Friday, May 24, 2024

ਖ਼ਾਲਸਾ ਕਾਲਜ ਵਿਖੇ ‘ਵਿਸ਼ਵ ਰੇਡੀਓ ਦਿਵਸ’ ’ਤੇ ਗੈਸਟ ਲੈਕਚਰ ਕਰਵਾਇਆ

ਅੰਮ੍ਰਿਤਸਰ, 13 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਪੱਤਰਕਾਰ ਅਤੇ ਜਨਸੰਚਾਰ ਵਿਭਾਗ ਵੱਲੋਂ ‘ਵਿਸ਼ਵ ਰੇਡੀਓ ਦਿਵਸ’ ’ਤੇ ਗੈਸਟ ਲੈਕਚਰ ਕਰਵਾਇਆ ਗਿਆ।ਵਿਭਾਗ ਮੁੱਖੀ ਡਾ. ਸਾਨੀਆ ਮਾਰਵਾਹਾ ਦੀ ਅਗਵਾਈ ’ਚ ਕਰਵਾਏ ਗਏ ਇਸ ਲੈਕਚਰ ’ਚ 92.7 ਬਿਗ ਐਫ਼.ਐਮ ਤੋਂ ਰੇਡੀਓ ਜੌਕੀ ਆਦਿੱਤਿਆ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਰੇਡੀਓ ਪੱਤਰਕਾਰੀ ’ਚ ਸਫਲ ਕੈਰੀਅਰ ਲਈ ਮਹੱਤਵਪੂਰਨ ਸੁਝਾਅ ਵਿਦਿਆਰਥੀਆਂ ਨਾਲ ਸਾਂਝੇ ਕੀਤੇ।
ਡਾ. ਮਰਵਾਹਾ ਨੇ ਮੁੱਖ ਬੁਲਾਰੇ ਦੀ ਜਾਣ-ਪਛਾਣ ਕਰਵਾਉਂਦਿਆਂ ਵਿਸ਼ਵ ਰੇਡੀਓ ਦਿਵਸ ਦੀ ਮਹੱਤਤਾ ਅਤੇ ਵਿਸ਼ੇ ਸਬੰਧੀ ਚਾਨਣਾ ਪਾਇਆ।ਕਾਲਜ ਪਿ੍ਰੰਸੀਪਲ ਡਾ. ਮਹਿਲ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਇਕ ਘੱਟ ਲਾਗਤ ਵਾਲਾ ਮਾਧਿਅਮ ਹੈ, ਜੋ ਕਿ ਦੂਰ-ਦੁਰਾਡੇ ਦੇ ਭਾਈਚਾਰਿਆਂ ਅਤੇ ਕਮਜ਼ੋਰ ਲੋਕਾਂ ਤੱਕ ਪਹੁੰਚਣ ਲਈ ਵਿਸ਼ੇਸ਼ ਤੇ ਢੁੱਕਵਾਂ ਹੈ।ਇਹ ਇਕ ਸਦੀ ਤੋਂ ਵਧੇਰੇ ਸਮੇਂ ਤੋਂ ਜਨਤਕ ਬਹਿਸ ’ਚ ਸੰਪਰਕ ਕਰਨ ਲਈ ਇਕ ਪਲੇਟਫਾਰਮ ਪ੍ਰਦਾਨ ਕਰਦਾ ਹੈ।ਉਨ੍ਹਾਂ ਕਿਹਾ ਕਿ ਇਕ ਸਦੀ ਬੀਤ ਚੁੱਕੀ ਹੈ ਅਤੇ ਲੋਕਾਂ ਦੇ ਸਵੈਮਾਣ ਪੱਧਰ ਦੇ ਬਾਵਜ਼ੂਦ ਇਹ ਸੰਕਟਕਾਲੀਨ ਸੰਚਾਰ ਅਤੇ ਆਫ਼ਤ ਰਾਹਤ ’ਚ ਮਹੱਤਵਪੂਰਨ ਭੂਮਿਕਾ ਨਿਭਾਅ ਰਿਹਾ ਹੈ।ਡਾ. ਮਰਵਾਹਾ ਨੇ ਕਿਹਾ ਕਿ ਇਸ ਸਾਲ ਵਿਸ਼ਵ ਰੇਡੀਓ ਦਿਵਸ ਦਾ ਵਿਸ਼ਾ ਰੇਡੀਓ ਦੇ ਸ਼ਾਨਦਾਰ ਅਤੀਤ, ਪ੍ਰਸੰਗਿਕ ਵਰਤਮਾਨ ਅਤੇ ਗਤੀਸ਼ੀਲ ਭਵਿੱਖ ਦੇ ਵਾਅਦੇ ’ਤੇ ਇਕ ਵਿਆਪਕ ਚਾਨਣਾ ਪਾਉਂਦਾ ਹੈ।ਉਨ੍ਹਾਂ ਕਿਹਾ ਕਿ ਗਲੋਬਲ ਪੱਧਰ ‘ਤੇ ਰੇਡੀਓ ਸਭ ਤੋਂ ਵੱਧ ਖੱਪਤ ਵਾਲਾ ਮਾਧਿਅਮ ਬਣਿਆ ਹੋਇਆ ਹੈ।
ਸਮਾਗਮ ’ਚ ਵੱਖ-ਵੱਖ ਵਿਸ਼ਿਆਂ ਤੋਂ ਪੋਸਟ ਗਰੈਜੂਏਟ ਅਤੇ ਗਰੈਜੂਏਟ ਜਮਾਤਾਂ ਦੇ ਲਗਭਗ 70 ਵਿਦਿਆਰਥੀਆਂ ਨੇ ਭਾਗ ਲਿਆ।ਕਾਲਜ ਡੀਨ ਡਾ. ਤਮਿੰਦਰ ਸਿੰਘ ਨੇ ਪ੍ਰੋਗਰਾਮ ਦੀ ਸਫ਼ਲਤਾ ਲਈ ਵਿਭਾਗ ਦੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ।ਆਰ.ਜੇ ਸ਼ਰਮਾ ਨੇ ਕਿਹਾ ਕਿ ਰੇਡੀਓ ਸਟੇਸ਼ਨ ਵਿਭਿੰਨ ਭਾਈਚਾਰਿਆਂ ਦੀ ਸੇਵਾ ਕਰਦੇ ਹਨ ਅਤੇ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮਾਂ, ਦ੍ਰਿਸ਼ਟੀਕੋਣਾਂ ਅਤੇ ਸਮੱਗਰੀ ਦੀ ਪੇਸ਼ਕਸ਼ ਕਰਦੇ ਹਨ।ਉਨ੍ਹਾਂ ਕਿਹਾ ਕਿ ਆਪਣੇ ਸੰਗਠਨਾਂ ਅਤੇ ਕਾਰਜ਼ਾਂ ’ਚ ਦਰਸ਼ਕਾਂ ਦੀ ਵਿਭਿੰਨਤਾ ਨੂੰ ਦਰਸਾਉਂਦੇ ਹਨ।ਅੰਤਰਰਾਸ਼ਟਰੀ ਰਿਪੋਰਟਾਂ ਮੁਤਾਬਿਕ ਰੇਡੀਓ ਦੁਨੀਆਂ ਦੇ ਸਭ ਤੋਂ ਭਰੋਸੇਮੰਦ ਅਤੇ ਵਰਤੇ ਜਾਣ ਵਾਲੇ ਮੀਡੀਆ ’ਚੋਂ ਇੱਕ ਹੈ।
ਇਸ ਮੌਕੇ ਪ੍ਰੋ: ਸੌਂਦਰਿਆ ਕੋਚਰ, ਪ੍ਰੋ: ਸੁਰਭੀ, ਪ੍ਰੋ: ਜਸਕੀਰਤ ਸਿੰਘ, ਪ੍ਰੋ: ਹਰੀ ਸਿੰਘ, ਪ੍ਰੋ: ਭਾਵਿਨੀ ਖੰਨਾ ਅਤੇ ਪ੍ਰੋ: ਹਰਜੀਤ ਸਿੰਘ ਵੀ ਹਾਜ਼ਰ ਸਨ।

Check Also

ਪਿੰਡ ਬੰਡਾਲਾ ਦੇ ਕਾਂਗਰਸੀ ਪਰਿਵਾਰ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਲ- ਈ.ਟੀ.ਓ

ਜੰਡਿਆਲਾ ਗੁਰੂ, 23 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੀ ਨੀਤੀਆਂ ਤੋਂ ਖੁਸ਼ …