Tuesday, January 28, 2025

ਭਗਤਾਂਵਾਲਾ ਡੰਪ ਮੁੱਦੇ ਨੂੰ ਕੇਂਦਰ ਤੱਕ ਲਿਜਾਇਆ ਜਾਵੇਗਾ – ਸੰਧੂ ਸਮੁੰਦਰੀ

ਅੰਮ੍ਰਿਤਸਰ, 12 ਮਈ (ਸੁਖਬੀਰ ਸਿੰਘ) – ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਭਗਤਾਂਵਾਲੇ ਕੂੜਾ ਡੰਪ ਦੇ ਕਾਰਨ ਲੋਕਾਂ ਦੀ ਸਿਹਤ ਨਾਲ ਕੀਤੇ ਜਾ ਰਹੇ ਖਿਲਵਾੜ ਨੂੰ ਅਪਰਾਧ ਕਰਾਰ ਦਿੱਤਾ ਅਤੇ ਕਿਹਾ ਕਿ ਚੁਣੇ ਹੋਏ ਨੁਮਾਇੰਦਿਆਂ ਨੇ ਅਨੇਕਾਂ ਵਾਰ ਵਾਅਦੇ ਕਰਨ ਦੇ ਬਾਵਜ਼ੂਦ ਕੁੱਝ ਵੀ ਨਹੀਂ ਕੀਤਾ।ਜੇ ਕਰ ਰਾਜ ਸਰਕਾਰ ਨੇ ਇਸ ਦਾ ਹੱਲ ਨਾ ਕੱਢਿਆ ਤਾਂ ਇਸ ਮੁੱਦੇ ਨੂੰ ਕੇਂਦਰ ਤੱਕ ਲਿਜਾਇਆ ਜਾਵੇਗਾ ਅਤੇ ਫ਼ੰਡ ਲੈ ਕੇ ਆਵਾਂਗਾ।ਉਨ੍ਹਾਂ ਕਿਹਾ ਕਿ ਪ੍ਰਵਾਸੀ ਭਾਈਚਾਰਾ ਅੰਮ੍ਰਿਤਸਰ ਦੀ ਪਵਿੱਤਰਤਾ ਲਈ ਬਹੁਤ ਕੁੱਝ ਕਰਨਾ ਚਾਹੁੰਦੇ ਹਨ।ਉਹ ਪੈਸਾ ਅਤੇ ਮਸ਼ੀਨਰੀ ਦੇਣ ਲਈ ਤਿਆਰ ਹਨ।ਸੰਧੂ ਨੇ ਸਵੇਰ ਸਮੇਂ ਭਗਤਾਂਵਾਲਾ ਡੰਪ ਦਾ ਦੌਰਾ ਕੀਤਾ ਅਤੇ ਸਥਿਤੀ ਦਾ ਜਾਇਜ਼ਾ ਲਿਆ, ਜਿਸ ਨੂੰ ਰਾਤ ਸਮੇਂ ਅੱਗ ਲੱਗੀ ਹੋਈ ਸੀ।ਸੰਧੂ ਸਮੁੰਦਰੀ ਨੇ ਪ੍ਰਭਾਵਿਤ ਲੋਕਾਂ ਅਤੇ ਸਥਾਨਕ ਨਿਵਾਸੀਆਂ ਨਾਲ ਗੱਲਬਾਤ ਕੀਤੀ।ਉਨਾਂ ਨਾਲ ਹਰਜਿੰਦਰ ਸਿੰਘ ਠੇਕੇਦਾਰ, ਗੁਰਪ੍ਰਤਾਪ ਸਿੰਘ ਟਿੱਕਾ, ਅਜੈਪਾਲ ਬੀਰ ਸਿੰਘ ਰੰਧਾਵਾ ਅਤੇ ਪ੍ਰੋ. ਸਰਚਾਂਦ ਸਿੰਘ ਵੀ ਮੌਜ਼ੂਦ ਸਨ।
ਸਥਾਨਕ ਨਿਵਾਸੀਆਂ ਨੇ ਸੰਧੂ ਸਮੁੰਦਰੀ ਨੂੰ ਕਿਹਾ ਕਿ ਉਨ੍ਹਾਂ ਦਾ ਮੈਡੀਕਲ ਚੈਕਅਪ ਕਰਵਾ ਲਵੋ, ਸਾਡੇ ’ਚ ਕਈ ਬਿਮਾਰੀਆਂ ਦੇ ਲੱਛਣ ਮਿਲਣਗੇ।ਇਥੇ ਸਾਹ ਲੈਣਾ ਵੀ ਮੁਸ਼ਕਲ ਹੈ।ਹਰ ਮਹੀਨੇੇ ਉਹ ਦਸ ਹਜ਼ਾਰ ਦੀ ਦਵਾਈ ਖਾਂਦੇ ਹਨ।60 ਸਾਲ ਤੋਂ ਉਪਰ ਵਾਲਾ ਸਾਡੇ ’ਚ ਕੋਈ ਵੀ ਨਹੀਂ ਰਹਿੰਦਾ।ਬੱਚਿਆਂ ਨੂੰ ਰਿਸ਼ਤਾ ਕਰਨ ਲੱਗਿਆਂ ਲੋਕ ਕਈ ਵਾਰ ਸੋਚਦੇ ਹਨ ਅਤੇ ਨਾ ੇ ਘਰ ਵਿਕਦੇ ਹਨ, ਕਿ ਕਿਤੇ ਹੋਰ ਚਲੇ ਜਾਈਏ।ਉਨ੍ਹਾਂ ਕਿਹਾ ਕਿ ਅੱਗ ਅਚਾਨਕ ਨਹੀਂ ਲੱਗੀ, ਇਹ ਇਕ ਸਾਜ਼ਿਸ਼ ਹੈ।ਭਗਤਾਂਵਾਲਾ ਡੰਪ ਸਾਂਝੀ ਸੰਘਰਸ਼ ਕਮੇਟੀ ਨੇ ਇੱਕ ਯਾਦ ਪੱਤਰ ਦਿੰਦਿਆਂ ਕਿਹਾ ਕਿ ਹੁਣ ਤੱਕ ਰਾਜਨੀਤਿਕ ਪਾਰਟੀਆਂ ਅਤੇ ਉਨ੍ਹਾਂ ਦੇ ਨੇਤਾਵਾਂ ਨੇ ਇਸ ਡੰਪ ਦੇ ਮੁੱਦੇ ਦੀ ਗੰਭੀਰਤਾ ਨੂੰ ਸਮਝਿਆ ਹੀ ਨਹੀਂ।
ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਅਨਾਜ ਮੰਡੀ ਦੇ ਕੋਲ ਹੀ ਇਹ ਡੰਪ ਹੈ।ਉਹ ਪ੍ਰਭਾਵਿਤ ਲੋਕਾਂ ਨਾਲ ਖੜੇ ਹਨ।ਉਨ੍ਹਾਂ ਕਿਹਾ ਕਿ ਡੰਪ ਨੂੰ ਲੈ ਕੇ ਸਾਡੇ ਭੈਣ ਭਰਾ ਲੜ ਰਹੇ ਹਨ, ਉਨ੍ਹਾਂ ਦੀ ਆਵਾਜ਼ ਸੁਣੀ ਜਾਣੀ ਚਾਹੀਦੀ ਹੈ।ਇਹ ਇਕ ਸਕੈਮ-ਘੋਟਾਲਾ ਹੈ, ਜੇ ਅਚਾਨਕ ਅੱਗ ਨਹੀਂ ਲੱਗੀ ਤਾਂ ਇਸ ਬਾਰੇ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਕਿਹਾ ਕਿ ਲੋਕਾਂ ਨੇ ਸਾਥ ਦਿੱਤਾ ਤਾਂ ਅੰਮ੍ਰਿਤਸਰ ਦੇ ਸਾਰੇ ਮਸਲੇ ਹੱਲ ਕਰਵਾਏ ਜਾਣਗੇ।

Check Also

ਸਰਬੱਤ ਦਾ ਭਲਾ ਟਰੱਸਟ ਵਲੋਂ ਬਾਬਾ ਮੇਹਰ ਦਾਸ ਪਾਓ ਵਾਲੇ ਦੇ ਅਸਥਾਨ ‘ਤੇ ਅੱਖਾਂ ਦਾ ਮੁਫ਼ਤ ਕੈਂਪ

ਸੰਗਰੂਰ, 27 ਜਨਵਰੀ (ਜਗਸੀਰ ਲੌਂਗੋਵਾਲ) – ਸਥਾਨਕ ਬਾਬਾ ਮੇਹਰ ਦਾਸ ਪਾਓ ਦੇ ਅਸਥਾਨ ‘ਤੇ ਸਰਬੱਤ …