Tuesday, June 17, 2025
Breaking News

`ਘਰ-ਘਰ ਮੁਫ਼ਤ ਰਾਸ਼ਨ` ਨਿਰਵਿਘਨ ਵੰਡ ਯਕੀਨੀ ਬਣਾਉਣ ਅਧਿਕਾਰੀ – ਡੀ.ਸੀ

ਡਿਪਟੀ ਕਮਿਸ਼ਨਰ ਨੇ ਮਾਡਲ ਫੇਅਰ ਪ੍ਰਾਈਜ਼ ਸ਼ਾਪ ਦਾ ਕੀਤਾ ਦੌਰਾ

ਅੰਮ੍ਰਿਤਸਰ, 18 ਫਰਵਰੀ (ਸੁਖਬੀਰ ਸਿੰਘ) – `ਘਰ ਘਰ ਮੁਫਤ ਰਾਸ਼ਨ` ਪਹਿਲਕਦਮੀ (ਸਕੀਮ) ਅਧੀਨ ਰਜਿਸਟਰਡ ਹਰੇਕ ਲਾਭਪਾਤਰੀ ਤੱਕ ਰਾਸ਼ਨ ਪਹੁੰਚਾਉਣ ਲਈ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਐਤਵਾਰ ਨੂੰ ਸਾਰੇ ਸਬ ਡਵੀਜ਼ਨਲ ਮਜਿਸਟਰੇਟਾਂ ਸਮੇਤ ਸਬੰਧਤ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਹਰੇਕ ਯੋਗ ਘਰ ਤੱਕ ਰਾਸ਼ਨ ਦੀ ਨਿਰਵਿਘਨ ਪਹੁੰਚ ਸਬੰਧੀ ਪੰਜਾਬ ਦੇ ਮੁੱਖ ਸਕੱਤਰ ਨਾਲ ਵੀਡੀਓ ਕਾਨਫਰੰਸਿੰਗ ਕਰਨ ਉਪਰੰਤ ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿੱਚ ਹਾਜ਼਼ਰ ਅਧਿਕਾਰੀਆਂ ਨੂੰ ਰਾਸ਼ਨ ਦੀ ਵੰਡ ਲਈ ਪੁਖਤਾ ਪ੍ਰਬੰਧ ਕਰਨ ਲਈ ਕਿਹਾ।ਉਨ੍ਹਾਂ ਦੱਸਿਆ ਕਿ ਇਸ ਸਮੇਂ ਜਿਲ੍ਹੇ ਵਿੱਚ ਇਸ ਸਕੀਮ ਅਧੀਨ 138777 ਰਾਸ਼ਨ ਕਾਰਡ ਹਨ।ਜਿਨ੍ਹਾਂ ਨੂੰ ਜਨਵਰੀ ਮਹੀਨੇ ਲਈ ਨਿਰਧਾਰਿਤ ਕਣਕ ਵੰਡੀ ਜਾ ਰਹੀ ਹੈ।ਇਹ ਯਕੀਨੀ ਬਣਾਇਆ ਜਾਵੇਗਾ ਕਿ ਸਕੀਮ ਅਧੀਨ ਰਜਿਸਟਰਡ ਸਾਰੇ ਲਾਭਪਾਤਰੀਆਂ ਨੂੰ ਰਾਸ਼ਨ ਮਿਲੇ।
ਉਨ੍ਹਾਂ ਇਸ ਸਕੀਮ ਨਾਲ ਜੁੜੇ ਸਾਰੇ ਵਿਭਾਗਾਂ ਨੂੰ ਰੋਜ਼ਾਨਾ ਪ੍ਰਗਤੀ ਰਿਪੋਰਟ ਸੌਂਪਣ ਦੇ ਨਿਰਦੇਸ਼ ਵੀ ਦਿੱਤੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦਸ਼ਾਂ ਅਨੁਸਾਰ ਸੂਬੇ ਵਿੱਚ ਹੋਮ ਡਲਿਵਰੀ ਦੇ ਪ੍ਰਬੰਧ ਕੀਤੇ ਜਾਣ ਤੋਂ ਬਾਅਦ ਲਾਭਪਾਤਰੀਆਂ ਨੂੰ ਡਿਪੂਆਂ `ਤੇ ਜਾਣ ਦੀ ਲੋੜ ਨਹੀਂ ਹੈ।
ਉਨ੍ਹਾਂ ਡੀ.ਐਫ.ਐਸ.ਸੀ ਸਰਤਾਜ ਸਿੰਘ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਇਸ ਸਕੀਮ ਨੂੰ ਪਾਰਦਰਸ਼ਤਾ ਅਤੇ ਇਮਾਨਦਾਰੀ ਨਾਲ ਲਾਗੂ ਕੀਤਾ ਜਾਵੇ ਅਤੇ ਕਿਸੇ ਨੂੰ ਵੀ ਪਹਿਲਾਂ ਵਾਂਗ ਰਾਸ਼ਨ ਲੈਣ ਲਈ ਡਿਪੂਆਂ ਤੱਕ ਨਾ ਜਾਣਾ ਪਵੇ।
ਡਿਪਟੀ ਕਮਿਸ਼ਨਰ ਥੋਰੀ ਨੇ ਕਿਹਾ ਕਿ ਜਿਲ੍ਹਾ ਖੁਰਾਕ ਸਪਲਾਈ ਅਤੇ ਕੰਟਰੋਲਰ ਅਤੇ ਜਿਲ੍ਹਾ ਮੈਨੇਜਰ ਮਾਰਕਫੈਡ ਗੁਰਪ੍ਰੀਤ ਸਿੰਘ ਸੰਧੂ ਨੂੰ ਵੰਡ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਤਾਂ ਜੋ ਸਾਰੇ ਲਾਭਪਾਤਰੀਆਂ ਨੂੰ ਸਮੇਂ ਸਿਰ ਰਾਸ਼ਨ ਮਿਲ ਸਕੇ।ਉਨਾਂ ਖੇਤਰੀ ਟਰਾਂਸਪੋਰਟ ਅਫ਼ਸਰ ਨੂੰ ਵਾਧੂ ਵਾਹਨ ਉਪਲੱਬਧ ਕਰਵਾਉਣ ਲਈ ਕਿਹਾ ਹੈ, ਤਾਂ ਜੋ ਟੀਮਾਂ ਵੰਡ ਦੀ ਸਮਾਂ-ਸੀਮਾ ਨੂੰ ਖੁੰਝੇ ਬਿਨਾਂ ਪੂਰੇ ਜਿਲ੍ਹੇ ਨੂੰ ਕਵਰ ਕਰ ਸਕਣ।
ਇਸ ਮਗਰੋਂ ਡਿਪਟੀ ਕਮਿਸ਼ਨਰ ਨੇ ਪਿੰਡ ਕਲੇਰ ਦੀ ਮਾਡਲ ਫੇਅਰ ਪ੍ਰਾਈਜ਼ ਸ਼ਾਪ ਦਾ ਦੌਰਾ ਕੀਤਾ ਅਤੇ ਉਥੇ ਰਾਸ਼ਨ ਵੰਡ ਦੀ ਪ੍ਰਕਿਰਿਆ ਵੇਖੀ ਤੇ ਲੋਕਾਂ ਨਾਲ ਗੱਲਬਾਤ ਵੀ ਕੀਤੀ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …