ਅੰਮ੍ਰਿਤਸਰ, 9 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸੰਸਥਾ ਨਾਦ ਪ੍ਰਗਾਸੁ ਵੱਲੋਂ ਪੰਜਾਬੀ ਸਾਹਿਤ ਨਾਲ ਜੁੜੀਆਂ ਪ੍ਰਸਿੱਧ ਸ਼ਖਸ਼ੀਅਤਾਂ ਨਾਲ ਸਾਹਿਤਕ ਮਿਲਣੀ
ਸੰਬੰਧਤ ਮਹੀਨਾਵਾਰ ਪ੍ਰੋਗਰਾਮ ਸਿਰਜਣ ਪ੍ਰਕਿਰਿਆ ਦੇ 15ਵੇਂ ਭਾਗ ਦਾ ਆਯੋਜਨ ਕੀਤਾ ਗਿਆ।ਸੰਸਥਾ ਵੱਲੋਂ ਅੱਜ ਦੇ ਇਸ ਪ੍ਰੋਗਰਾਮ ਵਿੱਚ ਪੰਜਾਬੀ ਸਾਹਿਤ ਦੇ ਸ਼ਰੋਮਣੀ ਕਵੀ ਮੋਹਨਜੀਤ ਨੂੰ ਸਰੋਤਿਆਂ ਦੇ ਰੂ-ਬ-ਰੂ ਕਰਵਾਇਆ ਗਿਆ।ਜਿਸ ਵਿੱਚ ਉਨ੍ਹਾਂ ਇੱਕ ਲੇਖਕ ਦੇ ਤੌਰ ‘ਤੇ ਸਿਰਜਣਾ ਅਤੇ ਉਸਦੀ ਪੇਸ਼ਕਾਰੀ ਬਾਬਤ ਆਪਣੇ ਜੀਵਨ-ਅਨੁਭਵ ਨੂੰ ਸਾਂਝਾ ਕੀਤਾ।ਮੋਹਨਜੀਤ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਬਚਪਨ ਦੀ ਸਿਮ੍ਰਤੀਆਂ ਤੋਂ ਕੀਤੀ, ਉਨ੍ਹਾਂ ਆਪਣੇ ਸਾਹਿਤਕ-ਜੀਵਨ, ਸਫ਼ਰ ਅਤੇ ਮੁਲਾਕਾਤਾਂ ਵਿਸ਼ੇਸ਼ ਕਰਕੇ ਵਿਧਾਤਾ ਸਿੰਘ ਤੀਰ, ਅੰਮ੍ਰਿਤਾ ਪ੍ਰੀਤਮ ਅਤੇ ਹਰਿਭਜਨ ਸਿੰਘ ਨਾਲ ਸੰਬੰਧਤ ਮਿਲਣੀਆਂ ਦਾ ਜ਼ਿਕਰ ਕਰਦਿਆਂ ਆਪਣੇ ਸਿਰਜਣ-ਯਾਤਰਾ ਬਾਰੇ ਅਨੁਭਵ ਸਾਂਝਾ ਕੀਤਾ।ਉਨ੍ਹਾਂ ਕਿਹਾ ਕਿ ਮੇਰੇ ਲਈ ਪਿਆਰ ਕਰਨਾ ਹੀ ਕਵਿਤਾ ਹੈ ਅਤੇ ਕਵਿਤਾ ਹੀ ਪਿਆਰ ਹੈ।ਮੇਰੇ ਲਈ ਇਕੱਲਤਾ ਦਾ ਵਿਚਾਰ ਕਾਵਿ-ਅਨੁਭਵ ਲਈ ਲਾਜ਼ਮੀ ਤੱਥ ਹੈ। ਕਵੀ ਨੂੰ ਪਰੰਪਰਾ ਅਤੇ ਸਭਿਆਚਾਰਕ ਜੀਵਨ ਵਿੱਚ ਮਿਲਦੇ ਤੱਥਾਂ ਦੀ ਸਮਝ ਕਾਇਮ ਕਰਨ ਲਈ ਪੜ੍ਹਤ ਨੂੰ ਹੋਰ ਵਿਸ਼ਾਲ ਕਰਨਾ ਚਾਹੀਦਾ ਹੈ, ਕਾਵਿ-ਚੇਤਨਾ ਲਈ ਤਾਂ ਮੱਥੇ ਦੇ ਤੇਜ਼ ਨਾਲ ਵਸਤਾਂ ਦੇ ਅਰਥ ਬਦਲ ਜਾਂਦੇ ਹਨ। ਉਨ੍ਹਾਂ ਦੇ ਭਾਸ਼ਣ ਤੋਂ ਬਾਅਦ ਪੋ੍ਰਗਰਾਮ ਦੇ ਦੂਸਰੇ ਪੜਾਅ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ ਹੈ ਜਿਸ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਵੱਖ-ਵੱਖ ਭਾਗਾਂ ਤੋਂ ਯੁਵਾ ਕਵੀਆਂ ਨੇ ਭਾਗ ਲਿਆ।ਜਿਸ ਵਿੱਚ ਸੁਮਿਤ, ਕੋਮਲ, ਕੋਮਲਪ੍ਰੀਤ ਸਿੰਘ, ਜਗਸੀਰ ਸਿੰਘ, ਗੁਰਦਿਆਲ ਸਿੰਘ, ਅਤੇ ਅਰਸ਼ਦੀਪ ਸਿੰਘ ਆਦਿ ਕਵੀਆਂ ਨੇ ਆਪਣੀ ਕਵਿਤਾਵਾਂ ਨਾਲ ਸ੍ਰੋਤਿਆਂ ਨੂੰ ਮੰਤਰ-ਮੁਗਧ ਕੀਤਾ।ਇਸ ਮੌਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਡਾ. ਸੁਖਵਿੰਦਰ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਕੰਵਲਪ੍ਰੀਤ ਸਿੰਘ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿਲੀ ਤੋਂ ਲਖਵੀਰ ਸਿੰਘ, ਜਾਮੀਆ ਮਿਲੀਆ ਇਸਲਾਮੀਆ ਨਵੀਂ ਦਿੱਲੀ ਤੋਂ ਜਸਵਿੰਦਰ ਸਿੰਘ ਅਤੇ ਦਿੱਲੀ ਯੂਨੀਵਰਸਿਟੀ, ਨਵੀਂ ਦਿੱਲੀ ਤੋਂ ਇਮਰਤਪਾਲ ਸਿੰਘ ਵੀ ਹਾਜ਼ਰ ਸਨ।
ਸੰਸਥਾ ਵੱਲੋਂ ਪੋ੍ਰਫੈਸਰ ਜਗਦੀਸ਼ ਸਿੰਘ ਨੇ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ‘ਤੇ ਮੋਹਨਜੀਤ ਅਤੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੋਹਨਜੀਤ ਦੁਆਰਾ ਜਿਸ ਇੱਕਲਤਾ ਨੂੰ ਵਿਸ਼ੇਸ਼ ਤੌਰ ‘ਤੇ ਸੰਕਲਪ ਵਜੋਂ ਉਭਾਰਿਆ ਗਿਆ ਹੈ, ਇਸ ਨੂੰ ਅਸਤਿਤਵੀ ਅਰਥਾਂ ਵਿੱਚ ਅਜਨਬੀਪਣ ਦੀ ਸਮਸਿਆ ਦੀ ਥਾਂ ਸਬਲਾਈਮ, ਉਦਾਤਮਈ ਇਕਾਂਤ ਮੰਨਣਾ ਚਾਹੀਦਾ ਹੈ, ਜੋ ਕਾਵਿ-ਚੇਤਨਾ ਸਮਾਜਿਕ ਜੀਵਨ ਤੋਂ ਪਾਰਲੇ ਅਨੁਭਵ ਕਾਰਨ ਅਨੁਭਵ ਕਰ ਰਹੀ ਹੁੰਦੀ ਹੈ।
ਮੰਚ ਸੰਚਾਲਨ ਰਾਜਵੀਰ ਕੌਰ, ਖੋਜਾਰਥੀ ਨਾਦ ਪ੍ਰਗਾਸੁ ਸ੍ਰੀ ਅੰਮ੍ਰਿਤਸਰ ਨੇ ਕੀਤਾ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਦਿਲ ਦਿਵਸ-2026 ਮਨਾਇਆ ਗਿਆ
ਅੰਮ੍ਰਿਤਸਰ, 23 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਦਿਲ ਦੀ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ …
Punjab Post Daily Online Newspaper & Print Media