Saturday, December 21, 2024

ਭਾਰਤ ਚੋਣ ਕਮਿਸ਼ਨ ਦੇ ਹਦਾਇਤਾਂ ਅਨੁਸਾਰ ਪ੍ਰਿੰਟਿੰਗ ਪ੍ਰੈਸਾਂ ਛਾਪਣ ਸਮੱਗਰੀ – ਜਿਲ੍ਹਾ ਚੋਣ ਅਫ਼ਸਰ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਜਿਲ੍ਹਾ ਚੋਣ ਅਫਸਰ ਘਣਸ਼ਾਮ ਥੋਰੀ ਨੇ ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਿਟਿੰਗ ਪ੍ਰੈਸਾਂ, ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਬੈਂਕ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਚੋਣ ਜ਼ਾਬਤੇ ਬਾਬਤ ਵਿਸਥਾਰ ਵਿਚ ਜਾਣੂ ਕਰਵਾਉਂਦੇ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਯਕੀਨੀ ਬਨਾਉਣ ਦੀ ਹਦਾਇਤ ਕੀਤੀ।ਉਨਾਂ ਕਿਹਾ ਕਿ ਕੋਈ ਵੀ ਧਿਰ ਹਦਾਇਤਾਂ ਦੀ ਉਲੰਘਣਾ ਨਾ ਕਰੇ।ਖਰਚਾ ਨਿਯਮਾਂ ਵਿੱਚ ਰਹਿ ਕੇ ਕੀਤਾ ਜਾਵੇ ਅਤੇ ਚੋਣਾਂ ਦੌਰਾਨ ਕਿਸੇ ਵੀ ਉਮੀਦਵਾਰ ਜਾਂ ਪਾਰਟੀ ਦੇ ਲਈ ਪ੍ਰਚਾਰ ਸਮੱਗਰੀ ਦੀ ਪ੍ਰਕਾਸ਼ਨਾ ਮੌਕੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ।
ਉਨਾਂ ਨੇ ਦੱਸਿਆ ਕਿ ਲੋਕ ਨੁਮਾਇੰਦਗੀ ਐਕਟ 1951 ਦੀ ਧਾਰਾ 127 ਏ ਤਹਿਤ ਕੋਈ ਵੀ ਵਿਅਕਤੀ ਚੋਣਾਂ ਨਾਲ ਸਬੰਧਤ ਪੈਫਲਟ ਜਾਂ ਪੋਸਟਰ ਤਦ ਤੱਕ ਪ੍ਰਕਾਸ਼ਿਤ ਨਹੀਂ ਕਰੇਗਾ।ਜਦ ਤੱਕ ਉਸ ਤੇ ਪ੍ਰਿੰਟਰ ਅਤੇ ਪਬਲਿਸ਼ਰ ਦਾ ਨਾਮ ਅਤੇ ਪਤਾ ਦਰਜ਼ ਨਾ ਹੋਵੇ।ਇਸੇ ਤਰ੍ਹਾਂ ਪ੍ਰਕਾਸ਼ਕ ਵਲੋਂ ਇਕ ਨਿਰਧਾਰਤ ਫਾਰਮ ਵਿੱਚ ਘੋਸਣਾ ਪੱਤਰ ਲਿਆ ਜਾਵੇਗਾ ਜੋ ਕਿ ਦੋ ਪਰਤਾਂ ਵਿੱਚ ਪ੍ਰਿੰਟਰ ਨੂੰ ਹਸਤਾਖਰ ਕਰਕੇ ਦੇਵੇਗਾ।ਜਿਸ ‘ਤੇ ਦੋ ਗਵਾਹਾਂ ਦੇ ਹਸਤਾਖਰ ਵੀ ਹੋਣ। ਪ੍ਰਕਾਸ਼ਨਾ ਤੋਂ ਤੁਰੰਤ ਬਾਅਦ ਪ੍ਰਿੰਟਰ ਛਾਪੀ ਗਈ ਸਮੱਗਰੀ ਅਤੇ ਪ੍ਰਕਾਸ਼ਕ ਦੇ ਘੋਸ਼ਣਾ ਪੱਤਰ ਨੂੰ ਜਿਲ੍ਹਾ ਮੈਜਿਸਟਰੇਟ ਦੇ ਦਫਤਰ ਵਿੱਚ ਜਮਾਂ ਕਰਵਾਏਗਾ।ਇਨ੍ਹਾਂ ਹਦਾਇਤਾਂ ਦੀ ਉਲਘੰਣਾ ਕਰਨ ਤੇ 6 ਮਹੀਨੇ ਦੀ ਕੈਦ ਜਾਂ 2000/- ਰੁਪਏ ਤੱਕ ਜ਼ੁਰਮਾਨਾ ਜਾਂ ਦੋਨੋਂ ਅਤੇ ਪ੍ਰਿੰਟਰ ਦਾ ਲਾਇਸੰਸ ਵੀ ਰੱਦ ਹੋ ਸਕਦੇ ਹਨ।
ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਚੋਣਾਂ ਦੌਰਾਨ ਅਨਜਾਣ ਲੋਕਾਂ ਦੇ ਨਾਮ ਤੇ ਉਮੀਦਵਾਰ ਜਾਂ ਪਾਰਟੀਆਂ ਲਈ ਇਸ਼ਤਿਹਾਰਬਾਜ਼ੀ ਕੀਤੀ ਜਾਂਦੀ ਹੈ ਜੋ ਕਿ ਕਾਨੂੰਨ ਦੇ ਉਲਟ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਪਾਰਟੀ ਜਾਂ ਉਮੀਦਵਾਰ ਵੱਲੋਂ ਪਿਰੰਟ ਮੀਡੀਆ ਜਾਂ ਹੋਰ ਕਿਸੇ ਤਰੀਕੇ ਨਾਲ ਕੀਤੀ ਗਈ ਇਸ਼ਤਿਹਾਰਬਾਜ਼ੀ ਦਾ ਖਰਚਾ ਲੋਕ ਨੁਮਾਇੰਦੀ ਐਕਟ 1951 ਦੀ ਧਾਰਾ 77(1) ਤਹਿਤ ਸਬੰਧਤ ਉਮੀਦਵਾਰ ਦੇ ਚੋਣ ਖਰਚ ਵਿੱਚ ਬੁੱਕ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਉਮੀਦਵਾਰ ਦੀ ਪ੍ਰਵਾਨਗੀ ਨਾਲ ਇਸ਼ਤਿਹਾਰ ਛੱਪੇਗਾ ਤਾਂ ਉਸ ਦਾ ਖਰਚਾ ਉਮੀਦਵਾਰ ਦੇ ਚੋਣ ਖਰਚੇ ਵਿੱਚ ਜੋੜ ਦਿੱਤਾ ਜਾਵੇਗਾ ਪਰ ਜੇਕਰ ਉਮੀਦਵਾਰ ਦੀ ਪ੍ਰਵਾਨਗੀ ਤੋਂ ਬਿਨਾਂ ਕੋਈ ਇਸ਼ਤਿਹਾਰਬਾਜ਼ੀ ਕਰੇਗਾ ਤਾਂ ਧਾਰਾ 171 ਐੱਚ ਤਹਿਤ ਪ੍ਰਕਾਸ਼ਕ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਉਨਾਂ ਨੇ ਬੈਂਕਰਾਂ ਨੂੰ ਹਦਾਇਤ ਕੀਤੀ ਕਿ ਇਕ ਲੱਖ ਰੁਪਏ ਤੋਂ ਵੱਧ ਨਗਦੀ ਕਢਵਾਉਣ ਤੇ ਜਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਵੇ।ਇਸੇ ਤਰਾਂ ਕੈਸ਼ ਵੈਨਾਂ ਦੀ ਜਾਂਚ ਵੀ ਲਗਾਤਾਰ ਕੀਤੀ ਜਾਵੇ।ਰਾਜਸੀ ਪਾਰਟੀਆਂ ਵੀ ਇਕ ਲੱਖ ਰੁਪਏ ਤੋਂ ਵੱਧ ਨਗਦੀ ਬੈਂਕ ਵਿੱਚੋਂ ਕਢਵਾਉਣ ‘ਤੇ ਚੋਣ ਅਮਲੇ ਨੂੰ ਸੂਚਿਤ ਕਰਨ।ਉਨਾਂ ਉਮੀਦਾਵਰਾਂ ਨੂੰ ਵੋਟ ਖਰਚ ਲਈ ਵੱਖਰਾ ਬੈਂਕ ਖਾਤੇ ਖੁਲਵਾਉਣ ਦੀ ਹਦਾਇਤ ਕੀਤੀ ਅਤੇ ਨਾਲ ਹੀ ਦੱਸਿਆ ਕਿ 20 ਹਜ਼ਾਰ ਰੁਪਏ ਤੋਂ ਵੱਧ ਦਾ ਖਰਚਾ ਨਗਦ ਪੈਸੇ ਨਾਲ ਨਾ ਕੀਤਾ ਜਾਵੇ।ਇਸੇ ਦੌਰਾਨ ਉਨਾਂ ਠੇਕੇਦਾਰਾਂ ਨੂੰ ਸ਼ਰਾਬ ਦੀ ਵਿਕਰੀ ‘ਤੇ ਨਜ਼ਰ ਰੱਖਣ ਅਤੇ ਜ਼ਿਆਦਾ ਮੰਗ ਦੀ ਸੂਚਨਾ ਐਕਸਾਈਜ਼ ਵਿਭਾਗ ਨੂੰ ਦੇਣ ਦੀ ਹਦਾਇਤ ਵੀ ਕੀਤੀ।ਇਸ ਮੌਕੇ ਵਧੀਕ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਜੋਤੀ ਬਾਲਾ, ਵਧੀਕ ਡਿਪਟੀ ਕਮਿਸ਼ਨਰ ਨਿਕਾਸ ਕੁਮਾਰ ਤੇ ਹੋਰ ਅਧਿਕਾਰੀ ਹਾਜ਼ਰ ਸਨ।

Check Also

ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …