ਅੰਮ੍ਰਿਤਸਰ, 2 ਮਈ (ਦੀਪ ਦਵਿੰਦਰ ਸਿੰਘ) – ਰੋਜ਼ੀ ਰੋਟੀ ਦੀ ਭਾਲ ’ਚ ਵਿਦੇਸ਼ਾਂ ਵਿੱਚ ਜਾ ਵੱਸੇ ਪੰਜਾਬੀ ਆਪਣੀ ਅਗਲੀ ਪੀੜ੍ਹੀ ਨੂੰ ਮਾਤ ਭਾਸ਼ਾ ਨਾਲ ਜੋੜੀ ਰੱਖਣ ਲਈ ਨਿਰੰਤਰ ਉਪਰਾਲੇ ਕਰਦੇ ਰਹਿੰਦੇ ਹਨ।ਅਜਿਹਾ ਹੀ ਉਪਰਾਲਾ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਗੁਰੂ ਨਗਰੀ ਅੰਮ੍ਰਿਤਸਰ ਤੋਂ ਕਨੇਡਾ ਦੇ ਸ਼ਹਿਰ ਵਿੰਨੀ ਪੈਗ ਜਾ ਵੱਸੀ ਸੰਦੀਪ ਕੌਰ ਰੰਧਾਵਾ ਨੇ ਆਪਣੀ ਮਾਂ ਬੋਲੀ ਨੂੰ ਤਵੱਜ਼ੋ ਦਿੰਦਿਆਂ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਹਿੱਤ ਵੱਡਾ ਕਦਮ ਉਠਾਇਆ ਹੈ।
ਕੇਂਦਰੀ ਸਭਾ ਦੇ ਸਕੱਤਰ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਦੱਸਿਆ ਕਿ ਸੰਦੀਪ ਕੌਰ ਰੰਧਾਵਾ ਨੇ ਪੰਜਾਬੀਆਂ ਦੇ ਬੱਚਿਆਂ ਨੂੰ ਮਾਤ ਭਾਸ਼ਾ ਨਾਲ ਮੁੱਢ ਤੋਂ ਜੋੜਨ ਲਈ “ਵਿੰਨੀ ਪੈਗ ਸਕੂਲ ਡਵੀਜ਼ਨ” ਨਾਲ ਰਾਬਤਾ ਕਰਕੇ ਸਕੂਲਾਂ ਦੇ ਸਿਲੇਬਸ ਵਿੱਚ ਪੰਜਾਬੀ ਨੂੰ ਵਿਸ਼ੇ ਵਜੋਂ ਪੜ੍ਹਾਉਣ ਦੀ ਮੰਗ ਉਠਾਈ ਸੀ।ਸੰਦੀਪ ਕੌਰ ਦੀ ਕਈ ਮਹੀਨਿਆਂ ਦੀ ਜੱਦੋਜਹਿਦ ਤੋਂ ਬਾਅਦ ਵਿਨੀਪੈਗ ਸਕੂਲ ਡਵੀਜ਼ਨ ਨੇ ਇਸ ਪ੍ਰਸਤਾਵ ਨੂੰ ਲਿਖਤੀ ਪ੍ਰਵਾਨਗੀ ਦਿੰਦਿਆਂ ਕਿਹਾ ਕਿ ਆ ਰਹੇ ਸਤੰਬਰ ਮਹੀਨੇ ਤੋਂ ਵਿਨੀਪੈਗ ਸ਼ਹਿਰ ਦੇ ਸਕੂਲਾਂ ਵਿੱਚ ਕੇ.ਜੀ ਤੋਂ ਲੈ ਕੇ ਦੂਸਰੀ ਜਮਾਤ ਤੱਕ ਦੇ ਬੱਚਿਆਂ ਨੂੰ ਪੰਜਾਬੀ ਵਿਸ਼ੇ ਵਜੋਂ ਪੜ੍ਹਾਈ ਜਾਵੇਗੀ।ਸੰਦੀਪ ਰੰਧਾਵਾ ਨੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਇਹ ਸ਼ੁਰੂਆਤ ਹੈ ਉਹ ਇਸ ਮੁਹਿੰਮ ਨੂੰ ਬਾਰਵੀਂ ਕਲਾਸ ਤੱਕ ਲੈ ਕੇ ਜਾਣਗੇ।
ਗੌਰਤਲਬ ਹੈ ਕਿ ਸੰਦੀਪ ਰੰਧਾਵਾ ਜਿਥੇ ਜਨਵਾਦੀ ਲੇਖਕ ਸੰਘ ਦੇ ਸਕੱਤਰ ਨਾਵਲਕਾਰ ਵਜੀਰ ਸਿੰਘ ਰੰਧਾਵਾ ਦੀ ਨੂੰਹ ਹੈ, ਉਥੇ ਦਮਦਮੀ ਟਕਸਾਲ ਦੇ ਤੇਰਵੇਂ ਮੁਖੀ ਗਿਆਨੀ ਕਰਤਾਰ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਪੋਤਰੀ ਅਤੇ ਭਾਈ ਮਨਜੀਤ ਸਿੰਘ ਦੀ ਬੇਟੀ ਹੈ।ਜਿਹੜੀ ਪਿੱਛਲੇ ਡੇੜ ਦਹਾਕੇ ਤੋਂ ਕੈਨੇਡਾ ਦੇ ਬੈਂਕ `ਰਾਇਲ ਆਫ ਕੈਨੇਡਾ` ਵਿੱਚ ਤਾਇਨਾਤ ਹੈ।ਸੰਦੀਪ ਰੰਧਾਵਾ ਦੇ ਇਸ ਉਦਮ ਦੀ ਸ਼ਲਾਘਾ ਕਰਦਿਆਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਰਨਲ ਸਕੱਤਰ ਸੁਸ਼ੀਲ ਦੁਸਾਂਝ, ਡਾ. ਲਖਵਿੰਦਰ ਜੌਹਲ, ਗੁਰਭਜਨ ਸਿੰਘ ਗਿੱਲ, ਹਰਜਿੰਦਰ ਸਿੰਘ ਅਟਵਾਲ, ਸ਼ੈਲਿੰਦਰਜੀਤ ਰਾਜਨ, ਮੱਖਣ ਕੁਹਾੜ, ਹਰਜੀਤ ਸਿੰਘ ਸੰਧੂ, ਪ੍ਰਿੰ. ਡਾ. ਮਹਿਲ ਸਿੰਘ, ਡਾ. ਆਤਮ ਰੰਧਾਵਾ, ਡਾ. ਹੀਰਾ ਸਿੰਘ, ਡਾ. ਕਸ਼ਮੀਰ ਸਿੰਘ, ਡਾ. ਪਰਮਿੰਦਰ. ਐਸ.ਪਰਸ਼ੋਤਮ, ਜਗਤਾਰ ਗਿੱਲ, ਡਾ. ਮੋਹਨ, ਪ੍ਰਤੀਕ ਸਹਿਦੇਵ, ਡਾ. ਗਗਨਦੀਪ ਸਿੰਘ, ਸੁਰਜੀਤ ਅਕਸ, ਦਿਲਰਾਜ ਸਿੰਘ ਦਰਦੀ, ਰਜੀਵ ਮੈਹਣੀਆਂ ਅਤੇ ਕ੍ਰਿਪਾਲ ਸਿੰਘ ਆਦਿ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ।