ਸਬਸਿਡੀ ਦਿੱਤੀ ਗਈ ਹੈ।ਸਾਰੇ ਅਧਿਕਾਰਤ ਦਸਤਾਵੇਜ਼ਾਂ ਨਾਲ ਸਭ ਤੋਂ ਮਹੱਤਵਪੂਰਨ ਇਹ ਹੈ ਕਿ ਇਸ ਵਿੱਚ ਅਧਿਕਾਰਤ ਨੰਬਰ ਪਲੇਟ ਵਾਲਾ ਟਰੈਕਿੰਗ ਸਿਸਟਮ ਹੈ।ਸੰਯੁਕਤ ਕਮਿਸ਼ਨਰ ਨੇ ਅਪੀਲ ਕੀਤੀ ਕਿ ਡੀਜ਼ਲ ਆਟੋ ਚਾਲਕ 1.40 ਲੱਖ ਰੁਪਏ ਦੀ ਨਕਦ ਸਬਸਿਡੀ ਦਾ ਲਾਭ ਲੈਣ ਲਈ ਇਨ੍ਹਾਂ ਚਾਰ ਆਟੋ ਕੰਪਨੀਆਂ ਵਿਚੋਂ ਆਪਣੀ ਪਸੰਦ ਦੇ ਈ-ਆਟੋ ਦੀ ਬੁਕਿੰਗ ਕਰਵਾਉਣ।
Punjab Post Daily Online Newspaper & Print Media