ਅੰਮ੍ਰਿਤਸਰ, 15 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਦੀ ਕੈਮੀਕਲ ਸੋਸਾਇਟੀ ਵਲੋਂ ਪੰਜਾਬ ਰਾਜ
ਪਰਿਸ਼ਦ ਦੇ ਸਹਿਯੋਗ ਨਾਲ ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਵਾਤਾਵਰਣ ਸਿੱਖਿਆ ਪ੍ਰੋਗਰਾਮ ਤਹਿਤ ਤਖਨੀ ਫਾਰੈਸਟ ਰਿਜ਼ਰਵ ਹੁਸ਼ਿਆਰਪੁਰ ਵਿਖੇ ਨੇਚਰ ਕੈਂਪ ਲਗਾਇਆ ਗਿਆ।ਕੈਮਿਸਟਰੀ ਵਿਭਾਗ ਤੋਂ ਡਾ. ਨਿਵੇਦਿਤਾ ਚੌਧਰੀ ਅਤੇ ਡਾ. ਗੋਪਾਲ ਸਿੰਘ ਸਮੇਤ ਕੈਮਿਸਟਰੀ ਵਿਭਾਗ ਅਤੇ ਬੋਟੈਨੀਕਲ ਅਤੇ ਵਾਤਾਵਰਣ ਵਿਗਿਆਨ ਵਿਭਾਗ ਦੇ 48 ਪੋਸਟਗਰੈਜੂਏਟ ਕਰ ਰਹੇ ਵਿਦਿਆਰਥੀਆਂ ਨੇ ਭਾਗ ਲਿਆ।
ਪ੍ਰਸਿੱਧ ਟੈਕਸੋਨੋਮਿਸਟ ਅਤੇ ਵਾਤਾਵਰਣ ਮਾਹਿਰ ਵਰਿੰਦਰ ਕੁਮਾਰ ਨੇ ਵਿਦਿਆਰਥੀਆਂ ਨੂੰ ਖੇਤਰ ਦੇ ਔਸ਼ਧੀ ਪੌਦਿਆਂ ਬਾਰੇ ਵਿਸਥਾਰ ‘ਚ ਜਾਣਕਾਰੀ ਪ੍ਰਦਾਨ ਕਰਦਿਆਂ ਪੰਜਾਬ ਦੀਆਂ ਪੌਦਿਆਂ ਦੀਆਂ ਲੁਪਤ ਹੋ ਰਹੀਆਂ ਨਸਲਾਂ ਬਾਰੇ ਚਾਨਣਾ ਪਾਇਆ।ਉਨ੍ਹਾਂ ਛੋਟੇ ਵੀਡੀਓ ਰਾਹੀਂ ਕੁਦਰਤ ਅਤੇ ਕਲਾ ਦੇ ਆਪਸੀ ਰਿਸ਼ਤਿਆਂ ਬਾਰੇ ਵਿਚਾਰ ਸਾਂਝੇ ਕੀਤੇ।ਇਸ ਦੌਰਾਨ ਮਾਨਿਕ ਕਪੂਰ ਨੇ ਜੰਗਲੀ ਜੀਵ ਬਚਾਓ ਦੀਆਂ ਪੇਚੀਦਗੀਆਂ ਬਾਰੇ ਜਾਣੂ ਕਰਵਾਉਂਦਿਆਂ ਸੱਪਾਂ ਦੇ ਬਚਾਅ ਕਾਰਜ਼ਾਂ ਲਈ ਜ਼ਰੂਰੀ ਸਾਧਨਾਂ ਅਤੇ ਤਕਨੀਕਾਂ `ਤੇ ਜ਼ੋਰ ਦਿੱਤਾ।ਮਨੁੱਖ-ਸੱਪ ਦੇ ਟਕਰਾਅ ਨੂੰ ਘਟਾਉਣ ਵਿੱਚ ਉਨ੍ਹਾਂ ਦੀ ਵਿਸ਼ੇਸ਼ ਜਾਣਕਾਰੀ ਵਿਦਿਆਰਥੀਆਂ ਲਈ ਖਿੱਚ ਦਾ ਕੇਂਦਰ ਸੀ।ਉਹਨਾਂ ਵਿਹਾਰਕ ਹੁਨਰ, ਬਚਾਅ ਅਤੇ ਰੋਕਥਾਮ ਦੇ ਯਤਨਾਂ ਲਈ ਮਹੱਤਵਪੂਰਨ ਗਿਆਨ ਪ੍ਰਦਾਨ ਕੀਤਾ।ਕੈਂਪ ਦੇ ਦੂਜੇ ਦਿਨ ਸਮਾਪਤੀ ਸਮਾਰੋਹ ਵਿੱਚ ਬਲਾਕ ਅਫਸਰ ਚਰਨਜੀਤ ਸਿੰਘ ਨੇ ਸ਼ਿਰਕਤ ਕੀਤੀ ਅਤੇ ਭਾਗ ਲੈਣ ਵਾਲਿਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ।ਉਨ੍ਹਾਂ ਕੁਦਰਤ ਪ੍ਰਤੀ ਵਿਦਿਆਰਥੀਆਂ ਦੇ ਯਤਨਾਂ ਅਤੇ ਸਮਰਪਣ ਦੀ ਸ਼ਲਾਘਾ ਕੀਤੀ। ਡਾ. ਗੋਪਾਲ ਸਿੰਘ ਨੇ ਕੈਮੀਕਲ ਸੋਸਾਇਟੀ ਵੱਲੋਂ ਸਾਰੇ ਵਿਦਿਆਰਥੀਆਂ ਅਤੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਅਜਿਹੇ ਹੋਰ ਉਸਾਰੂ ਕੈਂਪ ਆਯੋਜਨ ਕਰਨ ਦਾ ਭਰੋਸਾ ਦਿੱਤਾ।
Check Also
ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ
ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …
Punjab Post Daily Online Newspaper & Print Media