
ਅੰਮ੍ਰਿਤਸਰ, 1 ਜਨਵਰੀ (ਰੋਮਤਿ ਸ਼ਰਮਾ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਤਿੰਨ ਹਫਤਿਆਂ ਦਾ ਸਪੈਸ਼ਲ ਵਿੰਟਰ ਸਕੂਲ ਯੂਨੀਵਰਸਿਟੀ ਦੇ ਅਕਾਦਮਿਕ ਸਟਾਫ ਕਾਲਜ ਵਿਖੇ ਅੱਜ ਇਥੇ ਸੰਪੰਨ ਹੋ ਗਿਆ। ਇਸ ਵਿਚ ਦੇਸ਼ ਭਰ ਤੋਂ ੨੪ ਅਧਿਆਪਕਾਂ ਨੇ ਭਾਗ ਲਿਆ।ਕੁਰਕੁਸ਼ੇਤਰਾ ਦੇ ਐਸ.ਟੀ.ਸੀ ਕਾਲਜ ਆਫ ਐਜੂਕੇਸ਼ਨ ਦੇ ਪ੍ਰਿੰਸੀਪਲ ਅਤੇ ਯੂਨੀਵਰਸਿਟੀ ਦੇ ਅਕਾਦਮਿਕ ਸਟਾਫ ਕਾਲਜ ਦੇ ਫਾਊਂਡਰ ਡਾਇਰੈਕਟਰ, ਪ੍ਰੋ. ਐਨ.ਐਸ. ਮਾਵੀ ਨੇ ਸਮਾਪਨ ਸਮਾਗਮ ਦੀ ਪ੍ਰਧਾਨਗੀ ਕੀਤੀ। ਕੋਰਸ ਕੋ-ਆਰਡੀਨੇਟਰ ਡਾ. ਸਰੋਜ ਅਰੋੜਾ ਨੇ ਕੋਰਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਅਕਾਦਮਿਕ ਸਟਾਫ ਕਾਲਜ ਦੇ ਡਾਇਰੈਕਟਰ, ਪ੍ਰੋ. ਅਵਿਨਾਸ਼ ਨਾਗਪਾਲ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਦਾ ਸਵਾਗਤ ਕੀਤਾ। ਡਾ. ਸਤਵਿੰਦਰਜੀਤ ਕੌਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਮੌਕੇ ਪ੍ਰੋ. ਰੇਨੂ ਭਾਰਦਵਾਜ, ਡਾ. ਆਦਰਸ਼ਪਾਲ ਵਿਗ ਵੀ ਮੌਜੂਦ ਸਨ। ਇਸ ਮੌਕੇ ਆਪਣੇ ਵਿਚਾਰ ਪੇਸ ਕਰਦਿਆਂ ਪ੍ਰੋ. ਮਾਵੀ ਨੇ ਕਿਹਾ ਕਿ ਮੌਜੂਦਾ ਦੌਰ ਵਿਚ ਸਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਜਿਵੇਂ ਪ੍ਰਦੂਸ਼ਤ ਵਾਤਾਵਰਣ, ਹਵਾ, ਪਾਣੀ ਅਤੇ ਕੂੜਾ-ਕਰਕਟ ਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕਿ ਵਾਤਾਵਰਣ ਸਬੰਧੀ ਮਸਲਿਆਂ ਦਾ ਹੱਲ ਲੱਭਣ ਲਈ ਬਹੁਤ ਸਾਰੇ ਵਿਗਿਆਨਕ ਉਪਰਾਲੇ ਕੀਤੇ ਜਾ ਰਹੇ ਹਨ ਪਰ ਫਿਰ ਵੀ ਵਿਕਸਤ ਦੇਸ਼ਾਂ ਦੇ ਮੁਕਾਬਲੇ ਅਸੀਂ ਬਹੁਤ ਪਿੱਛੇ ਹਾਂ ਅਤੇ ਬਹੁਤ ਕੁੱਝ ਕਰਨਾ ਹੋਰ ਲੋੜੀਂਦਾ ਹੈ।
ਉਨ੍ਹਾਂ ਕਿਹਾ ਕਿ ਖਾਣ ਪੀਣ ਪ੍ਰਤੀ ਸੁਚੇਤ ਨਾ ਹੋਣ ਸਦਕਾ ਸਾਨੂੰ ਬਹੁਤ ਸਾਰੀਆਂ ਸਿਹਤ ਨਾਲ ਸਬੰਧਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੌਸ਼ਟਿਕ ਭੋਜਣ ਦੀ ਅਣਹੋਂਦ ਕਰਕੇ ਬੱਚਿਆ ਦਾ ਸਰੀਰਕ ਵਿਕਾਸ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਪ੍ਰਦੂਸ਼ਣ ਅਤੇ ਸਿਹਤ ਪ੍ਰਤੀ ਆਮ ਜਨਤਾ ਨੂੰ ਜਾਗਰੂਕ ਕਰਨ ਲਈ ਉਪਰਾਲੇ ਕਰਨ ਦੀ ਲੋੜ ਹੈ ਤਾਂ ਜੋ ਸਿਹਤਮੰਦ ਸਮਾਜ ਦੀ ਸਿਰਜਣਾ ਹੋ ਸਕੇ।ਇਸ ਮੌਕੇ ਕੋਰਸ ਵਿਚ ਭਾਗ ਲੈਣ ਵਾਲਿਆਂ ਨੂੰ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ।
Punjab Post Daily Online Newspaper & Print Media