Tuesday, December 3, 2024

ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਕਲਾਕਾਰਾਂ ਦੀ ਸਾਂਝੀ ਕਹਾਣੀ ‘ਡਰਾਮੇ ਆਲੇ’

ਪੰਜਾਬੀ ਫ਼ਿਲਮ ਡਰਾਮੇ ਆਲੇ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਸਾਂਝੇ ਕਲਾਕਾਰਾਂ ਦੀ ਫ਼ਿਲਮ ਹੈ।ਪਾਕਿਸਤਾਨ ਦੇ ਡਰਾਮੇ (ਨਾਟਕ) ਪੂਰੀ ਦੁਨੀਆਂ ਵਿੱਚ ਮਸ਼ਹੂਰ ਹਨ।ਇਹ ਫਿਲਮ ਪਾਕਿਸਤਾਨ ਤੋਂ ਹੀ ਲੰਡਨ ਨਾਟਕ ਖੇਡਣ ਆਏ ਥੀਏਟਰ ਕਲਾਕਾਰਾਂ ਦੇ ਦੁਆਲੇ ਘੁੰਮਦੀ ਹੈ।19 ਜਨਵਰੀ ਨੂੰ ਦੁਨੀਆਂ ਭਰ ਵਿੱਚ ਰਲੀਜ਼ ਹੋ ਰਹੀ ਇਸ ਫ਼ਿਲਮ ਨਾਲ ਦੋਹਾਂ ਮੁਲਕਾਂ ਦੀ ਕਲਾਤਮਿਕ ਸਾਂਝ ਹੋਰ ਗੂੜੀ ਹੋਵੇਗੀ।ਕਾਮੇਡੀ, ਰੁਮਾਂਸ ਤੇ ਸੋਸ਼ਲ ਡਰਾਮੇ ਦਾ ਸੁਮੇਲ ਇਸ ਫ਼ਿਲਮ ਵਿੱਚ ਚੜ੍ਹਦੇ ਪੰਜਾਬ ਤੋਂ ਹਰੀਸ਼ ਵਰਮਾ, ਸ਼ਰਨ ਕੌਰ ਅਤੇ ਸੁਖਵਿੰਦਰ ਚਾਹਲ ਨੇ ਮੁੱਖ ਭੂਮਿਕਾ ਨਿਭਾਈ ਹੈ।ਜਦਕਿ ਲਹਿੰਦੇ ਪੰਜਾਬ ਤੋਂ ਨਾਮਵਾਰ ਅਦਾਕਾਰਾ ਰੂਬੀ ਅਨਮ, ਸਰਦਾਰ ਕਾਮਾਲ, ਮਲਿਕ ਆਸਫ ਇਕਬਾਲ, ਹਨੀ ਅਲਬੇਲਾ ਤੇ ਕੇਸਰ ਪਿਆ ਨੇ ਅਹਿਮ ਅਹਿਮ ਰੋਲ ਨਿਭਾਏ ਹਨ।ਪੰਜਾਬੀ ਰੰਗਮੰਚ ਤੋਂ ਆਪਣੀ ਅਦਾਕਾਰੀ ਸਫ਼ਰ ਦੀ ਸ਼ੁਰੂਆਤ ਕਰਨ ਵਾਲਾ ਹਰੀਸ਼ ਵਰਮਾ ਹੁਣ ਇਸ ਫਿਲਮ ਜ਼ਰੀਏ ਫ਼ਿਲਮੀ ਪਰਦੇ ‘ਤੇ ਵੀ ਨਾਟਕ ਖੇਡਦਾ ਨਜ਼ਰ ਆਵੇਗਾ।ਇਸ ਫ਼ਿਲਮ ਵਿੱਚ ਹਰੀਸ਼ ਵਰਮਾ ਨੇ ਪਹਿਲੀ ਵਾਰ ਪੂਰੀ ਫਿਲਮ ਵਿੱਚ ਪੱਗ ਬੰਨੀ ਹੈ।ਫਿਲਮ ਦਾ ਟ੍ਰੇਲਰ ਹਾਲ ਹੀ ਵਿੱਚ ਰਲੀਜ਼ ਹੋਇਆ ਹੈ, ਜਿਸ ਨੂੰ ਚੁਫੇਰਿਓ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ।ਫਿਲਮ ਦੀ ਕਹਾਣੀ ਦੇ ਨਾਲ-ਨਾਲ ਇਸ ਦਾ ਸੰਗੀਤ ਵੀ ਦਿਲ ਟੁੰਭਦਾ ਨਜ਼ਰ ਆ ਰਿਹਾ ਹੈ।
ਗਿੱਲ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਬਣੀ ਨਿਰਮਾਤਾ ਜਸਕਰਨ ਸਿੰਘ ਦੀ ਇਸ ਫਿਲਮ ਦੀ ਕਹਾਣੀ ਚੰਦਰ ਕੰਬੋਜ਼ ਨੇ ਲਿਖੀ ਹੈ, ਜਦਕਿ ਡਾਇਰੈਕਟ ਚੰਦਰ ਕੰਬੋਜ਼ ਅਤੇ ਉਪਿੰਦਰ ਰੰਧਾਵਾ ਨੇ ਸਾਂਝੇ ਤੌਰ ‘ਤੇ ਕੀਤਾ ਹੈ।ਫਿਲਮ ਦੇ ਸਹਿ ਨਿਰਮਾਤਾ ਵਿਕਾਸ ਧਵਨ, ਸੰਜੀਵ ਕੁਮਾਰ, ਰਾਜਵਿੰਦਰ ਕੌਰ ਅਤੇ ਅਜ਼ਰ ਭੱਟ ਹਨ।ਕਰੀਏਟਿਵ ਡਾਇਰੈਕਟਰ ਆਰ ਘਾਲੀ ਦੀ ਦੇਖ-ਰੇਖ ਹੇਠ ਬਣੀ ਇਸ ਖ਼ੂਬਸੂਰਤ ਫ਼ਿਲਮ ਬਾਰੇ ਗੱਲ ਕਰਦਿਆਂ ਹਰੀਸ਼ ਵਰਮਾ ਨੇ ਦੱਸਿਆ ਕਿ ਇਸ ਫਿਲਮ ਦਾ ਟਾਈਟਲ ਹੀ ਫਿਲਮ ਬਾਰੇ ਬਹੁਤ ਕੁੱਝ ਬਿਆਨ ਕਰ ਰਿਹਾ ਹੈ।ਇਹ ਫਿਲਮ ਰੰਗਮੰਚ ਦੇ ਕਲਾਕਾਰਾਂ ਤੇ ਉਹਨਾਂ ਦੀ ਜ਼ਿੰਦਗੀ ਦੁਆਲੇ ਘੁੰਮਦੀ ਹੈ।ਪਾਕਿਸਤਾਨ ਤੋਂ ਲੰਡਨ ਆਪਣਾ ਨਾਟਕ ਲੈ ਕੇ ਪੁਹੰਚੀ ਇੱਕ ਨਾਟਕ ਮੰਡਲੀ ਦੀ ਹਾਲਤ ਉਦੋਂ ਹਾਸੋਹੀਣੀ ਹੋ ਜਾਂਦੀ ਹੈ, ਜਦੋਂ ਨਾਟਕ ਦੀ ਟੀਮ ਨਾਲ ਆਇਆ ਇੱਕ ਕਲਾਕਾਰ ਅਚਾਨਕ ਭੱਜ ਜਾਂਦਾ ਹੈ। ਬਿਗਾਨੇ ਮਲਕ ਵਿੱਚ ਉਸ ਲਾਪਤਾ ਕਲਾਕਾਰ ਨੂੰ ਵੀ ਲੱਭਣਾ ਹੈ ਅਤੇ ਪ੍ਰੋਮੋਟਰ ਵਲੋਂ ਰੱਖੇ ਗਏ ਨਾਟਕ ਦੇ ਸ਼ੋਅ ਨੂੰ ਵੀ ਪੂਰਾ ਕਰਨਾ ਹੈ।ਇਹ ਸਾਰਾ ਡਰਾਮਾ ਦਰਸ਼ਕਾਂ ਦਾ ਭਰਪੂਰ ਮਨੋਰੰਜ਼ਨ ਕਰੇਗਾ।ਉਹ ਨਿੱਜੀ ਜ਼ਿੰਦਗੀ ਵਿੱਚ ਵੀ ਰੰਗਮੰਚ ਨਾਲ ਜੁੜਿਆ ਰਿਹਾ ਹੈ।ਇਸ ਲਈ ਫਿਲਮ ਵਿੱਚ ਇਸ ਤਰ੍ਹਾਂ ਦਾ ਕਿਰਦਾਰ ਨਿਭਾਉਣਾ ਉਸ ਲਈ ਬੇਹੱਦ ਰੁਮਾਂਚਿਤ ਸੀ।
ਕਈ ਪੰਜਾਬੀ ਫ਼ਿਲਮਾਂ ਵਿੱਚ ਨਜ਼ਰ ਆ ਚੁੱਕੀ ਅਦਾਕਾਰਾ ਸ਼ਰਨ ਕੌਰ ਇਸ ਵਿੱਚ ਇੱਕ ਵੱਖਰੇ ਅੰਦਾਜ਼ ‘ਚ ਨਜ਼ਰ ਆਵੇਗੀ।ਉਹ ਇਸ ਫ਼ਿਲਮ ਵਿੱਚ ਪਾਕਿਸਤਾਨ ਦੀ ਇੱਕ ਨਾਮੀ ਮੇਕਅੱਪ ਆਰਟਿਸਟ ਦਾ ਕਿਰਦਾਰ ਨਿਭਾਅ ਰਹੀ ਹੈ।ਫ਼ਿਲਮ ਦੇ ਲੇਖਕ ਤੇ ਡਾਇਰੈਕਟਰ ਚੰਦਰ ਕੰਬੋਜ਼ ਮੁਤਾਬਿਕ ਇਹ ਫ਼ਿਲਮ ਦੋ ਮੁਲਕਾਂ ਦੀ ਆਪਣੀ ਕਲਾਤਮਿਕ ਸਾਂਝ ਦਾ ਨਮੂਨਾ ਹੋਵੇਗੀ।ਫ਼ਿਲਮ ਹਰ ਵਰਗ ਦੇ ਦਰਸ਼ਕ ਨੂੰ ਪਸੰਦ ਆਵੇਗੀ।ਮਨੋਰੰਜਨ ਦੇ ਨਾਲ ਨਾਲ ਵੱਡਾ ਸੁਨੇਹਾ ਵੀ ਦਿੰਦੀ ਇਸ ਫ਼ਿਲਮ ਨਾਲ ਉਹ ਵੀ ਬਤੌਰ ਫ਼ਿਲਮ ਨਿਰਦੇਸ਼ਕ ਆਪਣੀ ਸ਼ੁਰੂਆਤ ਕਰ ਰਹੇ ਹਨ।ਪੰਜਾਬੀ ਸਿਨੇਮਾ ਦੇ ਮਾਣ ਵਿੱਚ ਹੋਰ ਵਾਧਾ ਕਰਦੀ ਇਹ ਫ਼ਿਲਮ ਦੋਵਾਂ ਪੰਜਾਬਾਂ ਦੀ ਸਾਂਝ ਵੀ ਹੋਰ ਗੂੜੀ ਕਰੇਗੀ।(ਲੇਖ) 1601202401

ਜ਼ਿੰਦ ਜਵੰਦਾ
ਮੋ – 97795 91482

Check Also

ਮਹਿਲਾ ਸਰਪੰਚ ਅੱਗੇ ਹੋ ਕੇ ਕੰਮ ਕਰਨ ਸਰਕਾਰ ਉਹਨਾਂ ਦੇ ਨਾਲ ਹੈ – ਈ.ਟੀ.ਓ

ਜੰਡਿਆਲਾ ਗੁਰੂ, 2 ਦਸੰਬਰ (ਪੰਜਾਬ ਪੋਸਟ ਬਿਊਰੋ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਰਾਜ …