ਅੰਮ੍ਰਿਤਸਰ, 1 ਮਾਰਚ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਵਲੋਂ ਰਾਜ ਵਿੱਚ ਸੈਰ ਸਪਾਟਾ ਸਨਅਤ ਨੂੰ ਉਤਸ਼ਾਹਿਤ ਕਰਨ ਦੇ ਇਰਾਦੇ ਨਾਲ ਅੰਮ੍ਰਿਤਸਰ ਵਿੱਚ ਪਹਿਲੀ ਵਾਰ ਕਰਵਾਇਆ ਗਿਆ ਰੰਗਲਾ ਪੰਜਾਬ ਮੇਲਾ ਕੱਲ ਆਪਣੀਆਂ ਸ਼ਿਖਰਾਂ ਨੂੰ ਛੂੰਹਦਾ ਹੋਇਆ ਅਗਲੇ ਸਾਲ ਮੁੜ ਮਿਲਣ ਦੇ ਵਾਅਦੇ ਨਾਲ ਸਮਾਪਤ ਹੋ ਗਿਆ।ਇਸ ਮੇਲੇ ਵਿੱਚ ਜਿਥੇ ਲਗਾਤਾਰ ਸੱਤ ਦਿਨ ਪੰਜਾਬ ਦੇ ਨਾਮਵਰ ਗਾਇਕਾਂ ਨੇ ਆਪਣੀ ਕਲਾ ਦੇ ਜੌਹਰ ਵਿਖਾਏ, ਉਥੇ ਫੂਡ ਸਟਰੀਟ ਵਿੱਚ ਵੱਖ-ਵੱਖ ਰਾਜਾਂ ਤੋਂ ਆਏ ਲੋਕਾਂ ਨੇ ਅੰਮ੍ਰਿਤਸਰੀ ਖਾਣੇ ਦਾ ਸਵਾਦ ਚੱਖਿਆ।
ਹੈਰੀਟੇਜ਼ ਸਟਰੀਟ ਵਿੱਚ ਸੇਵਾ ਨੂੰ ਉਤਸ਼ਾਹਿਤ ਕਰਨ ਦੇ ਇਰਾਦੇ ਨਾਲ ਸ਼ੁਰੂ ਕੀਤੇ ਗਏ ਦਾਨ ਅਤੇ ਸੇਵਾ ਦੇ ਉਦਮ ਨੂੰ ਅੰਮ੍ਰਿਤਸਰੀਆਂ ਨੇ ਭਰਵਾਂ ਪਿਆਰ ਦਿੱਤਾ।ਅੰਮ੍ਰਿਤਸਰ ਦੀਆਂ ਕੰਧਾਂ ‘ਤੇ ਪੰਜਾਬੀ ਸੱਭਿਆਚਾਰ ਦੀ ਤਰਜ਼ਮਾਨੀ ਕਰਦੀਆਂ ਬੋਲੀਆਂ, ਗੀਤ ਅਤੇ ਪੇਂਟਿੰਗ ਨੂੰ ਰਾਹਗੀਰਾਂ ਨੇ ਬਹੁਤ ਸਲਾਹਿਆ।ਇਸ ਦੌਰਾਨ ਗਿੰਨੀਜ਼ ਬੁੱਕ ਵਿੱਚ ਵਰਲਡ ਰਿਕਾਰਡ ਬਣਾਉਂਦਾ ਹੋਇਆ ਵੱਡਾ ਪਰੌਂਠਾ ਵੀ ਬਣਾਇਆ ਗਿਆ ਅਤੇ ਪੰਜਾਬੀ ਸਾਹਿਤ ਦੇ ਕਈ ਪਹਿਲੂਆਂ ‘ਤੇ ਵਿਦਵਾਨਾਂ ਨੇ ਚਰਚਾ ਵੀ ਕੀਤੀ।
ਅੰਮ੍ਰਿਤਸਰ ਦੇ ਸਮਰ ਪੈਲਸ ਉਪਰ ਰੌਸ਼ਨੀ ਅਤੇ ਆਵਾਜ਼ ਦਾ ਬੇਜੋੜ ਸੰਗਮ ਜੋ ਕਿ ਪੰਜਾਬ ਦੇ ਇਤਿਹਾਸ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਉਤੇ ਕੇਂਦਰਿਤ ਸ਼ੋਅ ਹੈ, ਸਥਾਈ ਤੌਰ ਉਤੇ ਚਾਲੂ ਕਰ ਦਿੱਤਾ ਗਿਆ, ਜੋ ਕਿ ਕਈ ਸਾਲਾਂ ਤੱਕ ਪੰਜਾਬੀਆਂ ਦੇ ਇਤਿਹਾਸ ਉਤੇ ਚਾਨਣਾ ਪਾਉਂਦਾ ਰਹੇਗਾ।
ਸਰੀਰ ਨੂੰ ਰਿਸ਼ਟ ਪੁਸ਼ਟ ਰੱਖਣ ਦਾ ਸੰਦੇਸ਼ ਦੇਣ ਲਈ ਬੀ.ਐਸ.ਐਫ ਦੇ ਸਹਿਯੋਗ ਨਾਲ ਪੰਜ਼ ਕਿਲੋਮੀਟਰ ਤੋਂ ਲੈ ਕੇ ਮੈਰਾਥਨ ਦੌੜ ਕਰਵਾਈਆਂ ਗਈਆਂ, ਜਿਸ ਵਿੱਚ ਹਜ਼ਾਰਾਂ ਅਥਲੀਟਾਂ ਨੇ ਭਾਗ ਲਿਆ।
ਪ੍ਰੋਗਰਾਮ ਦੀ ਸਮਾਪਤੀ ਮੌਕੇ ਵਿਭਾਗ ਦੇ ਵਧੀਕ ਡਾਇਰੈਕਟਰ ਰਾਕੇਸ਼ ਪੋਪਲੀ, ਕਾਰਪੋਰੇਸ਼ਨ ਦੇ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ, ਪੁੱਡਾ ਦੇ ਵਧੀਕ ਪ੍ਰਸ਼ਾਸ਼ਕ ਰਜਤ ਉਬਰਾਏ ਅਤੇ ਐਕਸੀਅਨ ਭੁਪਿੰਦਰ ਸਿੰਘ ਚਾਨਾ ਸਮੇਤ ਕਈ ਸੀਨੀਅਰ ਅਧਿਕਾਰੀਆਂ ਨੇ ਮੇਲੇ ਵਿੱਚ ਸ਼ਿਰਕਤ ਕੀਤੀ ਅਤੇ ਮੇਲੇ ਨੂੰ ਮਿਲੇ ਸਹਿਯੋਗ ਲਈ ਸ਼ਹਿਰ ਵਾਸੀਆਂ ਅਤੇ ਕਰਮਚਾਰੀਆਂ ਦਾ ਧੰਨਵਾਦ ਕੀਤਾ।