ਅੰਮ੍ਰਿਤਸਰ, 12 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ‘ਵੈਟਰਨਰੀਜ਼ ਜ਼ਰੂਰੀ ਸਿਹਤ ਕਰਮਚਾਰੀ ਹਨ’ ਵਿਸ਼ੇ ’ਤੇ ਵਿਸ਼ਵ ਵੈਟਰਨਰੀ ਦਿਵਸ ਪ੍ਰੋਗਰਾਮ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਦੀ ਅਗਵਾਈ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਦੀ ਸ਼ੁਰੂਆਤ ਤਕਨੀਕੀ ਸੈਸ਼ਨ ਦੀ ਪ੍ਰਧਾਨਗੀ ਕਰਨ ਲਈ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਤੋਂ ਉਚੇਚੇ ਤੌਰ ’ਤੇ ਪੁੱਜੇ ਪ੍ਰੋਫੈਸਰ ਡਾ. ਐਨ.ਕੇ ਸਿੰਘ ਵਲੋਂ ਕੇਕ ਕੱਟ ਕੇ ਕੀਤੀ ਗਈ।
ਡਾ. ਵਰਮਾ ਨੇ ਕਿਹਾ ਕਿ ਉਕਤ ਦਿਵਸ ਸਾਲ 2000 ’ਚ ਪਹਿਲੀ ਵਾਰ ਡਬਲਯੂ.ਵੀ.ਡੀ (ਵਰਲਡ ਵੈਟਰਨਰੀ ਡੇਅ) ਵਜੋਂ ਮਨਾਇਆ ਗਿਆ ਸੀ।ਡਾ. ਐਨ.ਕੇ ਸਿੰਘ ਨੇ ਪ੍ਰਜੀਵੀ ਸੰਕਰਮਣ ਕਾਰਨ ਕਿਸਾਨਾਂ ਨੂੰ ਹੋਏ ਆਰਥਿਕ ਨੁਕਸਾਨ ’ਤੇ ਚਾਨਣਾ ਪਾਉਂਦਿਆਂ ਪ੍ਰਭਾਵਸ਼ਾਲੀ ਨਿਯੰਤਰਣ ਉਪਾਅ ਅਪਨਾਉਣ ’ਤੇ ਜ਼ੋਰ ਦਿੱਤਾ।ਉਨ੍ਹਾਂ ਕਿਹਾ ਕਿ ਡੇਅਰੀ ਜਾਨਵਰਾਂ ’ਚ ਟਿੱਕ ਪ੍ਰਤੀਰੋਧ ਵੱਡੀ ਸਮੱਸਿਆ ਹੈ ਅਤੇ ਕਿਸਾਨ ਚਿੱਚੜਾਂ ਕਾਰਨ ਹਮੇਸ਼ਾਂ ਪ੍ਰੇਸ਼ਾਨ ਰਹਿੰਦੇ ਹਨ, ਕਿਉਂਕਿ ਇਹ ਬਿਮਾਰੀਆਂ ਫੈਲਾਉਂਦੇ ਹਨ ਅਤੇ ਉਤਪਾਦਕਤਾ ਘਟਾਉਂਦੇ ਹਨ।ਉਨ੍ਹਾਂ ਸਿਹਤਮੰਦ ਸਮਾਜ ਲਈ ਭੋਜਨ ਸੁਰੱਖਿਆ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ।
ਵੈਟਰਨਰੀ ਕਲੀਨਿਕਲ ਕੰਪਲੈਕਸ ਮਾਹਲ ਵਿਖੇ ਡਾਇਰੈਕਟਰ ਕਲੀਨਿਕ ਡਾ. ਪੀ.ਐਸ ਮਾਵੀ ਦੀ ਅਗਵਾਈ ਹੇਠ ਪਾਲਤੂ ਜਾਨਵਰਾਂ ਅਤੇ ਅਵਾਰਾ ਪਸ਼ੂਆਂ ਲਈ ਮੁਫ਼ਤ ਰੇਬੀਜ਼ ਟੀਕਾਕਰਨ ਮੁਹਿੰਮ ਦੇ ਇਲਾਵਾ ਵਿਦਿਆਰਥੀਆਂ ਲਈ ਪੋਸਟਰ, ਰੰਗੋਲੀ ਅਤੇ ਫੋਟੋਗ੍ਰਾਫੀ ਵਰਗੇ ਵੱਖ-ਵੱਖ ਮੁਕਾਬਲੇ ਵੀ ਕਰਵਾਏ ਗਏ ਅਤੇ ਫ਼ੈਕਲਟੀ ਲਈ ਖੇਡਾਂ ਦੀਆਂ ਗਤੀਵਿਧੀਆਂ ਨੂੰ ਮੁੜ ਸੁਰਜੀਤ ਕੀਤਾ।ਕਾਲਜ ਦੇ ਮੈਨੇਜਿੰਗ ਡਾਇਰੈਕਟਰ ਡਾ. ਐਸ.ਕੇ ਨਾਗਪਾਲ ਦੁਆਰਾ ਨਿਰਧਾਰਿਤ ਥੀਮ ’ਤੇ ਵਿਦਿਆਰਥੀਆਂ ਦੇ ਸਰਵੋਤਮ ਪੋਸਟਰ, ਰੰਗੋਲੀ ਅਤੇ ਫੋਟੋਗ੍ਰਾਫੀ ਲਈ ਸਨਮਾਨਿਤ ਕੀਤਾ ਗਿਆ।ਡਾ. ਨਾਗਪਾਲ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਪਸ਼ੂਆਂ ਦੇ ਡਾਕਟਰਾਂ ਅਤੇ ਸਮਾਜ ਦਰਮਿਆਨ ਫ਼ਾਸਲੇ ਨੂੰ ਪੂਰਾ ਕਰਦੇ ਹਨ, ਜੋ ਕਿ ਦੋਹਾਂ ਲਈ ਸਹਾਈ ਸਿੱਧ ਹੁੰਦੇ ਹਨ।ਉਨ੍ਹਾਂ ਕਿਹਾ ਕਿ ਵੈਟਸ ਸਮਾਜ ਦੀ ਜ਼ਰੂਰਤ ਨੂੰ ਸਮਝਦੇ ਹਨ, ਜਦੋਂ ਕਿ ਵੈਟਸ ਨੂੰ ਅਜਿਹੇ ਸੈਮੀਨਾਰਾਂ ਰਾਹੀਂ ਜਾਨਵਰਾਂ ਦੇ ਬੇਹਤਰ ਪ੍ਰਬੰਧਨ ਲਈ ਗਿਆਨ ਹਾਸਲ ਹੁੰਦਾ ਹੈ।
ਇਸ ਮੌਕੇ ਕਾਲਜ ਨੇ ਕਰਨ ਸ਼ਰਮਾ ਅਤੇ ਟੀਮ ਨੂੰ ਮਾਈਕ੍ਰੋਲੈਬਸ ਸਬੰਧੀ ਆਪਣੀ ਰੁਚੀ ਅਤੇ ਗਣੇਸ਼ ਸ਼ਰਮਾ ਅਤੇ ਟੀਮ ਦੁਆਰਾ ਈਵੈਂਟ ਨੂੰ ਸਪਾਂਸਰ ਕਰਨ ਲਈ ਧੰਨਵਾਦ ਕੀਤਾ।
Check Also
ਨਗਰ ਨਿਗਮ ਵੱਲੋਂ ਸ਼ਹਿਰ ਦੀਆਂ ਮੁੱਖ ਸੜਕਾਂ ਤੋਂ ਮਲਬਾ ਚੁੱਕਣ ਦੀ ਜਲਦ ਚਲਾਈ ਜਾਵੇਗੀ ਮੁਹਿੰਮ
ਅੰਮ੍ਰਿਤਸਰ, 25 ਫਰਵਰੀ (ਜਗਦੀਪ ਸਿੰਘ) – ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾਂ ‘ਤੇ ਵਧੀਕ …