35 ਕਰੋੜ ਦੀ ਲਾਗਤ ਨਾਲ 66 ਤੋਂ 220 ਕੇ.ਵੀ ਬਣੇਗਾ – ਈ.ਟੀ.ਓ
ਅੰਮ੍ਰਿਤਸਰ, 21 ਫਰਵਰੀ (ਸੁਖਬੀਰ ਸਿੰਘ) – ਸਰਹੱਦੀ ਇਲਾਕਾ ਅਜਨਾਲਾ ਦਾ ਬਿਜਲੀ ਘਰ ਜੋ ਕਿ 1968 ਵਿੱਚ ਬਣਿਆ ਸੀ, ਦੀ 55 ਸਾਲ ਬਾਅਦ ਸਰਕਾਰ ਨੇ ਮੁੜ ਸੁਣੀ ਹੈ।ਹੁਣ ਇਹ ਬਿਜਲੀ ਘਰ 66 ਕੇ ਵੀ ਸਮਰੱਥਾ ਤੋਂ ਵੱਧ ਕੇ 220 ਕੇ ਵੀ ਹੋਣ ਜਾ ਰਿਹਾ ਹੈ, ਜਿਸ ਨਾਲ ਇਲਾਕੇ ਵਿਚ ਬਿਜਲੀ ਸਪਲਾਈ ਦਾ ਨਵਾਂ ਅਧਿਆਇ ਸ਼ੁਰੂ ਹੋਵੇਗਾ।ਅੱਜ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਕੁਲਦੀਪ ਸਿਘ ਧਾਲੀਵਾਲ ਦੀ ਹਾਜ਼ਰੀ ਵਿੱਚ ਇਸ ਬਿਜਲੀ ਘਰ ਨੂੰ ਅਪਗ੍ਰੇਡ ਕਰਨ ਦੀ ਸ਼ੁਰੂਆਤ ਕੀਤੀ।ਉਨਾਂ ਦੱਸਿਆ ਕਿ ਮੈਨੂੰ ਜਦੋਂ ਧਾਲੀਵਾਲ ਨੇ ਅਜਨਾਲਾ ਦੀ ਬਿਜਲੀ ਸਪਲਾਈ ਦੀ ਮੌਜ਼ੂਦਾ ਹਾਲਤ ਬਾਰੇ ਜਾਣੂ ਕਰਵਾਇਆ ਤਾਂ ਤੁਰੰਤ ਅਧਿਕਾਰੀਆਂ ਨੂੰ ਇਸ ਲਈ ਠੋਸ ਯੋਜਨਾ ਉਲੀਕਣ ਦੀ ਹਦਾਇਤ ਕੀਤੀ, ਜਿੰਨਾ ਨੇ ਇਸ ਬਿਜਲੀ ਘਰ ਦੀ ਸਮਰੱਥਾ ਵਧਾਉਣ ਦਾ ਪ੍ਰਸਤਾਵ ਦਿੱਤਾ, ਇਸ ਨੂੰ ਨਾਲ ਦੀ ਨਾਲ ਪਾਸ ਕਰ ਦਿੱਤਾ ਗਿਆ।ਉਨਾਂ ਕਿਹਾ ਕਿ ਹੁਣ ਲਗਭਗ 35 ਕਰੋੜ ਰੁਪਏ ਦੀ ਲਾਗਤ ਨਾਲ ਇਹ ਬਿਜਲੀ ਘਰ ਅਪਗ੍ਰੇਡ ਹੋਵੇਗਾ, ਜਿਸ ਨਾਲ ਅਜਨਾਲਾ ਤੋਂ ਇਲਾਵਾ ਚੱਕ ਡੋਗਰਾ, ਗੱਗੋਮਾਹਲ, ਡਿਆਲ ਭੜੰਗ ਦੇ ਬਿਜਲੀ ਘਰਾਂ ਤੋਂ ਚੱਲਦੇ 115 ਪਿੰਡਾਂ ਨੂੰ ਵੱਡਾ ਫਾਇਦਾ ਹੋਵੇਗਾ।ਉਨਾਂ ਕਿਹਾ ਕਿ ਇੰਨਾ ਪਿੰਡਾਂ ਨੂੰ ਪਹਿਲਾਂ ਬਿਜਲੀ ਸਪਲਾਈ ਫਤਿਹਗ਼ੜ ਚੂੜੀਆਂ ਤੋਂ ਹੁੰਦੀ ਸੀ, ਜੋ ਕਿ ਪਹਿਲਾਂ ਹੀ ਓਵਰਲੋਡ ਚੱਲ ਰਿਹਾ ਹੈ।ਇਸ ਤਰਾਂ ਇਸ ਬਿਜਲੀ ਘਰ ਦੇ ਅਪਗ੍ਰੇਡ ਹੋਣ ਨਾਲ ਦੋਵਾਂ ਕਸਬਿਆਂ ਨੂੰ ਫਾਇਦਾ ਹੋਵੇਗਾ।
ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇਸ ਵੱਡੇ ਸੁਧਾਰ ਲਈ ਬਿਜਲੀ ਮੰਤਰੀ ਹਰਭਜਨ ਸਿਘ ਈ.ਟੀ.ਓ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਕਿਹਾ ਕਿ ਸਾਡੀ ਮਾੜੀ ਬਿਜਲੀ ਸਪਲਾਈ ਕਾਰਨ ਸਾਡੀ ਗਰਮੀ ਔਖੀ ਨਿਕਲਦੀ ਸੀ, ਸਨਅਤ ਨੇ ਤਾਂ ਕੀ ਆਉਣਾ ਸੀ।ਉਨਾਂ ਕਿਹਾ ਕਿ ਬਿਜਲੀ ਸਪਲਾਈ ਦੀ ਮਾੜੀ ਸਪਲਾਈ ਕਾਰਨ ਸਾਡੇ ਹੋਰ ਸਨਅਤ ਤਾਂ ਕੀ ਲੱਗਣੀ ਸੀ, ਕੋਈ ਸ਼ੈਲਰ ਤੱਕ ਨਹੀਂ ਲੱਗਾ।ਉਨਾਂ ਕਿਹਾ ਕਿ ਹੁਣ 18 ਕਿਲੋਮੀਟਰ ਲੰਬੀ ਟਰਾਂਸਮਿਸ਼ਨ ਲਾਇਨ ਵੀ ਨਾਲ ਉਸਾਰੀ ਜਾਵੇਗੀ, ਜਿਸ ਨਾਲ ਬਿਜਲੀ ਸਪਲਾਈ ਵਿੱਚ ਸੁਧਾਰ ਹੋਵੇਗਾ ਅਤੇ ਰੋਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣ ਦੀ ਆਸ ਬਣੇਗੀ।
ਇਸ ਮੌਕੇ ਇੰਜੀਨੀਅਰ ਵਰਦੀਪ ਸਿੰਘ ਮੰਡੇਰ ਡਾਇਰੈਕਟਰ ਤਕਨੀਕ, ਇੰਜੀ. ਸਤਿੰਦਰ ਸ਼ਰਮਾ ਮੁੱਖ ਇੰਜੀ. ਬਾਰਡਰ ਜੋਨ, ਇੰਜੀ. ਸੰਦੀਵ ਸੂਦ ਸਮੇਤ ਹੋਰ ਸੀਨੀਅਰ ਅਧਿਕਾਰੀ ਤੇ ਮੋਹਤਬਰ ਵੀ ਹਾਜ਼ਰ ਸਨ।