ਲੋਕਲ ਕਮੇਟੀਆਂ ਵਲੋਂ ਸਰਕਾਰੀ ਫਰਮਾਨ ਤਹਿਤ ਮਨਾਏ ਸਮਾਗਮ- ਬਾਲਿਆਂਵਾਲੀ

ਬਠਿੰਡਾ, 28 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ ) – ਪੰਜਵੇਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਵਲੋਂ ਸਿੱਖ ਕੌਮ ਦੇ ਨਾਮ ਸੰਦੇਸ਼ ਦਿੰਦੇ ਹੋਏ ਕਿਹਾ ਸੀ ਕਿ 28 ਦਸੰਬਰ ਨੂੰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਵਲੋਂ ਸਮੇਂ ਦੀ ਜਾਲਮ ਹਕੂਮਤ ਦੇ ਖਿਲਾਫ਼ ਧਰਮ ਯੁੱਧ ਲੜਿਆ ਸੀ, ਜਿਸ ਵਿਚ ਗੁਰੂ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਨੇ ਮਾਤਾ ਗੁਜਰ ਕੌਰ ਸਮੇਤ ਸਰਹੰਦ ਵਿਖੇ ਆਪਣੀ ਸਹਾਦਤ ਦਿੱਤੀ ਸੀ।ਪੂਰੀ ਸਿੱਖ ਕੌਮ ਇਸ ਸੋਗਮਈ ਦਿਨ ਇਨ੍ਹਾਂ ਸ਼ਹੀਦਾਂ ਦੀਆਂ ਯਾਦਾਂ ਵਿਚ ਗੁਰਬਾਣੀ ਦੇ ਜਾਪ ਕਰਨ ਸੋ ਗੁਰੂ ਦਾ ਹਰ ਸਿੱਖ ਸਵੇਰੇ 10-00 ਵਜੇ ਆਪਣੇ ਪਰਿਵਾਰ ਸਮੇਤ ਇਕ ਥਾਂ ਬੈਠ ਕੇ ਚੌਪਈ ਸਾਹਿਬ ਅਤੇ ਆਨੰਦ ਸਾਹਿਬ ਦਾ ਪਾਠ ਕਰੇ ਅਤੇ ਚਾਰੋ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਯਾਦ ਵਿਚ ਪੰਜ ਜੈਕਾਰੇ ਬੁਲਾਵੇ ਅਤੇ ਰਾਤ ਦੇ ਸਮੇਂ ਪੂਰੇ ਪਰਿਵਾਰ ਸਮੇਤ ਕੀਰਤਨ ਸੋਹਿਲਾ ਜੀ ਦਾ ਪਾਠ ਕਰਨ।ਮਗਰ ਕੁੱਝ ਚੌਧਰ ਦੇ ਭੁੱਖੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋਂ ਨਾਨਕ ਨਾਮ ਲੇਵਾ ਗੁਰਸਿੱਖਾਂ ਨੂੰ ਗੁਰਦੁਆਰਾ ਸਾਹਿਬ ਅੰਦਰ ਦਾਖ਼ਲ ਨਹੀ ਹੋਣ ਦਿੱਤਾ, ਇਹ ਵਿਚਾਰ ਸ੍ਰੋਮਣੀ ਅਕਾਲੀ ਦਲ (ਅ) ਦੇ ਜਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ ਨੇ ਅੱਜ ਇਥੇ ਉਸ ਸਮੇਂ ਪ੍ਰਗਟ ਕੀਤੇ ਜਦ ਉਹ ਆਪਣੇ ਕੁਝ ਸਾਥੀਆਂ ਸਮੇਤ ਗੁਰਦੁਆਰਾ ਸਾਹਿਬ ਸੰਗਤ ਸਿਵਲ ਸਟੇਸ਼ਨ ਵਿਖੇ ਦੀਵਾਨ ਹਾਲ ਵਿੱਚ ਚੌਪਈ ਸਾਹਿਬ ਦੇ ਪਾਠ ਕਾਰਨ ਗਏ ਸਨ। ਦੀਵਾਨ ਹਾਲ ਨੂੰ ਜਿੰਦਰਾ ਲਗਾਇਆ ਗਿਆ ਸੀ, ਸੰਗਤ ਬਾਹਰੋਂ ਹੀ ਮੱਥਾ ਟੇਕ ਕੇ ਵਾਪਸ ਜਾ ਰਹੀਆਂ ਸਨ। ਜਦਕਿ ਗੁਰੂ ਨਾਨਕ ਦੇਵ ਜੀ ਪਬਲਿਕ ਸਕੂਲ ਦੇ ਖੇਡ ਮੈਦਾਨ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਸੀ। ਜਦ ਮੀਡੀਆ ਵਾਲੇ ਉਥੇ ਪੁੱਜੇ ਤਾਂ ਦੀਵਾਨ ਹਾਲ ਦਾ ਜਿੰਦਰਾ ਖੋਲ੍ਹ ਦਿੱਤਾ ਗਿਆ।ਜਦਕਿ ਸ੍ਰੀ ਫਤਹਿਗੜ੍ਹ ਸਾਹਿਬ ਅੱਜ ਦੇ ਦਿਨ ਛੋਟੇ ਸ਼ਾਹਿਬਜ਼ਾਦਿਆਂ ਦਾ ਸ਼ਹੀਦੀ ਜੋੜ ਮੇਲਾ ਅੱਜ ਮਨਾਇਆ ਜਾ ਰਿਹਾ ਹੈ।ਉਨ੍ਹਾਂ ਇਹ ਵੀ ਕਿਹਾ ਕਿ ਆਰ. ਐਸ. ਐਸ ਦੇ ਇਸ਼ਾਰੇ ‘ਤੇ ਸਾਨੂੰ ਆਪਣੇ ਸ਼ਹੀਦ ਸ਼ਾਹਿਬਜ਼ਾਦਿਆਂ ਦਾ ਸੋਗਮਈ ਸਮਾਗਮ ਵੀ ਨਹੀ ਮਨਾਉਣ ਦਿੱਤਾ ਜਾ ਰਿਹਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਜਬਰਦਸਤੀ ਮਨਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ।ਇਸ ਸੰਬੰਧਤ ਨਗਰ ਕੀਰਤਨ ਸਜਾਏ ਜਾ ਰਹੇ ਹਨ, ਜਦਕਿ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਸਾਹਿਬ ਨੇ ਵੀ 5 ਜਨਵਰੀ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਜਨਮ ਦਿਹਾੜਾ ਮਨਾਉਣ ਲਈ ਸੰਗਤਾਂ ਨੂੰ ਅਪੀਲ ਕੀਤੀ ਹੈ।ਸ਼ਹਿਰ ਬਠਿੰਡਾ ਵਿਚ ਵੱਖ ਵੱਖ ਕਲੋਨੀਆਂ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ ਸੰਬੰਧੀ ਨਗਰ ਕੀਰਤਨ ਕੱਢੇ ਅਤੇ ਧਾਰਮਿਕ ਦੀਵਾਨ ਸਜਾਏ ਜਾ ਰਹੇ ਹਨ।ਗੁਰਦੁਆਰਾ ਸਾਹਿਬਾਨਾਂ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਰੰਗ-ਬੰਰਗੀਆਂ ਲਾਈਟਾਂ ਨਾਲ ਸਜਾਇਆ ਗਿਆ ਹੈ।