
ਨਵੀਂ ਦਿੱਲੀ, 1 ਜਨਵਰੀ (ਅੰਮ੍ਰਿਤ ਲਾਲ ਮੰਨਣ) – ਨਵੇਂ ਸਾਲ 2015 ਦੀ ਆਮਦ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਵਿੱਚ ਰਸਭਿਨੇ ਕੀਰਤਨ ਸਮਾਗਮਾਂ ਦਾ ਉਪਰਾਲਾ ਕੀਤਾ ਗਿਆ। ਗੁਰਦੁਆਰਾ ਸੀਸਗੰਜ ਸਾਹਿਬ, ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਨਾਨਕ ਪਿਆਉ ਸਾਹਿਬ, ਗੁਰਦੁਆਰਾ ਰਕਾਬਗੰਜ ਸਾਹਿਬ, ਗੁਰਦੁਆਰਾ ਮੋਤੀਬਾਗ ਸਾਹਿਬ, ਗੁਰਦੁਆਰਾ ਬਾਲਾ ਸਾਹਿਬ ਅਤੇ ਗੁਰਦੁਆਰਾ ਮਜਨੂੰ ਟਿੱਲਾ ਸਾਹਿਬ ਵਿਖੇ ਇਨ੍ਹਾਂ ਸਮਾਗਮਾ ਦਾ ਆਯੋਜਨ ਸੰਗਤਾਂ ਦੇ ਸਹਿਯੋਗ ਨਾਲ ਕਮੇਟੀ ਵੱਲੋਂ ਕੀਤਾ ਗਿਆ। ਇਨ੍ਹਾਂ ਸਮਾਗਮਾਂ ਵਿੱਚ ਸ਼੍ਰੋਮਣੀ ਰਾਗੀ, ਭਾਈ ਬਲਬੀਰ ਸਿੰਘ, ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਰਣਧੀਰ ਸਿੰਘ, ਭਾਈ ਤਜਿੰਦਰ ਸਿੰਘ ਸ਼ਿਮਲੇ ਵਾਲੇ, ਭਾਈ ਗੁਰਇਕਬਾਲ ਸਿੰਘ, ਭਾਈ ਗੁਰਪ੍ਰੀਤ ਸਿੰਘ ਸ਼ਿਮਲੇ ਵਾਲੇ, ਭਾਈ ਚਮਨਜੀਤ ਸਿੰਘ ਲਾਲ, ਭਾਈ ਅਮਨਦੀਪ ਸਿੰਘ, ਭਾਈ ਅਪਾਰਦੀਪ ਸਿੰਘ ਜੀ ਇੰਗਲੈਂਗ ਵਾਲੇ ਅਤੇ ਕਮੇਟੀ ਦੇ ਹਜੂਰੀ ਰਾਗੀ ਜਥਿਆ ਨੇ ਸੰਗਤਾਂ ਨੂੰ ਮਨੋਹਰ ਕੀਰਤਨ ਰਾਹੀਂ ਨਿਹਾਲ ਕੀਤਾ।
ਇਨ੍ਹਾਂ ਸਮਾਗਮਾਂ ਵਿੱਚ ਹਾਜ਼ਰੀ ਭਰਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸੰਗਤਾਂ ਨੂੰ ਨਵੇਂ ਸਾਲ ਦੀ ਆਰੰਭਤਾ ਮੰੌਕੇ ਗੁਰੂ ਘਰਾਂ ਵਿੱਚ ਗੁਰਬਾਣੀ ਨਾਲ ਜੁੜ ਕੇ ਕੀਤੀ ਜਾ ਰਹੀ ਸ਼ੁਰੂਆਤ ਨੂੰ ਸਿੱਖ ਵਿਰਸੇ ਅਤੇ ਸਿੱਖ ਪਛਾਨ ਦੇ ਨਾਲ ਵੀ ਜੋੜਿਆ। ਜੀ.ਕੇ ਨੇ ਕਿਹਾ ਕਿ ਕਲਬਾਂ ਅਤੇ ਹੋਟਲਾਂ ਵਿੱਚ ਨਵੇਂ ਸਾਲ ਦੇ ਜਸ਼ਨਾ ਵਿੱਚ ਜਾਨਾ ਸਾਡਾ ਵਿਰਸਾ ਨਹੀਂ ਹੈ ਤੇ ਅੱਜ ਨੌਜਵਾਨਾਂ ਵੱਲੋਂ ਵੱਡੀ ਤਦਾਤ ਵਿੱਚ ਗੁਰੂ ਘਰਾਂ ਵਿੱਚ ਚਲ ਰਹੇ ਸਮਾਗਮਾਂ ਵਿੱਚ ਲਵਾਈ ਜਾ ਰਹੀ ਹਾਜਰੀ ਸਿੱਖ ਕੌਮ ਦੇ ਚੰਗੇ ਭਵਿੱਖ ਅਤੇ ਉੱਤਮ ਦਿੱਖ ਨੂੰ ਲੋਕਾਂ ਦੇ ਸਾਹਮਣੇ ਰੱਖਣ ਦੀ ਦਿੱਸ਼ਾ ਵਿੱਚ ਵੱਡਮੁੱਲਾ ਕਦਮ ਹੈ। ਦਿੱਲੀ ਕਮੇਟੀ ਦੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਜਿਥੇ ਗੁਰਦੁਆਰਾ ਟਿਕਾਣਾ ਸਾਹਿਬ ਵਿਖੇ ਸੰਗਤਾਂ ਨੂੰ ਨਵੇਂ ਸਾਲ ਦੀ ਵਿਧਾਈ ਦਿੰਦੇ ਹੋਏ ਨੌਜਵਾਨਾਂ ਨੂੰ ਗੁਰਮਤਿ ਦਾ ਧਾਰਣੀ ਬਨਣ ਦੀ ਵੀ ਅਪੀਲ ਕੀਤੀ ਉਥੇ ਹੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ ਨੇ ਗੁਰਦੁਆਰਾ ਸੀਸਗੰਜ ਸਾਹਿਬ ਅਤੇ ਨਾਨਕ ਪਿਆਉ ਸਾਹਿਬ ਵਿਖੇ ਸੰਗਤਾਂ ਨੂੰ ਵਧਾਈ ਦਿੱਤੀ। ਇਸ ਮੋਕੇ ਕਮੇਟੀ ਦੇ ਮੀਤ ਪ੍ਰਧਾਨ ਤਨਵੰਤ ਸਿੰਘ, ਜੁਆਇੰਟ ਸਕੱਤਰ ਹਰਮੀਤ ਸਿੰਘ ਕਾਲਕਾ, ਧਰਮ ਪ੍ਰਚਾਰ ਮੁੱਖੀ ਪਰਮਜੀਤ ਸਿੰਘ ਰਾਣਾ, ਦਿੱਲੀ ਕਮੇਟੀ ਮੈਂਬਰ ਗੁਰਬਚਨ ਸਿੰਘ ਚੀਮਾ, ਕੁਲਵੰਤ ਸਿੰਘ ਬਾਠ, ਮਨਮੋਹਨ ਸਿੰਘ, ਜਤਿੰਦਰਪਾਲ ਸਿੰਘ ਗੋਲਡੀ, ਰਵਿੰਦਰ ਸਿੰਘ ਲਵਲੀ, ਪਰਮਜੀਤ ਸਿੰਘ ਚੰਢੋਕ, ਹਰਦੇਵ ਸਿੰਘ ਧਨੋਆ, ਬੀਬੀ ਧੀਰਜ ਕੌਰ, ਹਰਵਿੰਦਰ ਸਿੰਘ ਕੇ.ਪੀ., ਕੁਲਦੀਪ ਸਿੰਘ ਸਾਹਨੀ ਅਤੇ ਜਸਬੀਰ ਸਿੰਘ ਜੱਸੀ ਸਣੇ ਦਿੱਲੀ ਕਮੇਟੀ ਦੇ ਹੋਰ ਮੈਂਬਰ ਸਾਹਿਬਾਨ ਵੀ ਮੌਜੂਦ ਸਨ।
Punjab Post Daily Online Newspaper & Print Media