Friday, September 20, 2024

ਹਕੀਕਤ ਤੇ ਤਲਖ ਸੱਚਾਈਆਂ ਨਾਲ ਜੁੜੀ ਖੂਬਸੂਰਤ ਪੰਜਾਬੀ ਫ਼ਿਲਮ ‘ਪ੍ਰਹੁਣਾ 2’

ਪੰਜਾਬੀ ਫਿਲਮ ‘ਪ੍ਰਹੁਣਾ 2’ ਦਰਸ਼ਕਾਂ ਦਾ ਮਨੋਰੰਜ਼ਨ ਕਰਨ ਦੇ ਨਾਲ-ਨਾਲ ਇੱਕ ਗੰਭੀਰ ਮੁੱਦੇ ‘ਤੇ ਵਿਅੰਗ ਕਰਦੀ ਹੋਈ ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਨੂੰ ਵੱਡਾ ਸੁਨੇਹਾ ਵੀ ਦੇਵੇਗੀ।ਆਪਣੇ ਨਾਂ ‘ਤੇ ਬੇਸ਼ੱਕ ਇਹ ਫਿਲਮ ਵਿਆਹਾਂ ਵਾਲੀ ਜਾਪਦੀ ਹੈ, ਪਰ ਜਦੋੰ ਤੁਸੀਂ ਇਸ ਦਾ ਟ੍ਰੇਲਰ ਦੇਖੋਗੇ ਤਾਂ ਸਾਫ ਹੋਵੇਗਾ ਕਿ ਇਹ ਫ਼ਿਲਮ ਬਿਲਕੁੱਲ ਇੱਕ ਨਵੇਂ ਅਤੇ ਹਾਸੋਹੀਣੇ ਮੁੱਦੇ ‘ਤੇ ਬਣੀ ਖੂਬਸੂਰਤ ਪੰਜਾਬੀ ਫ਼ਿਲਮ ਹੈ।ਜੋ ਦਰਸ਼ਕਾਂ ਦਾ ਭਰਪੂਰ ਮਨੋਰੰਜ਼ਨ ਕਰਨ ਦਾ ਦਮ ਰੱਖਦੀ ਹੈ।ਰਣਜੀਤ ਬਾਵਾ, ਅਦਿੱਤੀ ਸ਼ਰਮਾ ਤੇ ਗੁਰਪ੍ਰੀਤ ਘੁੱਗੀ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ਨੂੰ ਸਿਤਿਜ ਚੌਧਰੀ ਨੇ ਡਾਇਰੈਕਟ ਕੀਤਾ ਹੈ।ਧੀਰਜ ਰਤਨ ਦੀ ਲਿਖੀ ਇਸ ਫਿਲਮ ਵਿੱਚ ਅਜੇ ਹੁੱਡਾ, ਓਸ਼ਿਨ ਬਰਾੜ, ਫਤਿਹ ਟਿੱਬੀ, ਬਦਰ ਖਾਨ ਸਮੇਤ ਕਈ ਹੋਰ ਵੀ ਚਰਚਿਤ ਚਿਹਰੇ ਨਜ਼ਰ ਆਉਣਗੇ।29 ਮਾਰਚ ਨੂੰ ਰਲੀਜ਼ ਹੋ ਰਹੀ ਇਹ ਫਿਲਮ ਲ਼ੰਡਨ ਦੀਆਂ ਵੱਖ-ਵੱਖ ਖੂਬਸੂਰਤ ਲੋਕੇਸ਼ਨਾਂ ‘ਤੇ ਫਿਲਮਾਈ ਗਈ ਹੈ।
ਇਹ ਫਿਲਮ ਇੱਕ ਅਜਿਹੇ ਨੌਜਵਾਨ ਦੀ ਕਹਾਣੀ ਹੈ, ਜੋ ਪੰਜਾਬ ਵਿੱਚ ਵਧੀਆ ਜ਼ਿੰਦਗੀ ਜਿਉਂ ਰਿਹਾ ਹੈ। ਉਸਦੀ ਮੰਗੇਤਰ ਸੋਹਣੇ ਭਵਿੱਖ ਦੀ ਤਲਾਸ਼ ਵਿੱਚ ਵਿਦੇਸ਼ ਜਾਂਦੀ ਹੈ।ਵਿਦੇਸ਼ ਜਾਣ ਤੋਂ ਬਾਅਦ ਉਸ ਦਾ ਵਤੀਰਾ ਅਚਾਨਕ ਬਦਲ ਜਾਂਦਾ ਹੈ।ਅੱਧ-ਵਿਚਕਾਰ ਲਟਕੇ ਫਿਲਮ ਦੇ ਨਾਇਕ ਕੋਲ ਹੁਣ ਵਿਦੇਸ਼ ਵਿੱਚ ਵੱਸਣ ਲਈ ਕਿਸੇ ਪੱਕੀ ਕੁੜੀ ਨਾਲ ਵਿਆਹ ਕਰਵਾਉਣ ਤੋਂ ਬਿਨਾਂ ਕੋਈ ਹੋਰ ਚਾਰਾ ਨਹੀਂ।ਉਹ ਕਿਵੇਂ ਇੱਕ ਵਿਦੇਸ਼ੀ ਕੁੜੀ ਲੱਭਦਾ ਹੈ, ਯੂ,ਕੇ ਪੱਕੇ ਹੋਣ ਲਈ ਉਸ ਨੂੰ ਕੀ ਕੀ ਪਾਪੜ ਵੇਲਣੇ ਪੈੰਦੇ ਹਨ।ਕੱਚੇ ਤੌਰ ‘ਤੇ ਰਹਿ ਰਹੇ ਲੋਕਾਂ ਨਾਲ ਉਥੇ ਕਿਹੋ ਜਿਹਾ ਵਤੀਰਾ ਕੀਤਾ ਜਾਂਦਾ ਹੈ।ਇਹ ਸਭ ਕੁੱਝ ਇਸ ਫਿਲਮ ਦਾ ਅਹਿਮ ਹਿੱਸਾ ਹੈ।ਇਹ ਫਿਲਮ ਮਜ਼ਾਕ ਮਜ਼ਾਕ ਵਿੱਚ ਵਿਦੇਸ਼ਾਂ ਵਿੱਚ ਵੱਸਦੇ ਨੌਜਵਾਨਾਂ, ਵਿਆਹ ਦਾ ਲਾਰਾ ਲਾ ਕੇ ਜਾਂ ਵਿਆਹ ਕਰਵਾ ਕੇ ਆਈਆਂ ਕੁੜੀਆਂ ਅਤੇ ਉਹਨਾਂ ਦੇ ਅਚਾਨਕ ਬਦਲਣ ਦੀ ਕਹਾਣੀ ਨੂੰ ਵੀ ਖੂਬਸੂਰਤ ਤਰੀਕੇ ਨਾਲ ਪਰਦੇ ‘ਤੇ ਪੇਸ਼ ਕੀਤਾ ਗਿਆ ਹੈ।ਇਸ ਗੱਲ ਦਾ ਝਲਕਾਰਾ ਫ਼ਿਲਮ ਦੇ ਟ੍ਰੇਲਰ ਤੋਂ ਵੀ ਮਿਲਦਾ ਹੈ।
ਫ਼ਿਲਮ ਨਿਰਮਾਤਾ ਮਨੀ ਧਾਲੀਵਾਲ, ਮੋਹਿਤ ਬਨਵੈਤ, ਇੰਦਰ ਨਾਗਰਾ ਅਤੇ ਸੁਰਿੰਦਰ ਸੋਹਨਪਾਲ ਵਲੋਂ ‘ਦਾਰਾ ਫਿਲਮ’, “ਬਨਵੈਤ ਫਿਲਮਸ” ਅਤੇ ਹਿਊਮਨ ਮੋਸ਼ਨ ਪਿਕਚਰ” ਦੇ ਬੈਨਰ ਹੇਠ ਬਣਾਈ ਗਈ ਇਸ ਫ਼ਿਲਮ ਬਾਰੇ ਗੱਲਬਾਤ ਕਰਦਿਆਂ ਫਿਲਮ ਦੇ ਨਾਇਕ ਰਣਜੀਤ ਬਾਵਾ ਨੇ ਦੱਸਿਆ ਕਿ ਇਸ ਫਿਲਮ ਵਿੱਚ ਉਸ ਨੇ ਭਿੰਦਰ ਨਾਂ ਦੇ ਪੰਜਾਬ ਦੇ ਇੱਕ ਮੱਧ ਵਰਗੀ ਨੌਜਵਾਨ ਦੀ ਭੂਮਿਕਾ ਨਿਭਾਈ ਹੈ।ਉਹ ਹਰਜੋਤ ਨਾਂ ਦੀ ਇੱਕ ਕੁੜੀ ਨੂੰ ਪਿਆਰ ਕਰਦਾ ਹੈ।ਪਰਿਵਾਰ ਦੀ ਸਹਿਮਤੀ ਨਾਲ ਦੋਵਾਂ ਦਾ ਵਿਆਹ ਹੋਣਾ ਵੀ ਨਿਸਚਤ ਹੋ ਜਾਂਦਾ ਹੈ।ਵਿਆਹ ਤੋਂ ਕੁੱਝ ਦਿਨ ਪਹਿਲਾਂ ਹਰਜੋਤ ਦਾ ਯੂ.ਕੇ ਦਾ ਵੀਜ਼ਾ ਆ ਜਾਂਦਾ ਹੈ।ਹਰਜੋਤ ਲਈ ਯੂ.ਕੇ ਗਏ ਭਿੰਦਰ ਨਾਲ ਉਥੇ ਕੀ ਕੁੱਝ ਵਾਪਰਦਾ ਹੈ, ਇਹ ਪਹਿਲੂ ਬੇਹੱਦ ਦਿਲਚਸਪ ਹਨ।ਬਾਵਾ ਮੁਤਾਬਕ ਇਹ ਫਿਲਮ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਦੀ ਬਾਤ ਪਾਵੇਗੀ।ਇਸ ਫਿਲਮ ਵਿੱਚ ਦਰਸ਼ਕ ਉਸ ਨੂੰ ਇੱਕ ਵੱਖਰੇ ਅੰਦਾਜ਼ ਵਿੱਚ ਦੇਖਣਗੇ।
ਸੰਗੀਤ ਹਰ ਫਿਲਮ ਦੀ ਜ਼ਿੰਦ ਜਾਨ ਹੁੰਦਾ ਹੈ।ਫਿਲਮ ਦਾ ਸੰਗੀਤ ਦੇਸੀ ਕਰਿਓ, ਜੱਗੀ ਸਿੰਘ ਅਤੇ ਡਾਊਡ ਬੀਟਸ ਨੇ ਤਿਆਰ ਕੀਤਾ ਹੈ।ਦੇ ਗੀਤ ਡੀ ਹਾਰਪ, ਜੱਗੀ ਸਿੰਘ ਅਤੇ ਪ੍ਰਗਟ ਕੋਟਗੁਰੂ ਨੇ ਲਿਖੇ ਹਨ।ਇਹਨਾਂ ਗੀਤਾਂ ਨੂੰ ਆਵਾਜ਼ ਰਣਜੀਤ ਬਾਵਾ, ਅਜੇ ਹੁੱਡਾ, ਕਮਲ ਖਾਨ ਅਤੇ ਡੀ.ਹਾਰਪ ਨੇ ਦਿੱਤੀ ਹੈ।29 ਮਾਰਚ ਨੂੰ ਦੁਨੀਆਂ ਭਰ ਵਿੱਚ ਰਲੀਜ਼ ਹੋਣ ਜਾ ਰਹੀ ਹੈ, ਇਹ ਫ਼ਿਲਮ ਸਿਨੇਮਾਘਰਾਂ ਵਿੱਚ ਮੁੜ ਰੌਣਕਾਂ ਲੈ ਕੇ ਆਵੇਗੀ।
ਲੇਖ 2103202401

ਜ਼ਿੰਦ ਜਵੰਦਾ
ਮੋ – 9463828000

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …