Sunday, June 23, 2024

ਰਿਸ਼ਤੇ ਬਨਾਮ ਪੈਸਾ

“ਮਨੁੱਖ ਨੂੰ ਰਿਸ਼ਤੇ ਸੰਭਾਲਣੇ ਚਾਹੀਦੇ ਹਨ, ਪਰ ਮਨੁੱਖ ਰਿਸ਼ਤੇ ਛੱਡੀ ਜਾ ਰਿਹਾ ਪੈਸਾ ਸੰਭਾਲੀ ਤੇ ਪਿਆਰ, ਮੁਹੱਬਤ, ਸਨੇਹ ਤੇ ਮਿਲਵਰਤਣ ਭੁੱਲਦਾ ਹੀ ਜਾ ਰਿਹਾ।ਪੈਸਾ ਤਾਂ ਪਦਾਰਥਵਾਦੀ ਜ਼ਰੂਰਤਾਂ ਪੂਰੀਆਂ ਕਰ ਸਕਦਾ, ਪਰ ਦੁਨੀਆਂਦਾਰੀ ਦੀਆਂ ਲੋੜਾਂ ਨੂੰ ਰਿਸ਼ਤੇ ਨੇ ਹੀ ਪੂਰੀਆਂ ਕਰਨਾ—।ਇਸ ਕਰਕੇ ਰਿਸ਼ਤੇ ਕਦੀ ਤੋੜਨੇ ਨਹੀਂ ਚਾਹੀਦੇ, ਰਿਸ਼ਤੇ ਨਿਭਾਉਣੇ ਤੇ ਸੰਭਾਲਣੇ ਚਾਹੀਦੇ” ਸੱਥ `ਚ ਬੈਠਿਆਂ ਕੜਾਕੇ ਦੀ ਠੰਢ ਵਿੱਚ ਖੇਸਾਂ ਲੋਈਆਂ ਦੀਆਂ ਬੁੱਕਲਾਂ ਮਾਰੀ ਅੱਗ ਸੇਕਦਿਆਂ ਨਿਮਾਣੇ ਦਾ ਇੱਕ ਸਾਥੀ ਭਾਵੁਕ ਹੋਇਆ ਬੋਲ਼ੀ ਜਾ ਰਿਹਾ ਸੀ।ਨਿਮਾਣੇ ਦੇ ਪੁੱਛਣ ‘ਤੇ ਕਿ, ਕੀ ਗੱਲ ਹੋ ਗਈ ਭਾਈ ਸਾਹਿਬ ਜੀ।ਅੱਜ ਬੜੀਆਂ ਫਿਲਾਸਫਰਾਂ ਵਾਲੀਆਂ ਗੱਲਾਂ ਕਰ ਰਹੇ ਜੇ।ਗੱਲਾਂ ਕੀ ਕਰਨੀਆਂ, ਸਾਡਾ ਇੱਕ ਸਾਥੀ ਸੀ, ਸਾਰੀ ਜ਼ਿੰਦਗੀ ਉਸ ਨੇ ਆਪਣੇ ਅਦਾਰੇ ਦੇ ਨਾਂ ਲਾ ਛੱਡੀ।ਆਪਣਾ ਘਰ ਬਾਹਰ ਵੀ ਨਹੀਂ ਸੰਭਾਲਿਆ ਲੋਕ ਸੇਵਾ ਹੀ ਕਰਦਾ ਰਿਹਾ।ਘਰ ਦਾ ਕੰਮ ਭਾਵੇਂ ਰਹਿ ਜਾਵੇ, ਪਰ ਸਮਾਜ ਸੇਵਾ ਤੋਂ ਉਸ ਨੇ ਕਦੀ ਪਿੱਛੇ ਨਹੀਂ ਪੈਰ ਖਿੱਚਿਆ।ਉਸ ਦੀ ਵੱਖਰੀ ਸੋਚ ਸੀ ਕਿ ਜੇ ਭਲਾ ਕਰਨ ਦਾ ਮੌਕਾ ਮਿਲਿਆ ਹੈ ਤਾਂ ਜਰੂਰ ਕਰਨਾ ਚਾਹੀਦਾ।
ਇਸ ਸਾਹ ਵਾਲੀ ਚੀਜ਼ ਦਾ ਕੀ ਭਰੋਸਾ? ਅਜਿਹੀ ਸੋਚ ਰੱਖਣ ਵਾਲਾ ਅਚਾਨਕ ਇੱਕ ਦਿਨ ਦਿਲ ਫੇਲ ਹੋਣ ਕਾਰਨ ਚੱਲ ਵੱਸਿਆ।ਉਸਦੀਆਂ ਅੰਤਿਮ ਰਸਮਾਂ `ਚ ਗਿਣਤੀ ਦੇ ਨਜ਼ਦੀਕੀ ਰਿਸ਼ਤੇਦਾਰਾਂ ਤੋਂ ਇਲਾਵਾ ਹੋਰ ਕੋਈ ਵੀ ਸੱਜਣ ਮਿੱਤਰ ਨਾ ਪਹੁੰਚਿਆ।ਉਸਨੇ ਲੋਕ-ਭਲਾਈ `ਚ ਆਪਣੀ ਸਾਰੀ ਜ਼ਿੰਦਗੀ ਗਾਲ਼ ਦਿੱਤੀ ਸੀ।ਇਹ ਬੋਲ ਸੁਣ ਨਿਮਾਣਾ ਭਾਵਕ ਹੋਇਆ ਲੋਈ ਨਾਲ ਨਮ ਹੋਈਆਂ ਅੱਖਾਂ ਨੂੰ ਸਾਫ ਕਰਦਾ।ਸੱਥ ਵਿੱਚੋਂ ਇੱਕ ਹੋਰ ਉਸਦਾ ਸਾਥੀ ਬੋਲਿਆ ਨਿਮਾਣਾ ਸਿਹੁੰ ਜੀ! ਮਹਾਤੜ ਦਾ ਦਾਲ-ਫੁਲਕਾ ਖਾਣ ਕੌਣ ਆਉਂਦਾ ਅੱਜਕਲ!! ਜਿਥੇ ਚੰਗੇ ਚੋਖੇ ਪਕਵਾਨ ਬਣੇ ਹੋਣ, ਉਥੇ ਲੋਕ ਹਾੜ੍ਹ-ਸਿਆਲ ਮੀਂਹ-ਹਨੇਰੀ ਨਹੀਂ ਵੇਂਹਦੇ, ਉਥੇ ਤਾਂ ਲੋਕ ਭੱਜੇ ਜਾਂਦੇ —।ਤੁਸੀਂ ਕਿਹੜੇ ਯੁਗ ਦੀਆਂ ਗੱਲਾਂ ਕਰਦੇ ਜੇ, ਤੁਹਾਡੇ ਵਾਲੇ ਦਿਨ ਲੱਦ ਗਏ—।ਨਿਮਾਣੇ ਦਾ ਸਾਥੀ ਹਾਉਕਾ ਜਿਹਾ ਲੈ ਕੇ ਬੋਲਿਆ ਕਦੇ ਸੁਣਦੇ ਸੀ ਖੂਨ ਸਫੇਦ ਹੋ ਗਿਆ, ਹੁਣ ਤਾਂ ਲੱਗਦਾ ਭਾਈਚਾਰਕ ਸਾਂਝ ਖਤਮ, ਲੋਕਾਂ ਦੀ ਜ਼ਮੀਰ ਮਰਨ ਦੇ ਨਾਲ ਜਿਵੇਂ ਦਿਲ ਵੀ ਸਫੇਦ ਹੋ ਗਿਆ ਹੋਵੇ—।(ਕਹਾਣੀ) 1601202401

ਸੁਖਬੀਰ ਸਿੰਘ ਖੁਰਮਣੀਆ
ਪੈਰਾਡਾਈਜ਼ 2 (ਛੇਹਰਟਾ)
ਅੰਮ੍ਰਿਤਸਰ-143105

Check Also

ਪੁਲਿਸ ਮੁਲਾਜ਼ਮ ਪਭਜੋਤ ਸਿੰਘ ਦੇ ਬੇਵਕਤੀ ਵਿਛੋੜੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 22 ਜੂਨ (ਜਗਸੀਰ ਲੌਂਗਵਾਲ) – ਦੇਸ਼ ਭਗਤ ਯਾਦਗਾਰ ਕਮੇਟੀ, ਤਰਕਸ਼ੀਲ ਸੁਸਾਇਟੀ ਪੰਜਾਬ, ਸਲਾਈਟ ਇੰਪਲਾਈਜ਼ …