Friday, March 20, 2026

ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਵਿਦਿਆਰਥੀਆਂ ਦਾ ਸਨਮਾਨ

ਅੰਮ੍ਰਿਤਸਰ, 4 ਮਈ (ਸੁਖਬੀਰ ਸਿਮਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਵਿਦਿਆਰਥੀਆਂ ਦਾ ਜਸ਼ਨ 2024 `ਚ ਕੀਤੇ ਬੇਮਿਸਾਲ ਪ੍ਰਤਿਭਾ ਅਤੇ ਬਹੁਮੁਖੀ ਹੁਨਰ ਦਾ ਪ੍ਰਦਰਸ਼ਨ ਸਦਕਾ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ।ਅੰਤਰ-ਵਿਭਾਗੀ ਚਾਰ ਦਿਨਾਂ ਸੱਭਿਆਚਾਰਕ ਉਤਸਵ ਜਸ਼ਨ-2024 ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਵੱਖ ਵੱਖ ਪੁਜੀਸ਼ਨਾਂ ਹਾਸਲ ਕੀਤੀਆਂ।
ਪ੍ਰੋ. ਪ੍ਰੀਤ ਮਹਿੰਦਰ ਸਿੰਘ ਬੇਦੀ ਡੀਨ ਵਿਦਿਆਰਥੀ ਭਲਾਈ ਨੇ ਵਿਦਿਆਰਥੀਆਂ ਅਤੇ ਕੋਆਰਡੀਨੇਟਰ ਵੱਲੋਂ ਕੀਤੀ ਸਖ਼ਤ ਮਿਹਨਤ ਅਤੇ ਯਤਨਾਂ ਦੀ ਸ਼ਲਾਘਾ ਕਰਦਿਆਂ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਡਾ. ਹਰਮਿੰਦਰ ਸਿੰਘ ਨੇ ਸਾਰੇ ਜੇਤੂਆਂ ਅਤੇ ਕੋਆਰਡੀਨੇਟਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਕਮਾਲ ਦੀਆਂ ਪ੍ਰਾਪਤੀਆਂ ਅਕਾਦਮਿਕ ਕੰਮਾਂ ਅਤੇ ਪਾਠਕ੍ਰਮ ਤੋਂ ਬਾਹਰਲੀਆਂ ਗਤੀਵਿਧੀਆਂ ਵਿੱਚ ਉਤਮਤਾ ਰੱਖਣ ਵਾਲੇ ਚੰਗੇ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਹਨ।
ਲਿਟਰੇਰੀ ਵਰਗ ਵਿੱਚ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਨੇ ਸਾਹਿਤਕ ਹੁਨਰ ਦਾ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਪ੍ਰਾਪਤ ਕੀਤਾ।ਪਰਮਿੰਦਰ ਸਿੰਘ ਨੇ ਅਜੀਜ਼ੁਲ ਇਸਲਾਮ ਜੁਨੈਦ ਦੇ ਨਾਲ ਬਹਿਸ ਵਿੱਚ ਦੂਸਰਾ ਅਤੇ ਵਾਦ-ਵਿਵਾਦ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।ਭੰਗੜੇ ਵਿੱਚ ਵਿਭਾਗ ਦੀ ਟੀਮ ਨੇ ਸ਼ਲਾਘਾਯੋਗ ਤੀਸਰਾ ਸਥਾਨ ਹਾਸਲ ਕੀਤਾ।ਤਰੁਣਜੋਤ ਸਿੰਘ, ਐਮ.ਟੈਕ ਦੇ ਫਾਈਨਲ ਸਾਲ ਦੇ ਵਿਦਿਆਰਥੀ ਨੂੰ ਦੂਜਾ ਸਰਵੋਤਮ ਡਾਂਸਰ ਵੀ ਐਲਾਨਿਆ ਗਿਆ।ਵਿਭਾਗ ਨੇ ਸੰਗੀਤਕ ਖੇਤਰ ਵਿੱਚ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਕਰਦਿਆਂ ਹਰਪ੍ਰੀਤ ਸਿੰਘ ਨੇ ਸ਼ਬਦ/ਭਜਨ ਵਿੱਚ ਤੀਜਾ ਸਥਾਨ ਅਤੇ ਕਲਾਸੀਕਲ ਇੰਸਟਰੂਮੈਂਟਲ ਨਾਨ-ਪਰਕਸ਼ਨ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ।ਵਿਦਿਆਰਥੀਆਂ ਨੇ ਫੋਟੋਗ੍ਰਾਫੀ, ਮਹਿੰਦੀ, ਕਾਰਟੂਨਿੰਗ, ਕਾਵਿ-ਸੰਗ੍ਰਹਿ, ਥੀਮੈਟਿਕ ਆਦਿ ਵਿੱਚ ਵੀ ਆਪਣੀ ਪ੍ਰਤਿਭਾ ਦਾ ਚੰਗਾ ਪ੍ਰਦਰਸ਼ਨ ਕੀਤਾ।
ਇੰਜੀ. ਪਾਹੁਲਪ੍ਰੀਤ ਸਿੰਘ ਕਲਚਰਲ ਕੋਆਰਡੀਨੇਟਰ ਅਤੇ ਸਹਾਇਕ ਪ੍ਰੋਫੈਸਰ ਮਕੈਨੀਕਲ ਵਿਭਾਗ ਨੇ ਵਿਦਿਆਰਥੀਆਂ ਦੀ ਸਫ਼ਲਤਾ ਵਿੱਚ ਅਹਿਮ ਯੋਗਦਾਨ ਪਾਇਆ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …