1 ਜਨਵਰੀ ਨੂੰ ਜਥੇਬੰਦੀਆਂ ਦੇ ਆਗੂ ਨਾਨਕਸਾਹੀ ਕੈਲੰਡਰ ਲਾਗੂ ਕਰਵਾਉਣ ਲਈ ਜਥੇਦਾਰ ਨੂੰ ਮਿਲਣਗੇ
ਬਠਿੰਡਾ, 29 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਪਿਛਲੇ ਦਿਨੀ ਨਾਨਕਸ਼ਾਹੀ ਕੈਲੰਡਰ ਦੇ ਵਿਵਾਦ ਲੈ ਕੇ ਸਿੱਖ ਜਗਤ ਭਾਵੇ ਦੁਚਿੱਤੀ ਫਸੀ ਹੋਈ ਹੈ ਅਤੇ ਬੀਤੇ ਦਿਨੀ ਸ੍ਰੋਮਣੀ ਗੁਰਦੁਆਰਾਂ ਪ੍ਰਬੰਧਕ ਕਮੇਟੀ ਵੱਲੋ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਦਿਹਾੜਾ ਵੀ ਮਨਾਇਆ ਗਿਆ।ਉਧਰ ਦੂਸਰੇ ਪਾਸੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦੁਆਰਾ ਸਿੱਖ ਕੌਮ ਨੂੰ ਇਹ ਸੰਦੇਸ਼ ਦਿੱਤਾ ਗਿਆ ਸੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਦਿਹਾੜਾ ਨਾਨਕਸ਼ਾਹੀ ਕੈਲੰਡਰ ਦੇ ਅਨੁਸਾਰ ਮਨਾਇਆ ਜਾਵੇ।ਜਿਸ ਕਾਰਨ ਸਿੱਖ ਕੌਮ ਦੋ ਹਿੱਸਿਆ ਵਿਚ ਵੰਡੀ ਗਈ ਅਤੇ ਉਧਰ ਸਿੱਖ ਬੁਧੀਜੀਵੀਆਂ ਵੱਲੋ ਵੀ ਮੂਲ ਨਾਨਕਸਾਹੀ ਕੈਲੰਡਰ ਦੀ ਹਮਾਇਤ ਕੀਤੀ ਜਾ ਰਹੀ ਹੈ ਦੂਸਰੇ ਪਾਸ ਕੁੱਝ ਸਿੱਖ ਜੱਥੇਬੰਦੀਆਂ ਅਤੇ ਰਾਜਨੀਤਿਕ ਪਾਰਟੀ ਜਥੇਦਾਰ ਨੰਦਗੜ੍ਹ ਦਾ ਵਿਰੋਧ ਕਰਦਿਆਂ ਮੂਲ ਨਾਨਕਸ਼ਾਹੀ ਕੈਲੰਡਰ ਮੰਨਣ ਤੋ ਇਨਕਾਰੀ ਹਨ। ਅੱਜ ਵੱਡੀ ਗਿਣਤੀ ਵਿਚ ਸਿੱਖ ਜੱਥੇਬੰਦੀਆਂ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੂੰ ਮਿਲੀਆਂ ਅਤੇ ਉਹਨਾ ਵੱਲੋ ਮੂਲ ਨਾਨਕਸ਼ਾਹੀ ਕੈਲੰਡਰ ਤੇ ਲਏ ਗਏ ਸਖ਼ਤ ਸਟੈਡ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੀਤੇ ਦਿਨੀ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਕੱਢਿਆ ਗਿਆ ਨਗਰ ਕੀਰਤਨ ਸਹੀ ਨਹੀ ।
ਉਹਨਾਂ ਕਿਹਾ ਕਿ ਇੱਕ ਪਾਸੇ ਸਮੁੱਚਾ ਸਿੱਖ ਜਗਤ ਛੋਟੇ ਸਹਿਬਜਾਦਿਆ ਦਾ ਸ਼ਹੀਦੀ ਦਿਹਾੜੇ ਤੇ ਸੋਗ ਸਮਾਗਮ ਅਯੋਜਿਤ ਕੀਤੇ ਜਾ ਰਹੇ ਸਨ, ਜਿਸ ਦਾ ਮੁੱਖ ਸਮਾਗਮ ਸਾਹਿਬ ਫਤਿਹਗੜ੍ਹ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਸੀ। ਜਿਥੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਅਤੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸ਼ਮੂਲੀਅਤ ਕੀਤੀ ਅਤੇ ਉਧਰ ਦੂਸਰੇ ਪਾਸੇ ਮੂਲ ਨਾਨਕਸਾਹੀ ਕੈਲੰਡਰ ਨੂੰ ਵਿਸਾਰ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਸੀ ਜੋ ਕਿ ਸਰਾਸਰ ਗਲਤ ਹੈ।ਇਸ ਸਮੇਂ ਏਕ ਨੂਰ ਖਾਲਸਾ ਫੌਜ ਦੇ ਜਿਲਾ ਪ੍ਰਧਾਨ ਬਲਜੀਤ ਸਿੰਘ ਗੰਗਾ ਨੇ ਕਿਹਾ ਕਿ ਸ੍ਰੋਮਣੀ ਕਮੇਟੀ ਦੇ ਮੈਬਰਾਂ ਵੱਲੋ ਜੋ ਨਗਰ ਕੀਰਤਨ ਕੱਢਿਆ ਗਿਆ, ਉਹ ਇੱਕ ਸਰਕਾਰੀ ਫਰਮਾਨ ਦੇ ਤਹਿਤ ਕੱਢਿਆ ਗਿਆ।
ਉਹਨਾ ਕਿਹਾ ਕਿ 1 ਜਨਵਰੀ ਨੂੰ ਸਮੂਹ ਸਿੱਖ ਜਥੇਬੰਦੀਆਂ ਦੇ ਆਗੂ ਅਕਾਲ ਤਖ਼ਤ ਸ਼੍ਰੀ ਅੰਮ੍ਰਿਤਸਰ ਵਿਖੇ ਜਥੇਦਾਰ ਗੁਰਬਚਨ ਸਿੰਘ ਨੂੰ ਮਿਲ ਕੇ ਨਾਨਕਸਾਹੀ ਕੈਲੰਡਰ ਨੂੰ ਲਾਗੂ ਕਰਨ ਸਬੰਧੀ ਬੇਨਤੀ ਕਰਨਗੇ ਤਾਂ ਕਿ ਸਿੱਖ ਕੌਮ ਦੇ ਵਿਚ ਜੋ ਭੁਲੇਖੇ ਪਾਏ ਜਾ ਰਹੇ ਹਨ ਉਹਨਾਂ ਦੂਰ ਕੀਤਾ ਜਾ ਸਕੇ ।ਇਸ ਸਮੇ ਉਹਨਾਂ ਨਾਲ ਹਿੰਮਤ ਸਿੰਘ ਫਿਰੋਜਪੁਰ, ਸੁਖਜੀਤ ਸਿੰਘ ਫਰੀਦਕੋਟ, ਲਵਜੀਤ ਸਿੰਘ ਮੋਗਾ, ਜਸਵੀਰ ਸਿੰਘ ਫਾਜਿਲਕਾ, ਬਾਬਾ ਜਸਵਿੰਦਰ ਸਿੰਘ, ਬਲਵਿੰਦਰ ਸਿੰਘ ਸਰਦੂਲ ਗੜ੍ਹ, ਜਤਿੰਦਰ ਸਿੰਘ ਈਸੜੂ, ਹਰਜੀਤ ਸਿੰਘ ਬਾਜੇ ਕੇ, ਰੁਪਿੰਦਰ ਸਿੰਘ ਜਲਾਲੇਆਣਾ, ਗੁਰਮੁੱਖ ਸਿੰਘ ਮੋਗਾ, ਬਾਬਾ ਦਿਲਬਾਗ ਸਿੰਘ ਸਭਰਾਵਾਂ ਵਾਲੇ, ਲਾਭ ਸਿੰਘ ਆਦਿ ਮੌਜੂਦ ਸਨ