Saturday, May 24, 2025
Breaking News

ਅੰਮ੍ਰਿਤਸਰ ‘ਚ ਇਸ ਵਾਰ 19.68 ਲੱਖ ਵੋਟਰ ਆਪਣੇ ਵੋਟ ਹੱਕ ਦੀ ਕਰਨਗੇ ਵਰਤੋਂ- ਡਿਪਟੀ ਕਮਿਸ਼ਨਰ

7 ਮਈ ਤੋਂ ਹੋਵੇਗੀ ਨਾਮਜ਼ਦਗੀਆਂ ਦੀ ਸ਼ੁਰੂਆਤ ਤੇ ਵੋਟਾਂ ਪੈਣਗੀਆਂ 1 ਜੂਨ ਨੂੰ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਧਿਕਾਰੀ ਘਣਸ਼ਾਮ ਥੋਰੀ ਨੇ ਲੋਕ ਸਭਾ ਚੋਣਾਂ ਬਾਰੇ ਕੀਤੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਦੱਸਿਆ ਕਿ ਇਸ ਵਾਰ ਅੰਮ੍ਰਿਤਸਰ ਜਿਲ੍ਹੇ ਵਿੱਚ 1967466 ਵੋਟਰ ਆਪਣੇ ਵੋਟ ਹੱਕ ਦੀ ਵਰਤੋਂ ਕਰਨਗੇ।ਉਨਾਂ ਦੱਸਿਆ ਕਿ ਵੋਟਾਂ ਬਨਾਉਣ ਦਾ ਕੰਮ ਨਾਮਜ਼ਦਗੀਆਂ ਤੋਂ ਸੱਤ ਦਿਨ ਪਹਿਲਾਂ ਤੱਕ ਜਾਰੀ ਰਹੇਗਾ।ਪਰ ਵੋਟ ਕੱਟਣ ਦਾ ਕੰਮ ਹੁਣ ਬੰਦ ਕਰ ਦਿੱਤਾ ਗਿਆ ਹੈ।ਉਨਾਂ ਦੱਸਿਆ ਕਿ ਪੰਜਾਬ ਵਿੱਚ ਵੋਟਾਂ ਆਖਰੀ ਗੇੜ ਵਿੱਚ ਹੋਣ ਕਾਰਨ ਵੋਟਾਂ ਲਈ ਨਾਮਜ਼ਦਗੀਆਂ ਭਰਨ ਦਾ ਕੰਮ 7 ਮਈ ਤੋਂ ਸ਼ੁਰੂ ਹੋਵੇਗਾ, ਜੋ ਕਿ 14 ਮਈ ਤੱਕ ਚੱਲੇਗਾ।15 ਮਈ ਨੂੰ ਕਾਗਜ਼ਾਂ ਦੀ ਪੜਤਾਲ ਹੋਵੇਗੀ ਅਤੇ 17 ਤੱਕ ਕਾਗਜ਼ ਵਾਪਸ ਲਏ ਜਾ ਸਕਣਗੇ। ਵੋਟਾਂ 1 ਜੂਨ ਨੂੰ ਪੈਣਗੀਆਂ ਤੇ ਗਿਣਤੀ 4 ਜੂਨ ਨੂੰ ਹੋਵੇਗੀ।
ਉਨਾਂ ਦੱਸਿਆ ਕਿ ਉਮੀਦਵਾਰ 95 ਲੱਖ ਰੁਪਏ ਤੱਕ ਖਰਚਾ ਕਰ ਸਕਣਗੇ ਅਤੇ ਨਾਮਜ਼ਦਗੀ ਫੀਸ ਜਨਰਲ ਲਈ 25 ਹਜ਼ਾਰ ਤੇ ਰਿਜ਼ਰਵ ਲਈ 12.5 ਹਜ਼ਾਰ ਰੁਪਏ ਹੋਵੇਗੀ।ਉਨਾਂ ਕਿਹਾ ਕਿ 85 ਤੋਂ ਵੱਧ ਉਮਰ ਅਤੇ ਦਿਵਆਂਗ ਵੀ ਘਰ ਬੈਠੇ ਆਪਣੀ ਵੋਟ ਦੀ ਵਰਤੋਂ ਕਰ ਸਕਣਗੇ, ਜਿੰਨਾ ਦੀ ਗਿਣਤੀ ਕ੍ਰਮਵਾਰ 18348 ਅਤੇ 16946 ਹੈ।ਇਸ ਤੋਂ ਇਲਾਵਾ ਜਿਲ੍ਹੇ ਵਿੱਚ 72 ਟਰਾਂਸਜੈਂਡਰ ਵੋਟਰ ਵੀ ਜਿਲ੍ਹੇ ਵਿਚ ਹਨ।ਜਿਲ੍ਹੇ ਵਿਚ 1122 ਥਾਵਾਂ ‘ਤੇ 2126 ਬੂਥ ਬਣਾਏ ਗਏ ਹਨ।ਉਨਾਂ ਦੱਸਿਆ ਕਿ ਹਰੇਕ ਹਲਕੇ ਵਿੱਚ 10-10 ਮਾਡਰਨ ਬੂਥ ਵੀ ਬਣਾਏ ਜਾਣਗੇ ਅਤੇ ਹਰੇਕ ਬੂਥ ‘ਤੇ ਲੋੜੀਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ।ਉਨਾਂ ਦੱਸਿਆ ਕਿ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਹਰੇਕ ਦਫਤਰ ਵਿਚੋਂ ਸਰਕਾਰੀ ਪ੍ਰਚਾਰ ਸਮੱਗਰੀ 24 ਘੰਟਿਆਂ ਅੰਦਰ ਹਟਾ ਦਿੱਤੀ ਜਾਵੇਗੀ ਅਤੇ ਵੱਖ-ਵੱਖ ਥਾਵਾਂ ‘ਤੇ ਲੱਗੇ ਰਾਜਸੀ ਪਾਰਟੀਆਂ ਦੇ ਹੋਰਡਿੰਗ ਹਟਾਉਣ ਦਾ ਕੰਮ ਜੰਗੀ ਪੱਧਰ ‘ਤੇ ਸ਼ੁਰੂ ਹੋ ਚੁੱਕਾ ਹੈ।ਇਸ ਤੋਂ ਇਲਾਵਾ ਪੁਲਿਸ ਵੱਲੋਂ ਲਾਇਸੈਂਸੀ ਹਥਿਆਰ ਵਾਪਸ ਲੈਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ।
ਉਨਾਂ ਦੱਸਿਆ ਕਿ ਚੋਣ ਜਾਬਤਾ ਲਾਗੂ ਹੋਣ ਕਾਰਨ ਹਵਾਈ ਅੱਡੇ ਉਤੇ ਕੋਈ ਚਾਰਟਡ ਜਹਾਜ਼ ਜਾਂ ਹੈਲੀਕੈਪਟਰ ਉਤਰਦਾ ਹੈ ਤਾਂ ਉਸ ਦੀ ਤਲਾਸ਼ੀ ਲਈ ਜਾਵੇਗੀ।ਇਸ ਤੋਂ ਇਲਾਵਾ ਜਿਲ੍ਹੇ ਵਿਚ 99 ਫਲਾਇੰਗ ਟੀਮਾਂ 24 ਘੰਟੇ ਜਾਂਚ ਪੜਤਾਲ ਦਾ ਕੰਮ ਕਰਨਗੀਆਂ।ਉਨਾਂ ਦੱਸਿਆ ਕਿ ਵੋਟਾਂ ਲਈ ਸਾਡੇ ਕੋਲ ਸਟਾਫ ਦੀ ਕੋਈ ਘਾਟ ਨਹੀਂ ਹੈ ਅਤੇ ਅਸੀਂ ਲੋੜ ਅਨੁਸਾਰ ਟੀਮਾਂ ਦੀ ਤਾਇਨਾਤੀ ਕਰ ਰਹੇ ਹਾਂ।
ਇਸ ਮੌਕੇ ਉਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਜੋਤੀ ਬਾਲਾ, ਵਧੀਕ ਡਿਪਟੀ ਕਮਿਸ਼ਨਰ ਨਿਕਾਸ ਕੁਮਾਰ ਅਤੇ ਚੋਣ ਤਹਿਸੀਲਦਾਰ ਇੰਦਰਜੀਤ ਸਿੰਘ ਵੀ ਹਾਜ਼ਰ ਸਨ।

Check Also

ਨਿਗਮ ਕਮਿਸ਼ਨਰ ਵਲੋਂ ਸ਼ਹਿਰ ਦੀਆਂ ਸੜਕਾਂ ਦੀ ਸਫਾਈ ਵਿਵਸਥਾ ਲਈ ਅਚਨਚੇਤ ਚੈਕਿੰਗ

ਅੰਮ੍ਰਿਤਸਰ, 24 ਮਈ (ਜਗਦੀਪ ਸਿੰਘ) – ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਸ਼ਹਿਰ ਦਾ ਦੌਰਾ ਕੀਤਾ …