ਅੰਮ੍ਰਿਤਸਰ, 21 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਭਾਜਪਾ ਦੇ ਜਨਰਲ ਸਕੱਤਰ ਸ੍ਰੀ ਮੰਥਰੀ ਨਿਵਾਸੁਲੂ ਅੱਜ ਅੰਮ੍ਰਿਤਸਰ ਫ਼ੇਰੀ ਦੌਰਾਨ ਪਾਰਟੀ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਦੇ ਗ੍ਰਹਿ ਪਹੁੰਚੇ, ਜਿਥੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ।ਛੀਨਾ ਤੋਂ ਇਲਾਵਾ ਪਾਰਟੀ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਮਨਜੀਤ ਸਿੰਘ ਮੰਨਾ, ਗੁਰਪ੍ਰਤਾਪ ਸਿੰਘ ਟਿੱਕਾ, ਅਜੈਬੀਰਪਾਲ ਸਿੰਘ ਰੰਧਾਵਾ, ਸੁਸ਼ੀਲ ਦੇਵਗਨ, ਹਰਦੀਪ ਸਿੰਘ ਆਦਿ ਆਗੂਆਂ ਤੇ ਵਰਕਰਾਂ ਨੇ ਸ੍ਰੀ ਨਿਵਾਸੁਲੂ ਨਾਲ ਮੁਲਾਕਾਤ ਉਪਰੰਤ ਅਹਿਮ ਵਿਚਾਰਾਂ ਕੀਤੀਆਂ।
ਸ੍ਰੀ ਨਿਵਾਸੁਲੂ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਲੋਕਪੱਖੀ ਨੀਤੀਆਂ ਸਦਕਾ ਦੇਸ਼ ਭਰ ’ਚ ਲੋਕ ਭਾਜਪਾ ਸਰਕਾਰ ਨੂੰ ਇਕ ਵਾਰ ਫਿਰ ਤੋਂ ਚੋਣਾਂ ’ਚ ਜਿਤਾ ਕੇ ਕੇਂਦਰ ’ਚ 400 ਤੋਂ ਵਧੇਰੇ ਸੀਟਾਂ ਦਿਵਾ ਕੇ ਇਤਿਹਾਸਕ ਜਿੱਤ ਦਰਜ਼ ਕਰਵਾਉਣਗੇ।ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ’ਚ ਐਨ.ਡੀ.ਏ ਸਰਕਾਰ ਵਲੋਂ ਜੋ ਪ੍ਰਾਪਤੀਆਂ ਹਾਸਲ ਕੀਤੀਆਂ ਹਨ, ਉਸ ਨਾਲ ਦੇਸ਼ ਦਾ ਨਾਮ ਪੂਰੀ ਦੁਨੀਆਂ ’ਚ ਮੋਹਰੀ ਕਤਾਰ ’ਚ ਸ਼ਾਮਲ ਹੋਇਆ ਹੈ।ਉਨ੍ਹਾਂ ਨੇ ਛੀਨਾ ਵਲੋਂ ਪਾਰਟੀ ਦੇ ਲੋਕ ਸਭਾ ਅੰਮ੍ਰਿਤਸਰ ਹਲਕੇ ਦੇ ਇੰਚਾਰਜ਼ ਵਜੋਂ ਨਿਭਾਈਆਂ ਜ਼ਿੰਮੇਵਾਰੀਆਂ ਦੀ ਸ਼ਲਾਘਾ ਕੀਤੀ।
ਸ੍ਰੀ ਨਿਵਾਸੁਲੂ ਨੇ ਕਿਹਾ ਕਿ ਪੰਜਾਬ ’ਚ ਵੀ 13 ਦੀਆਂ 13 ਸੀਟਾਂ ਭਾਜਪਾ ਜਿੱਤ ਕੇ ਕੇਂਦਰ ਸਰਕਾਰ ’ਚ ਬਣਨ ਜਾ ਰਹੀ ਮੋਦੀ ਸਰਕਾਰ ’ਚ ਅਹਿਮ ਯੋਗਦਾਨ ਪਾਵੇਗੀ।ਉਨ੍ਹਾਂ ਸੂਬੇ ਦੀ ਆਪ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਅਧੀਨ ਪੰਜਾਬ ਦੇ ਲੋਕ ਤਰਾਸਦੀ ਦਾ ਜੀਵਨ ਬਤੀਤ ਕਰ ਰਹੇ ਹਨ।ਸੂਬੇ ’ਚ ਅਮਨ ਕਾਨੂੰਨ ਦੀ ਵਿਵਸਥਾ ਡਾਂਵਾਡੋਲ ਹੋ ਗਈ ਹੈ, ਨਸ਼ਾਖੋਰੀ ਸਿਖ਼ਰਾਂ ’ਤੇ ਹੈ ਅਤੇ ਹਰੇਕ ਵਰਗ ਪ੍ਰੇਸ਼ਾਨੀ ’ਚੋਂ ਗੁਜ਼ਰ ਰਿਹਾ ਹੈ।ਉਨ੍ਹਾਂ ਕਿਹਾ ਕਿ ਵਿਕਾਸ ਪੂਰਨ ਤੌਰ ’ਤੇ ਠੱਪ ਹੋ ਚੁੱਕਿਆ ਹੈ ਅਤੇ ਪੰਜਾਬ ’ਚ ਸਰਕਾਰ ਨਾਮ ਦੀ ਕੋਈ ਵਿਵਸਥਾ ਨਜ਼ਰ ਨਹੀਂ ਆ ਰਹੀ।
Check Also
ਸ਼ਾਕਸ਼ੀ ਸਾਹਨੀ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਜੋਂ ਸੰਭਾਲਿਆ ਅਹੁੱਦਾ
ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਰ ਵਿਖੇ ਮੱਥਾ ਟੇਕਿਆ ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ) – …