Friday, July 5, 2024

ਡਿਪਟੀ ਕਮਿਸ਼ਨਰ ਵਲੋਂ ਸ਼ਹਿਰ ਦੇ ਵਪਾਰੀਆਂ ਅਤੇ ਸਨਅਤਕਾਰਾਂ ਨਾਲ ਮੀਟਿੰਗ

ਅੰਮ੍ਰਿਤਸਰ, 27 ਫਰਵਰੀ (ਸੁਖਬੀਰ ਸਿੰਘ) – ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਪੰਜਾਬ ਵਿੱਚ ਵਪਾਰੀਆਂ ਅਤੇ ਸਨਅਤਕਾਰਾਂ ਪੱਖੀ ਮਾਹੌਲ ਉਸਾਰਨ ਦੀ ਕੀਤੀ ਜਾ ਰਹੀ ਲਗਾਤਾਰ ਕੋਸ਼ਿਸ਼ ਦੇ ਮੱਦੇਨਜ਼ਰ ਅੱਜ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ, ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਸ਼ਹਿਰ ਦੀਆਂ ਸਾਰੀਆਂ ਕਾਰੋਬਾਰੀ ਜੱਥੇਬੰਦੀਆਂ ਨਾਲ ਵਿਸਥਾਰਪੂਰਵਕ ਮੀਟਿੰਗ ਕੀਤੀ, ਜਿਨਾਂ ਵਿੱਚ ਸਨਅਤਕਾਰ ਅਤੇ ਵਪਾਰੀਆਂ ਦੀਆਂ ਪ੍ਰਮੁੱਖ ਐਸੋਸੀਏਸ਼ਨਾਂ ਸ਼ਾਮਲ ਸਨ।
ਡਿਪਟੀ ਕਮਿਸ਼ਨਰ ਥੋਰੀ ਨੇ ਕਾਰੋਬਾਰੀਆਂ ਨੂੰ ਕਿਹਾ ਕਿ ਉਹ ਜਿਲ੍ਹੇ ਪੱਧਰ ਤੇ ਹੋਣ ਵਾਲੇ ਕੰਮਾਂ ਸਬੰਧੀ ਵੇਰਵੇ ਸਾਡੇ ਨਾਲ ਸਾਂਝੇ ਕਰਨ ਤਾਂ ਜੋ ਉਨਾਂ ਦਾ ਤੁਰੰਤ ਹੱਲ ਕੱਢਿਆ ਜਾਵੇ।ਉਨਾਂ ਕਿਹਾ ਕਿ ਉਹ ਚਾਹੁਣਗੇ ਕਿ ਸ਼ਹਿਰ ਦੇ ਸਾਰੇ ਕਾਰੋਬਾਰੀਆਂ ਨਾਲ ਹਰ ਮਹੀਨੇ ਮੀਟਿੰਗ ਕੀਤੀ ਜਾਵੇ।ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਵਪਾਰੀਆਂ ਅਤੇ ਕਾਰੋਬਾਰੀਆਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਪੁਲਿਸ ਤੁਹਾਡੀ ਸਹਾਇਤਾ ਅਤੇ ਸੁਰੱਖਿਆ ਲਈ ਹਰ ਵੇਲੇ ਤਿਆਰ ਹੈ। ਉਨਾਂ ਕਿਹਾ ਕਿ ਲਗਾਤਾਰ ਅਪਰਾਧੀ ਬਿਰਤੀ ਲੋਕਾਂ `ਤੇ ਸਿਕੰਜ਼ਾ ਕੱਸਿਆ ਜਾ ਰਿਹਾ ਹੈ ਅਤੇ ਲਗਾਤਾਰ ਗ੍ਰਿਫਤਾਰੀਆਂ ਜਾਰੀ ਹਨ।ਫੋਕਲ ਪੁਆਇੰਟ ਵਿੱਚ ਗਸ਼ਤ ਲਈ ਦੋ ਮੋਟਰਸਾਈਕਲ ਪੈਟਰੋਲਿੰਗ ਪਾਰਟੀਆਂ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਜਲਦੀ ਹੀ ਨਿਊ ਫੋਕਲ ਪੁਆਇੰਟ ਲਈ ਗਸ਼ਤ ਪਾਰਟੀਆਂ ਤਾਇਨਾਤ ਕੀਤੀਆਂ ਜਾਣਗੀਆਂ।ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਗੁਰੂ ਬਾਜ਼ਾਰ ਵਿੱਚ ਸੁਰੱਖਿਆ ਦਸਤੇ ਵਧਾਏ ਗਏ ਹਨ।ਵਪਾਰੀ ਐਸੋਸੀਏਸ਼ਨ ਨੇ ਪੁਲਿਸ ਕਮਿਸ਼ਨਰ ਵਲੋਂ ਬੀਤੇ ਦਿਨੀ ਇੱਕ ਕਰੋੜ ਰੁਪਏ ਮਾਲ ਦੀ ਕੀਤੀ ਚੋਰੀ ਵਿੱਚ ਵਿਖਾਈ ਮੁਸਤੈਦੀ ਲਈ ਧੰਨਵਾਦ ਕੀਤਾ, ਜਿਸ ਸਦਕਾ ਪੁਲਿਸ ਨੇ ਵੱਡੀ ਰਿਕਵਰੀ ਵੀ ਕੀਤੀ ਹੈ।
ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਸ਼ਹਿਰ ਵਿੱਚ ਸਫ਼ਾਈ ਤੇ ਸੀਵਰੇਜ ਦੇ ਮੁੱਦੇ `ਤੇ ਕਿਹਾ ਕਿ ਂ ਸਫ਼ਾਈ ਲਈ ਨਵੀਆਂ ਟਰਾਲੀਆਂ ਟ੍ਰੈਕਟਰ ਲਗਾਏ ਹਨ, ਜਿਨਾਂ ਦੀ ਗਿਣਤੀ ਲਗਾਤਾਰ ਵਧਾਈ ਜਾਵੇਗੀ।ਉਨਾਂ ਕਿਹਾ ਕਿ ਇਸ ਮਸਲੇ `ਤੇ ਉਹ ਵਿਭਾਗ ਦੇ ਸਕੱਤਰ ਨਾਲ ਵੀ ਲਗਾਤਾਰ ਤਾਲਮੇਲ ਰੱਖ ਰਹੇ ਹਨ ਅਤੇ ਇਸ ਦਾ ਸਥਾਈ ਹੱਲ ਕੀਤਾ ਜਾਵੇਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨਿਕਾਸ ਕੁਮਾਰ, ਪਿਆਰੇ ਲਾਲ ਸੇਠ, ਆਪ ਦੇ ਵਪਾਰ ਵਿੰਗ ਕੁਆਰਡੀਨੇਟਰ ਗੁਰਪ੍ਰੀਤ ਸਿੰਘ ਕਟਾਰੀਆ, ਸਮੀਰ ਜੈਨ, ਵਜੀਰ ਦੁੱਗਲ, ਧੀਰਜ਼ ਕਾਕੜੀਆ, ਗਿੰਨੀ ਭਾਟੀਆ ਅਤੇ ਹੋਰ ਕਾਰੋਬਾਰੀ ਹਾਜ਼ਰ ਸਨ।

 

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …