

ਨਵੀਂ ਦਿੱਲੀ, 29 ਦਸੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਉਪਲਕਸ਼ ਵਿੱਚ ਅੱਜ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਅੰਮ੍ਰਿਤ ਵੇਲੇ ਤੋਂ ਦੇਰ ਰਾਤ ਤੱਕ ਵਿਸ਼ੇਸ਼ ਦੀਵਾਨ ਸਜਾਏ ਗਏ। ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਜੱਥਿਆਂ, ਢਾਡੀ ਜੱਥਿਆਂ ਤੇ ਕਥਾ ਵਾਚਕਾਂ ਨੇ ਸੰਗਤਾਂ ਨੂੰ ਨਿਹਾਲ ਕੀਤਾ। ਕਮੇਟੀ ਪ੍ਰਬੰਧਕਾਂ ਨੇ ਇਸ ਮੋਕੇ ਸੰਗਤਾਂ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦੇ ਹੋਏ ਕਮੇਟੀ ਵੱਲੋਂ ਸਮਾਜਿਕ ਕਲਿਆਣ, ਧਰਮ ਪ੍ਰਚਾਰ ਅਤੇ ਹੋਰ ਖੇਤਰਾਂ ਵਿੱਚ ਕੀਤੇ ਜਾ ਰਹੇ ਕਾਰਜਾਂ ਦੀ ਜਾਣਕਾਰੀ ਦਿੱਤੀ।
ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਗਰੀਬ ਮਜ਼ਲੂਮਾਂ ਦੇ ਰੱਖਿਅਕ, ਸੂਰਬੀਰ ਯੋਧੇ, ਸਮਾਜ ਸੁਧਾਰਕ, ਸੰਤ ਸਿਪਾਹੀ, ਨਿਧੜਕ ਆਗੂ ਤੇ ਵੱਡੇ ਤਿਆਗੀ ਹੋਣ ਦੇ ਨਾਲ ਹੀ ਜ਼ਾਲਮਾਂ ਦਾ ਨਾਸ ਕਰਨ ਵਾਲੇ ਮਹਾਨ ਨਾਇਕ ਸਨ। ਬਚਪਨ ਵਿੱਚ 9 ਸਾਲ ਦੀ ਉਮਰ ਵਿੱਚ ਹੀ ਜ਼ੁਲਮ ਦੇ ਖਿਲਾਫ ਆਪਣੇ ਪਿਤਾ ਨੂੰ ਕਸ਼ਮੀਰੀ ਪੰਡਿਤਾਂ ਦੀ ਮਦਦ ਲਈ ਸ਼ਹਾਦਤ ਦੇਣ ਦੀ ਪ੍ਰੇਰਣਾ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ ਗੁਰੂ ਸਾਹਿਬ ਵੱਲੋਂ ਊਚ-ਨੀਚ ਤੇ ਜਾਤਪਾਤ ਦੇ ਵੰਡ ਵਿਤਕਰੇ ਨੂੰ ਮਿੱਟਾਕੇ ਖਾਲਸਾ ਪੰਥ ਦੀ ਨੀਂਹ ਰੱਖਕੇ ਹਮੇਸ਼ਾਂ ਜ਼ੁਲਮ ਦੇ ਖਿਲਾਫ ਟੱਕਰ ਲੈਣ ਲਈ ਯੋਧੇ ਤਿਆਰ ਕਰਨ ਦਾ ਵੀ ਦਾਅਵਾ ਕੀਤਾ। ਗੁਰੂ ਸਾਹਿਬ ਵੱਲੋਂ ਸਰਬੰਸਦਾਨੀ ਦੇ ਰੂਪ ਵਿੱਚ ਚਮਕੌਰ ਦੀ ਗੜ੍ਹੀ ਵਿੱਚ ਆਪਣੇ ਦੋਵੇਂ ਵੱਡੇ ਸਾਹਿਬਜ਼ਾਦੇ, ਦੋਵੇਂ ਛੋਟੇ ਸਾਹਿਬਜ਼ਾਦੇ ਸਰਹਿੰਦ ਵਿੱਚ ਅਤੇ ਮਾਤਾ ਗੁਜਰ ਕੋਰ ਜੀ ਵੱਲੋਂ ਪਾਈਆਂ ਗਈਆਂ ਸ਼ਹੀਦੀਆਂ ਦਾ ਜ਼ਿਕਰ ਕਰਦੇ ਹੋਏ ਜੀ.ਕੇ. ਨੇ ਸੰਗਤਾਂ ਨੂੰ ਕਮੇਟੀ ਵੱਲੋਂ ਬਿਰਧ ਆਸ਼ਰਮ ਵਿਖੇ 20 ਕਮਰੇ ਹੋਰ ਬਨਾਉਣ ਤੇ ਇਤਿਹਾਸਕ ਗੁਰਦੁਆਰਿਆਂ ਦੇ ਸੁੰਦਰੀਕਰਣ ਅਤੇ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਦੀਵਾਨ ਹਾਲ ਨੂੰ ਵੱਡਾ ਕਰਨ ਅਤੇ ਵਿਦਿਅਕ ਖੇਤਰ ਵਿੱਚ ਕੀਤੇ ਜਾਣ ਵਾਲੇ ਕਾਰਜਾਂ ਦੀ ਵੀ ਜਾਣਕਾਰੀ ਦਿੱਤੀ।ਕਮੇਟੀ ਦੇ ਜਨਰਲ ਸਕੱਤਰ ਸz. ਮਨਜਿੰਦਰ ਸਿੰਘ ਸਿਰਸਾ ਨੇ ਸਮੂਹ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੰਦਿਆਂ ਗੁਰੂ ਸਾਹਿਬ ਦੇ ਜੀਵਨ ‘ਤੇ ਵਿਸ਼ੇਸ਼ ਰੋਸ਼ਨੀ ਪਾਈ ਅਤੇ ਸਕੂਲੀ ਬੱਚਿਆਂ ਦੇ ਧਾਰਮਿਕ ਪ੍ਰਤੀਯੋਗਤਾ ਦੇ ਕੈਂਪ, ਪੁਰਾਤਨ ਸ਼ਸਤਰਾਂ ਦੇ ਸਟਾਲਾਂ ‘ਤੇ ਜਾਕੇ ਕੇ ਹੌਂਸਲਾ ਅਫਜਾਈ ਕੀਤੀ।
ਨਗਰ ਕੀਰਤਨ, ਗੁਰਪੁਰਬਾਂ ਤੇ ਹੋਰ ਇਤਿਹਾਸਕ ਦਿਨ ਦਿਹਾੜਿਆਂ ‘ਤੇ ਸੇਵਾ ਕਰਨ ਵਾਲੀਆਂ ਨਿਸ਼ਕਾਮ ਸੇਵਕ ਜਥੇਬੰਦੀਆਂ (ਝਾੜੂ ਸੇਵਕ ਜਥੇ, ਲੰਗਰ ਬਨਾਉਣ ਵਾਲੇ ਸੇਵਕ ਜਥੇ, ਸਕੂਟਰ/ਕਾਰ ਪਾਰਕਿੰਗ ਸੇਵਕ ਜਥੇ, ਛਬੀਲ ਜਥੇ, ਜੋੜਾ ਘਰ ਸੇਵਕ ਜਥੇ) ਨੂੰ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਸਮੂਹ ਖਾਲਸਾ ਸਕੂਲਾਂ/ਖਾਲਸਾ ਪਬਲਿਕ ਸਕੂਲਾਂ ਵਿਖੇ ਰਾਗਾਂ ‘ਤੇ ਆਧਾਰਿਤ ਕੀਰਤਨ ਸਿਖਾਉਣ ਵਾਲੇ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ।ਇਸ ਮੌਕੇ ‘ਤੇ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਸੰਗਤਾਂ ਨੂੰ ਨਾਮ ਸਿਮਰਨ ਕਰਵਾਇਆ।ਕਵੀ ਦਰਬਾਰ ਹੋਇਆ ਜਿਸ ਵਿੱਚ ਕਵੀਆਂ ਨੇ ਗੁਰੂ ਜੱਸ ਗਾਇਨ ਕੀਤਾ ਤੇ ਅੰਮ੍ਰਿਤ ਸੰਚਾਰ ਮੌਕੇ ਅਨੇਕਾਂ ਪ੍ਰਾਣੀ ਅੰਮ੍ਰਿਤ ਛੱਕਕੇ ਗੁਰੂ ਵਾਲੇ ਬਣੇ।ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ. ਪਰਮਜੀਤ ਸਿੰਘ ਰਾਣਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਦਸਮੇਸ਼ ਪਿਤਾ ਜੀ ਦੇ ਜੀਵਨ ‘ਤੇ ਉਨ੍ਹਾਂ ਵੱਲੋਂ ਪੰਥ ਨੂੰ ਦਿੱਤੀ ਅਦੁੱਤੀ ਦੇਣ ‘ਤੇ ਵਿਸਥਾਰ ਪੂਰਵਕ ਚਾਨਣਾ ਪਾਇਆ। ਜਬਰਦਸ਼ਤੀ ਕੀਤੇ ਜਾਣ ਵਾਲੇ ਧਰਮ ਪਰਿਵਰਤਨ ਨੂੰ ਵੀ ਰਾਣਾ ਨੇ ਗਲਤ ਠਹਿਰਾਇਆ।
ਇਸ ਮੌਕੇ ‘ਤੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਵਿੰਦਰ ਸਿੰਘ ਖੁਰਾਣਾ, ਸੀਨੀਅਰ ਮੈਂਬਰ ਜਥੇਦਾਰ ਅਵਤਾਰ ਸਿੰਘ ਹਿਤ, ਜਥੇਦਾਰ ਉਂਕਾਰ ਸਿੰਘ ਥਾਪਰ, ਸ. ਕੁਲਮੋਹਨ ਸਿੰਘ, ਸ. ਗੁਰਬਚਨ ਸਿੰਘ ਚੀਮਾ, ਸ. ਗੁਰਵਿੰਦਰਪਾਲ ਸਿੰਘ, ਸ. ਹਰਦੇਵ ਸਿੰਘ ਧਨੋਆ, ਸ. ਜਸਬੀਰ ਸਿੰਘ ਜੱਸੀ, ਸ. ਕੁਲਵੰਤ ਸਿੰਘ ਬਾਠ, ਜਥੇਦਾਰ ਸੁਰਜੀਤ ਸਿੰਘ ਚਾਂਦਨੀ ਚੌਂਕ, ਸ. ਦਰਸ਼ਨ ਸਿੰਘ, ਸ. ਪਰਮਜੀਤ ਸਿੰਘ ਚੰਢੋਕ, ਬੀਬੀ ਧੀਰਜ ਕੌਰ, ਸ. ਸਮਰਦੀਪ ਸਿੰਘ ਸੰਨੀ, ਸ. ਮਨਮੋਹਨ ਸਿੰਘ ਤੇ ਹੋਰ ਮੈਂਬਰਾਂ ਨੇ ਹਾਜ਼ਰੀਆਂ ਭਰੀਆ। ਰਾਤ ਨੂੰ ਸਮੂਹ ਇਤਿਹਾਸਕ ਗੁਰਦੁਆਰਿਆਂ ‘ਤੇ ਦੀਪਮਾਲਾ ਹੋਈ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media