Sunday, February 22, 2026

ਕਰਮ ਸਿੰਘ ਜ਼ਖ਼ਮੀ ਦੀ ਅਨੁਵਾਦਿਤ ਪੁਸਤਕ ‘ਲੋਕ ਵਿਹਾਰ’ ਹੋਈ ਲੋਕ ਅਰਪਣ

ਮਾਂ ਬੋਲੀ ਪੰਜਾਬੀ ਦੇ ਪ੍ਰਚਾਰ-ਪ੍ਰਸਾਰ ਲਈ ਅਨੁਵਾਦ ਦੀ ਭੂਮਿਕਾ ਅਹਿਮ- ਮੂਲ ਚੰਦ ਸ਼ਰਮਾ

ਸੰਗਰੂਰ, 29 ਜਨਵਰੀ (ਜਗਸੀਰ ਲੌਂਗੋਵਾਲ) – “ਮਾਂ ਬੋਲੀ ਦੇ ਪ੍ਰਚਾਰ-ਪ੍ਰਸਾਰ ਲਈ ਹੋਰਨਾਂ ਭਾਸ਼ਾਵਾਂ ਵਿਚੋਂ ਪੰਜਾਬੀ ਵਿੱਚ ਕੀਤੇ ਗਏ ਅਨੁਵਾਦ ਦੀ ਭੂਮਿਕਾ ਬੜੀ ਅਹਿਮ ਹੈ, ਕਿਉਂਕਿ ਇਸ ਕਾਰਜ਼ ਨਾਲ ਪੰਜਾਬੀ ਪਾਠਕਾਂ ਨੂੰ ਵੱਖ-ਵੱਖ ਭਾਸ਼ਾਵਾਂ ਅਤੇ ਦੇਸ਼ਾਂ ਦਾ ਸਾਹਿਤ ਪੜ੍ਹਨ ਨੂੰ ਮਿਲਦਾ ਹੈ।” ਇਹ ਸ਼ਬਦ ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵਲੋਂ ਧਰਮਸ਼ਾਲਾ ਬਾਬਾ ਹਿੰਮਤ ਸਿੰਘ ਸੰਗਰੂਰ ਵਿਖੇ ਕਰਵਾਏ ਗਏ ਮਹੀਨਾਵਾਰ ਸਾਹਿਤਕ ਸਮਾਗਮ ਵਿੱਚ ਬੋਲਦਿਆਂ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਮੀਤ ਪ੍ਰਧਾਨ ਮੂਲ ਚੰਦ ਸ਼ਰਮਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਹੇ। ਇਸ ਸਮਾਗਮ ਵਿੱਚ ਨਵਰੰਗ ਪਬਲੀਕੇਸ਼ਨ ਸਮਾਣਾ ਵਲੋਂ ਪ੍ਰਕਾਸ਼ਿਤ ਵਿਸ਼ਵ ਪ੍ਰਸਿੱਧ ਲੇਖਕ ਡੇਲ ਕਾਰਨੇਗੀ ਦੀ ਲਿਖੀ ਅਤੇ ਕਰਮ ਸਿੰਘ ਜ਼ਖ਼ਮੀ ਦੀ ਅਨੁਵਾਦ ਕੀਤੀ ਪੁਸਤਕ ‘ਲੋਕ ਵਿਹਾਰ’ ਲੋਕ ਅਰਪਣ ਕੀਤੀ ਗਈ।ਪੁਸਤਕ ਸਬੰਧੀ ਚਰਚਾ ਕਰਦਿਆਂ ਪ੍ਰੋ. ਹਰਦੀਪ ਸਿੰਘ ਨੇ ਕਿਹਾ ਕਿ ਹੋਰਨਾਂ ਭਾਸ਼ਾਵਾਂ ਵਿੱਚ ਲਿਖਿਆ ਗਿਆ ਸਾਹਿਤ ਪੰਜਾਬੀ ਪਾਠਕਾਂ ਲਈ ਮੁਹੱਈਆ ਕਰਵਾਉਣਾ ਬੇਹੱਦ ਮਹੱਤਵਪੂਰਨ ਅਤੇ ਸ਼ਲਾਘਾਯੋਗ ਕਾਰਜ਼ ਹੈ।
ਸਮਾਗਮ ਦੇ ਆਰੰਭ ਵਿੱਚ ਸਵਾਗਤੀ ਸ਼ਬਦ ਕਹਿੰਦਿਆਂ ਕਰਮ ਸਿੰਘ ਜ਼ਖ਼ਮੀ ਨੇ ਸਭਾ ਵਲੋਂ ਲੇਖਕ ਭਵਨ ਲਈ ਖਰੀਦੀ ਗਈ ਜਗ੍ਹਾ ਦੀ ਰਜਿਸਟਰੀ ਹੋਣ ’ਤੇ ਹਾਜ਼ਰ ਸਾਹਿਤਕਾਰਾਂ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਬਹੁਤ ਛੇਤੀ ਲੇਖਕ ਭਵਨ ਦੀ ਉਸਾਰੀ ਦਾ ਕਾਰਜ਼ ਵਿੱਢਿਆ ਜਾਵੇਗਾ।ਪਿੱਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਉਘੇ ਲੇਖਕਾਂ ਡਾ. ਚਰਨਜੀਤ ਸਿੰਘ ਉਡਾਰੀ ਅਤੇ ਮੇਜਰ ਸਿੰਘ ਰਾਜਗੜ੍ਹ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ।ਸਰਬਸੰਮਤੀ ਨਾਲ ਪਾਸ ਕੀਤੇ ਗਏ ਇੱਕ ਮਤੇ ਵਿੱਚ ਧਾਰਾ 295-ਏ ਅਧੀਨ ਲੇਖਕਾਂ ’ਤੇ ਪਰਚੇ ਦਰਜ਼ ਕਰਨ ਦਾ ਵਿਰੋਧ ਕੀਤਾ ਗਿਆ।
ਸੁਰਿੰਦਰ ਪਾਲ ਸਿੰਘ ਸਿਦਕੀ ਨੇ ਡਾਕਟਰ ਚਰਨਜੀਤ ਸਿੰਘ ਉਡਾਰੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੇ ਜੀਵਨ ਬਾਰੇ ਚਾਨਣਾ ਪਾਇਆ ਅਤੇ ਸਾਹਿਤ, ਕਾਵਿ, ਧਾਰਮਿਕ, ਸਮਾਜਿਕ ਖੇਤਰ ਵਿੱਚ ਪਾਏ ਯੋਗਦਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਡਾਕਟਰ ਉਡਾਰੀ ਸਾਹਿਤਕ ਖੇਤਰ ਦਾ ਖਜ਼ਾਨਾ ਸਨ।
ਉਪਰੰਤ ਪੰਮੀ ਫੱਗੂਵਾਲੀਆ ਦੇ ਗੀਤ ਨਾਲ ਸ਼ੁਰੂ ਹੋਏ ਕਵੀ ਦਰਬਾਰ ਵਿੱਚ ਜਗਜੀਤ ਸਿੰਘ ਲੱਡਾ, ਲਾਭ ਸਿੰਘ ਝੱਮਟ, ਮੂਲ ਚੰਦ ਸ਼ਰਮਾ, ਰਜਿੰਦਰ ਸਿੰਘ ਰਾਜ਼ਨ, ਰਣਜੀਤ ਆਜ਼ਾਦ ਕਾਂਝਲਾ, ਗੁਰੀ ਚੰਦੜ, ਸੁਖਵਿੰਦਰ ਸਿੰਘ ਲੋਟੇ, ਕਰਮ ਸਿੰਘ ਜ਼ਖ਼ਮੀ, ਪਵਨ ਹੋਸ਼ੀ, ਚਰਨਜੀਤ ਸਿੰਘ ਮੀਮਸਾ, ਬਲਜੀਤ ਸਿੰਘ ਬਾਂਸਲ, ਪਰਮਜੀਤ ਕੌਰ ਸੇਖੂਪੁਰ, ਕੁਲਵੰਤ ਖਨੌਰੀ, ਡਾ. ਪਰਮਜੀਤ ਸਿੰਘ ਦਰਦੀ, ਪ੍ਰੋ. ਹਰਦੀਪ ਸਿੰਘ, ਸ਼ਿਵ ਕੁਮਾਰ ਅੰਬਾਲਵੀ, ਕੁਲਦੀਪ ਸਿੰਘ ਸਾਹਿਲ, ਦੀਪਿਕਾ ਸ਼ਰਮਾ, ਪੇਂਟਰ ਸੁਖਦੇਵ ਧੂਰੀ, ਜੰਗੀਰ ਸਿੰਘ ਰਤਨ, ਬਲਵੰਤ ਕੌਰ ਘਨੌਰੀ ਕਲਾਂ, ਜਤਿੰਦਰ ਸਿੰਘ, ਮਹਿੰਦਰਜੀਤ ਸਿੰਘ ਧੂਰੀ, ਮੱਖਣ ਸੇਖੂਵਾਸ, ਰਾਜਿੰਦਰ ਰਾਣੀ ਗੰਢੂਆਂ ਅਤੇ ਕੁਲਵਿੰਦਰ ਸਿੰਘ ਨਾੜੂ ਆਦਿ ਕਵੀਆਂ ਨੇ ਹਿੱਸਾ ਲਿਆ।
ਅੰਤ ਵਿੱਚ ਫਰਵਰੀ ਮਹੀਨੇ ਦੇ ਸਾਹਿਤਕ ਸਮਾਗਮ ਦੀ ਸਚਨਾ ਦਿੰਦਿਆਂ ਰਜਿੰਦਰ ਸਿੰਘ ਰਾਜਨ ਨੇ ਆਏ ਸਾਰੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ।ਮੰਚ ਸੰਚਾਲਨ ਸੁਖਵਿੰਦਰ ਸਿੰਘ ਲੋਟੇ ਅਤੇ ਕੁਲਵੰਤ ਖਨੌਰੀ ਨੇ ਸਾਂਝੇ ਰੂਪ ‘ਚ ਕੀਤਾ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …