ਮਾਨ ਨੇ `ਆਪ` ਵਰਕਰਾਂ ਦੀ ਕੀਤੀ ਤਾਰੀਫ਼
ਅੰਮ੍ਰਿਤਸਰ, 17 ਮਈ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਮ੍ਰਿਤਸਰ ਵਿੱਚ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ।ਜਿਸ ਦੌਰਾਨ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਪਾਰਟੀ ਵਰਕਰਾਂ ਦੀ ਮਿਹਨਤ ਦੀ ਤਾਰੀਫ਼ ਕੀਤੀ ਅਤੇ ਆਉਣ ਵਾਲੀ ਚੋਣ ਰਣਨੀਤੀ ਬਾਰੇ ਵਿਚਾਰ-ਚਰਚਾ ਕੀਤੀ।
ਅਹੁਦੇਦਾਰਾਂ ਅਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਸ ਵਾਰ ਮੇਰਾ ਪੰਜਾਬ ਆਉਣ ਦਾ ਕੋਈ ਖ਼ਾਸ ਏਜੰਡਾ ਨਹੀਂ ਸੀ।ਇਸ ਵਾਰ ਮੈਂ ਪੰਜਾਬ ਦੇ ਲੋਕਾਂ ਅਤੇ ਆਪਣੇ ਵਰਕਰਾਂ ਨੂੰ ਮਿਲਣ ਆਇਆ ਹਾਂ।ਜਦੋਂ ਵੀ ਮੈਂ ਜੇਲ੍ਹ ਵਿੱਚ ਭਗਵੰਤ ਮਾਨ ਨੂੰ ਮਿਲਦਾ ਸੀ, ਮੈਂ ਤੁਹਾਡੇ ਬਾਰੇ ਪੁੱਛਦਾ ਸੀ।ਭਾਜਪਾ ਦੀ ਆਲੋਚਨਾ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਸੋਚਦੀ ਸੀ ਕਿ ਮੈਨੂੰ ਗ੍ਰਿਫ਼ਤਾਰ ਕਰਕੇ ਉਹ ਆਮ ਆਦਮੀ ਪਾਰਟੀ ਨੂੰ ਖ਼ਤਮ ਕਰ ਦੇਵੇਗੀ।ਪਰ ਮੇਰੀ ਗ੍ਰਿਫ਼ਤਾਰੀ ਨਾਲ ਪਾਰਟੀ ਨੂੰ ਕੋਈ ਫ਼ਰਕ ਨਹੀਂ ਪੈਣ ਵਾਲਾ ਹੈ।ਆਮ ਆਦਮੀ ਪਾਰਟੀ ਦਾ ਹਰ ਇੱਕ ਵਰਕਰ ਕੇਜਰੀਵਾਲ ਹੈ।ਇਥੇ ਹਰ ਵਰਕਰ ਖੜ੍ਹਾ ਹੋ ਕੇ ਕਮਾਂਡ ਸੰਭਾਲੇਗਾ।
ਕੇਜਰੀਵਾਲ ਨੇ `ਆਪ` ਵਰਕਰਾਂ ਨੂੰ ਅਪੀਲ ਕੀਤੀ ਕਿ ਚੋਣ ਪ੍ਰਚਾਰ ਕਰਨ ਲਈ ਅਜੇ 10-12 ਦਿਨ ਬਾਕੀ ਹਨ।ਇਨ੍ਹਾਂ 10-12 ਦਿਨਾਂ ਵਿੱਚ ਐਨੀ ਮਿਹਨਤ ਕਰੋ ਕਿ ਪਾਰਟੀ ਪੰਜਾਬ ਦੀਆਂ ਸਾਰੀਆਂ 13 ਦੀਆਂ 13 ਸੀਟਾਂ ਜਿਤੇ।4 ਜੂਨ ਨੂੰ ਚੋਣ ਨਤੀਜਿਆਂ ਵਾਲੇ ਦਿਨ ਮੈਂ ਜੇਲ੍ਹ ਵਿੱਚ ਰਹਾਂਗਾ, ਪਰ ਚੋਣ ਨਤੀਜੇ ਟੀ.ਵੀ `ਤੇ ਦੇਖਾਂਗਾ।ਮੈਨੂੰ ਭਰੋਸਾ ਹੈ ਕਿ ਤੁਸੀਂ ਲੋਕ ਮੈਨੂੰ ਨਿਰਾਸ਼ ਨਹੀਂ ਕਰੋਗੇ।
ਭਗਵੰਤ ਮਾਨ ਨੇ ਕਿਹਾ ਕਿ ਅਗਲੇ 12-13 ਦਿਨ ਬਹੁਤ ਹੀ ਅਹਿਮ ਹਨ।ਇਨ੍ਹਾਂ 12-13 ਦਿਨਾਂ ਵਿੱਚ ਸਾਨੂੰ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਲਈ ਸਖ਼ਤ ਮਿਹਨਤ ਕਰਨੀ ਪਵੇਗੀ।ਮਾਨ ਨੇ ਕਿਹਾ ਕਿ ਰਿਪੋਰਟ ਮੁਤਾਬਿਕ ਚਾਰ ਪੜਾਅ ਵਿੱਚ ਭਾਜਪਾ ਹਾਰ ਰਹੀ ਹੈ।ਇਸ ਵਾਰ ਭਾਰਤ ਗੱਠਜੋੜ ਦੀ ਸਰਕਾਰ ਬਣੇਗੀ ਅਤੇ ਇਸ ਵਿੱਚ ਸਭ ਤੋਂ ਵੱਡਾ ਯੋਗਦਾਨ ਆਮ ਆਦਮੀ ਪਾਰਟੀ ਦਾ ਹੋਵੇਗਾ।ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ 10 ਸਾਲ ਬਾਅਦ ਵੀ ਮੰਗਲ-ਸੂਤਰ ਅਤੇ ਮੁਸਲਮਾਨਾਂ ਦੀ ਗੱਲ ਕਰਦੇ ਹਨ।