17ਵੀਂ ਸਿਰਜਣ ਪ੍ਰਕਿਰਿਆ ਪ੍ਰੋਗਰਾਮ ਦਾ ਸਫ਼ਲ ਆਯੋਜਨ
ਅੰਮ੍ਰਿਤਸਰ, 12 ਮਈ (ਸੁਖਬੀਰ ਸਿੰਘ ਖੁਰਮਣੀਆਂ) – ਸੰਸਥਾ ਨਾਦ ਪ੍ਰਗਾਸੁ ਸ੍ਰੀ ਅੰਮ੍ਰਿਤਸਰ ਵੱਲੋਂ ਪੰਜਾਬੀ ਸਾਹਿਤ ਦੀਆਂ ਪ੍ਰਸਿੱਧ ਸ਼ਖਸ਼ੀਅਤਾਂ ਨਾਲ ਸਾਹਿਤਕ ਮਿਲਣੀ ਸੰਬੰਧਤ ਮਹੀਨਾਵਾਰ ਪ੍ਰੋਗਰਾਮ ਸਿਰਜਣ ਪ੍ਰਕਿਰਿਆ ਦੇ 17ਵੇਂ ਭਾਗ ਦਾ ਆਯੋਜਨ ਕੀਤਾ ਗਿਆ।ਇਸ ਪ੍ਰੋਗਰਾਮ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਰਕੀਟੈਕਚਰ ਵਿਭਾਗ ਦੇ ਮੁੱਖੀ ਡਾ. ਸਰਬਜੋਤ ਸਿੰਘ ਬਹਿਲ ਨੂੰ ਸਰੋਤਿਆਂ ਦੇ ਰੂ-ਬ-ਰੂ ਕਰਵਾਇਆ ਗਿਆ।ਮੰਚ ਸੰਚਾਲਕ ਜਸਵਿੰਦਰ ਸਿੰਘ ਨੇ ਸਰੋਤਿਆਂ ਵਲੋਂ ਉਠਾਏ ਜਾਂਦੇ ਪ੍ਰਸ਼ਨਾਂ ਨੂੰ ਦੁਹਰਾਇਆ; ਕਿ ਕਵਿਤਾ ਨੂੰ ਕਵਿਤਾ ਕਰਨ ਵਾਲਾ ਤੱਤ ਕੀ ਹੈ, ਹਰ ਵਿਚਾਰ ਕਵਿਤਾ ਕਿਉਂ ਨਹੀਂ ਹੋ ਸਕਦਾ, ਕੀ ਕਵਿਤਾ ਨੂੰ ਬਣਾਉਣ ਵਾਲਾ ਕਵੀ ਹੈ ਜਾਂ ਕਵਿਤਾ ਆਪਣੇ ਵੱਖਰੇ ਰੂਪ ਕਰਕੇ ਕਵਿਤਾ ਹੈ? ਇਨ੍ਹਾ ਸਵਾਲਾਂ ਨੂੰ ਖੋਲਦਿਆਂ ਡਾ. ਸਰਬਜੋਤ ਸਿੰਘ ਬਹਿਲ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਸਾਨੂੰ ਕਾਵਿ ਸਿਰਜਣ ਨੂੰ ਸਿਰਫ ਵਿਚਾਰ ਤੋਂ ਪੈਦਾ ਹੋਣ ਵਾਲੇ ਉਤਪਾਦਨ ਵਜੋੋਂ ਹੀ ਨਹੀਂ ਵੇਖਣਾ ਚਾਹੀਦਾ।ਵਿਚਾਰ ਤੋਂ ਉਤਪਾਦਨ ਤੱਕ ਲਿਜਾਣ ਵਾਲੀ ਪ੍ਰਕ੍ਰਿਆ ਦਾ ਵੀ ਮਹੱਤਵਪੂਰਨ ਸਥਾਨ ਹੈ, ਜਿਸ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ।ਇਸ ਲਈ ਸਾਨੂੰ ਕਵਿਤਾ ਨੂੰ ਇਕ ਪ੍ਰਕ੍ਰਿਆ ਵਜੋਂ ਦੇਖਣਾ ਚਾਹੀਦਾ ਹੈ।ਜਿਸ ਵਿੱਚ ਕਵਿਤਾ ਹਰ ਪਲ ਆਪਣੀ ਮੌਲਣਸ਼ੀਲਤਾ ਰੱਖਦੀ ਹੈ ਅਤੇ ਕਵਿਤਾ ਦਾ ਪਾਠਕ ਆਪਣੀ ਪੜ੍ਹਤ ਸਮੇਂ ਇਸ ਵਿਚੋਂ ਹਮੇਸ਼ਾਂ ਨਵੀਨ ਪ੍ਰਤੀਕ ਅਤੇ ਅਰਥ ਉਜਾਗਰ ਕਰਨ ਦੀ ਸੰਭਾਵਨਾ ਰੱਖਦਾ ਹੈ।
ਉਨ੍ਹਾਂ ਦੇ ਭਾਸ਼ਣ ਤੋਂ ਬਾਅਦ ਸੰਵਾਦ ਸੈਸ਼ਨ ਦਾ ਆਰੰਭ ਹੁੰਦਾ ਹੈ, ਜਿਸ ਵਿੱਚ ਵੱਖ-ਵੱਖ ਖੋਜਾਰਥੀਆਂ ਵੱਲੋਂ ਡਾ. ਬਹਿਲ ਨੂੰ ਕਈ ਪ੍ਰਸ਼ਨ ਕੀਤੇ ਗਏ।ਜਿਹਨਾਂ ਵਿੱਚ ਉਹਨਾਂ ਦੀ ਸਿਰਜਣ ਪ੍ਰਕਿਰਿਆ ਦੀ ਸ਼ੁਰੂਆਤ, ਕਾਵਿ-ਭਾਸ਼ਾ ਅਤੇ ਕਾਵਿ-ਸ੍ਰੋਤ ਸੰਬੰਧੀ, ਕਾਵਿ-ਅਨੁਭੂਤੀ ਬਾਰੇ ਅਤੇ ਸਿਰਜਣਾ ਵਿੱਚ ਸਾਧਨਾ ਦੇ ਯੋਗਦਾਨ ਸੰਬੰਧੀ ਹੀਰਾ ਸਿੰਘ, ਜਗਸੀਰ ਸਿੰਘ, ਦਿਲਜੋਤ ਸਿੰਘ, ਸ਼ਿਵਾ ਅਤੇ ਅਮਰਜੀਤ ਕੌਰ ਵੱਲੋਂ ਕ੍ਰਮਵਾਰ ਪ੍ਰਸ਼ਨ ਪੁੱਛੇ, ਜਿਹਨਾਂ ਦਾ ਉਹਨਾਂ ਸੰਤੋਖਜਨਕ ਉੱਤਰ ਦਿਤਾ।
ਇਸ ਸੈਸ਼ਨ ਤੋਂ ਬਾਅਦ ਯੁਵਾ ਕਵੀ ਦਰਬਾਰ ਦਾ ਆਯੋਜਨ ਹੋਇਆ।ਇਹ ਕਵੀ ਦਰਬਾਰ ਉਸ ਸਮੇਂ ਅੰਤਰਰਾਸ਼ਟਰੀ ਹੋ ਨਿਬੜਿਆ ਜਦੋਂ ਇਰਾਨੀ ਮੂਲ ਦੀ ਖੋਜਾਰਥਣ ਸ਼ਿਵਾ ਨੇ ਫ਼ਾਰਸੀ ਭਾਸ਼ਾ ਵਿੱਚ ਆਪਣੀਆਂ ਕਵਿਤਾਵਾਂ ਸੁਣਾਈਆਂ।ਯੁਵਾ ਕਵੀਆਂ ਵਿੱਚੋਂ ਗੁਰਪ੍ਰੀਤ ਸਿੰਘ, ਮਨਪ੍ਰੀਤ ਕੌਰ, ਗੁਰਪ੍ਰੀਤ ਸਿੰਘ ਸ਼ਾਇਰ, ਰਸਜਾਪ ਸਿੰਘ, ਕਸ਼ਮੀਰ ਗਿੱਲ, ਨੀਰਜ ਕੁਮਾਰ, ਰਾਜਵਿੰਦਰ ਸਿੰਘ, ਸੁਮਿਤ, ਸ਼ਾਇਰ ਪ੍ਰੀਤ ਅਤੇ ਅਰਸ਼ਪ੍ਰੀਤ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।
ਪ੍ਰੋਗਰਾਮ ਦੀ ਸਮਾਪਤੀ ਸਮੇਂ ਸੰਸਥਾ ਵੱਲੋਂ ਡਾ. ਸੱਯਦ ਰਿਹਾਨ ਹਸਨ ਰਿਜ਼ਵੀ, ਉਰਦੂ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਦਿਵਯਾਨੀ ਮੋਦਲਾ ਟੋਰਾਂਟੋ ਯੂਨੀਵਰਸਿਟੀ, ਕੈਨੇਡਾ ਨੇ ਡਾ. ਸਰਬਜੋਤ ਸਿੰਘ ਬਹਿਲ ਨੂੰ ਕਿਤਾਬਾਂ ਦੇ ਸੈਟ ਅਤੇ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ।
ਧੰਨਵਾਦੀ ਸ਼ਬਦਾਂ ਦੀ ਸਾਂਝ ਪ੍ਰੋ. ਜਗਦੀਸ਼ ਸਿੰਘ ਡਾਇਰੈਕਟਰ ਨਾਦ ਪ੍ਰਗਾਸੁ ਨੇ ਪਾਈ।ਅਖੀਰ ਵਿੱਚ ਉਹਨਾਂ ਨੇ ਦੱਸਿਆ ਕਿ ਅਗਲਾ ਸਿਰਜਣ ਪ੍ਰਕਿਰਿਆ ਪ੍ਰੋਗਰਾਮ 7 ਜੂਨ ਨੂੰ ਹੋਏਗਾ।
Check Also
ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਕਰਵਾਇਆ ਕੈਰੀਅਰ ਕੌਂਸਲਿੰਗ ਸੈਮੀਨਾਰ
ਅੰਮ੍ਰਿਤਸਰ, 30 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਵਿਖੇ …