ਅੰਮ੍ਰਿਤਸਰ, 4 ਜਨਵਰੀ (ਜਸਬੀਰ ਸਿੰਘ) – ਸਥਾਨਕ ਕ੍ਰਿਸਟਲ ਹੋਟਲ ਵਿਖੇ ਚਰਚ ਆਫ ਨਾਰਥ ਇੰਡੀਆ ਦੀ ਡਾਇਉਸਿਸ ਆਫ ਅੰਮ੍ਰਿਤਸਰ, ਰੋਮਨ ਕੈਥੋਲਿਕ ਦੀ ਡਾਇਉਸਿਸ ਆਫ ਜਲੰਧਰ ਅਤੇ ਸਾਲਵੇਸ਼ਨ ਆਰਮੀ ਵੱਲੋ ਸਾਂਝੇ ਤੌਰ ਤੇ ਬੁਲਾਏ ਗਏ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਚਰਚ ਆਫ ਨਾਰਥ ਇੰਡੀਆ ਦੇ ਮੌਡਰੇਟਰ ਅਤੇ ਅੰਮ੍ਰਿਤਸਰ ਡਾਇਉਸਿਸ ਦੇ ਬਿਸ਼ਪ ਮਾਨਯੋਗ ਬਿਸ਼ਪ ਪੀ.ਕੇ. ਸਾਮੰਤਾਰਾਏ ਨੇ ਕਿਹਾ ਕਿ ਜਬਰੀ ਧਰਮ ਪ੍ਰੀਵਰਤਨ ਸਾਡੇ ਸੰਵਿਧਾਨ ਦੀ ਰੂਹ, ਵਿਅਕਤੀ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ ਅਤੇ ਮਨੁੱਖੀ ਅਧਿਕਾਰਾਂ ਦਾ ਉਲੰਘਣਾ ਹੈ।
ਉਹਨਾਂ ਕਿਹਾ ਕਿ ਕਿਸੇ ਵੀ ਧਰਮ ਨੂੰ ਮੰਨਣਾ ਜਾਂ ਨਾ ਮੰਨਣਾ ਵਿਅਕਤੀ ਦੀ ਅੰਤਰੀਵ ਆਤਮਾ ਦਾ ਮਾਮਲਾ ਅਤੇ ਸੰਵਿਧਾਨਕ ਤੇ ਕੁਦਰਤੀ ਅਧਿਕਾਰ ਹੈ।ਭਾਰਤੀ ਸੰਵਿਧਾਨ ਦੀ ਧਾਰਾ 25 ਹਰੇਕ ਵਿਅਕਤੀ ਨੂੰ ਕਿਸੇ ਵੀ ਧਰਮ ਨੂੰ ਮੰਨਣ ਅਤੇ ਉਸ ਦਾ ਪ੍ਰਚਾਰ ਕਰਨ ਦੀ ਅਜ਼ਾਦੀ ਦਿੰਦੀ ਹੈ।ਬਿਸ਼ਪ ਸਾਮੰਤਾਰਾਏ ਨੇ ਕਿਹਾ ਕਿ ਚਰਚ ਹਮੇਸ਼ਾਂ ਤੋ ਕਿਸੇ ਵਿਅਕਤੀ ਦਾ ਜਬਰਨ, ਲਾਲਚ, ਜਾਂ ਮਜਬੂਰੀ ਦਾ ਲਾਭ ਉਠਾ ਕੇ ਧਰਮ ਤਬਦੀਲ ਕਰਨ ਦੇ ਵਿਰੁੱਧ ਰਿਹਾ ਹੈ ਭਾਵੇਂ ਉਹ ਕਿਸੇ ਵੀ ਧਰਮ ਵੱਲੋ ਕੀਤਾ ਜਾਵੇ।
ਘਰ ਵਾਪਸੀ ਬਾਰੇ ਬਿਸ਼ਪ ਸਾਮੰਤਾਰਾਏ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਫਿਰਕੂ ਧਾਰਮਿਕ ਸੰਗਠਨ ਜਿਵੇਂ ਆਰ.ਐਸ.ਐਸ, ਧਰਮ ਜਾਗਰਣ ਮੰਚ, ਵਿਸ਼ਵ ਹਿੰਦੂ ਪ੍ਰੀਸ਼ਦ, ਆਦਿ ਜਬਰੀ ਧਰਮ ਤਬਦੀਲੀ ਨੂੰ ਘਰ ਵਾਪਸੀ ਦਾ ਨਾਮ ਦੇ ਕੇ ਕਨੂੰਨ ਦੀਆ ਅੱਖਾਂ ਵਿੱਚ ਘੱਟਾ ਪਾਉਣ ਅਤੇ ਅੰਕੜਿਆ ਦੀ ਰਾਜਨੀਤੀ ਦੀ ਕੋਝੀ ਖੇਡ ਖੇਡ ਰਹੇ ਹਨ ਤਾਂ ਜੋ ਮੁੱਠੀ ਭਰ ਲੋਕਾਂ ਨੂੰ ਵਿਸ਼ੇਸ਼ ਕਰਕੇ ਰਾਜ ਕਰਦੀ ਧਿਰ ਨੂੰ ਲਾਭ ਪਹੁੰਚਾਇਆ ਜਾ ਸਕੇ।
ਜਲੰਧਰ ਡਾਇਉਸਿਸ਼ ਦੇ ਬਿਸ਼ਪ ਮਾਨਯੋਗ ਬਿਸ਼ਪ ਫਰੈਕੋ ਨੇ ਕਿਹਾ ਕਿ ਘਰ ਵਾਪਸੀ ਦੇ ਨਾਮ ‘ਤੇ ਦਲਿਤ ਸਮਾਜ ਨੂੰ ਵੰਡਣ ਅਤੇ ਭਰਾ ਮਾਰੂ ਜੰਗ ਕਰਵਾਉਣ ਦੀ ਜੋ ਫਿਰਕੂ ਤਾਕਤਾਂ ਵੱਲੋ ਘੱਟੀਆ ਅਤੇ ਨਿੰਦਣਯੋਗ ਪਰਪੰਚ ਰਚਿਆ ਜਾ ਹੈ ਉਸ ਨੂੰ ਕਿਸੇ ਵੀ ਤਰ੍ਵਾ ਸਫਲ ਨਹੀ ਹੋਣ ਦਿੱਤਾ ਜਾਵੇਗਾ।
ਅਖਬਾਰ ਵਿੱਚ ਬਹੁ ਚਰਚਿਤ ਗੁਰੂ ਕੀ ਵਡਾਲੀ ਦੀ ਘਟਨਾ ਬਾਰੇ ਬੋਲਦੇ ਹੋਏ ਉਹਨਾਂ ਕਿਹਾ ਕਿ ਉਥੇ ਕਿਸੇ ਨੇ ਵੀ ਧਰਮ ਤਬਦੀਲ ਨਹੀ ਕੀਤਾ ਸਗੋ ਲੋਕ ਕੁੱਝ ਵਿਅਕਤੀਆਂ ਦੀ ਘਟੀਆ ਤੇ ਕੋਝੀ ਰਾਜਨੀਤਕ ਹਰਕਤ ਦਾ ਸ਼ਿਕਾਰ ਹੋਏ ਸਨ ਜੋ ਉਹਨਾਂ ਨੇ ਅਗਲੇ ਦਿਨ ਹੀ ਮੀਡੀਆ ਵਿੱਚ ਸਪੱਸ਼ਟ ਕਰ ਦਿੱਤਾ ਸੀ।ਬਿਸ਼ਪ ਫਰੈਕੋ ਨੇ ਹੈਰਾਨੀ ਪ੍ਰਗਟ ਕਰਦੇ ਹੋਏ ਕਿਹਾ ਕਿ ਸਿੱਖਾਂ ਦੀ ਧਾਰਮਿਕ ਜਥੇਬੰਦੀ ਸ਼ਕਤੀਸ਼ਾਲੀ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਅਤੇ ਧਰਮ ਪ੍ਰਚਾਰ ਕਮੇਟੀ ਦੇ ਹੁੰਦੇ ਹੋਏ ਆਰ.ਐਸ. ਐਸ ਦੇ ਧਰਮ ਜਾਗਰਣ ਮੰਚ ਨੂੰ ਕਿਸ ਨੇ ਅਧਿਕਾਰ ਦੇ ਦਿੱਤਾ ।
ਸਾਲਵੇਸ਼ਨ ਆਰਮੀ ਦੇ ਡਵੀਜਨਲ ਕਮਾਂਡਰ ਮੇਜਰ ਮੈਨੂਅਲ ਮਸੀਹ ਨੇ ਕਿਹਾ ਕਿ ਇਹ ਅਸਲੀਅਤ ਇਹ ਹੈ ਕਿ ਬਹੁਤ ਸਾਰੇ ਅਜਿਹੇ ਪ੍ਰੀਵਾਰ ਹਨ ਜਿਹਨਾਂ ਵਿੱਚੋ ਅੱਧੇ ਮੱਜ੍ਹਬੀ ਸਿੱਖ ਹਨ ਅਤੇ ਅੱਧੇ ਮਸੀਹੀ ਹਨ, ਇਥੋਂ ਤੱਕ ਕਿ ਪਤੀ ਪਤਨੀ ਵਿੱਚੋ ਵੀ ਇੱਕ ਮਜ੍ਹਬੀ ਸਿੱਖ ਤੇ ਇੱਕ ਇਸਾਈ ਹੈ।ਇਸੇ ਤਰ੍ਹਾ ਬਾਲਮੀਕੀਆ ਅਤੇ ਇਸਾਈ ਪ੍ਰੀਵਾਰਾਂ ਵਿੱਚ ਰਿਸ਼ਤੇ ਨਾਤੇ ਹਨ।ਉਹਨਾਂ ਦੇ ਨਹੁੰ ਮਾਸ ਦੇ ਰਿਸ਼ਤੇ ਨੂੰ ਕੌਣ ਅੱਡ ਕਰ ਸਕਦਾ ਹੈ। ਫਾਦਰ ਜੌਹਨ ਨੇ ਕਿਹਾ ਕਿ ਮਸੀਹੀ ਧਰਮ ਨੂੰ ਜੋ ਵਿਅਕਤੀ ਅੰਤਰ ਆਤਮਾ ਦੀ ਅਵਾਜ ਤੇ ਗ੍ਰਹਿਣ ਕਰਦਾ ਹੈ ਉਸ ਨੂੰ ਕੋਈ ਵੀ ਦਬਾਓ, ਲਾਲਚ ਜਾਂ ਡਰ ਮਸੀਹੀ ਤੋ ਅੱਡ ਨਹੀ ਕਰ ਸਕਦਾ। ਐਸ.ਈ.ਡੀ.ਪੀ ਦੇ ਡਾਇਰੈਕਟਰ ਅਤੇ ਡਾਇਉਸਿਸ ਆਫ ਅੰਮ੍ਰਿਤਸਰ ਦੇ ਪ੍ਰਾਪਟੀ ਮੈਨੇਜਰ ਡੈਨੀਅਲ ਬੀ ਦਾਸ ਘਰ ਵਾਪਸੀ ਦੀ ਗੱਲ ਕਰਦੇ ਹੋਏ ਸ੍ਰੀ ਦਾਸ ਨੇ ਕਿਹਾ ਕਿ ਅਸੀ ਸਾਰੇ ਭਾਰਤੀ ਹਾਂ ਅਤੇ ਘਰੋਂ ਜਦ ਕੋਈ ਗਿਆ ਹੀ ਨਹੀ ਤਾਂ ਘਰ ਵਾਪਸੀ ਦੀ ਗੱਲ ਕਿਥੋ ਆ ਗਈ।
ਮਸੀਹੀ ਆਗੂਆ ਨੇ ਸਰਕਾਰ ਤੋ ਮੰਗ ਕੀਤੀ ਕਿ ਘਰ ਵਾਪਸੀ ਦੇਨਾਮ ‘ਤੇ ਜ਼ਬਰੀ ਧਰਮ ਤਬਦੀਲੀ ਕਰਨ, ਸਮਾਜ ਵਿੱਚ ਫੁੱਚ ਪਾਉਣ ਅਤੇ ਗਲਤ ਅਫਵਾਹਾਂ ਫੈਲਾ ਕੇ ਸਮਾਜ ਵਿੱਚ ਬਦਅਮਨੀ ਪੈਦਾ ਕਰਨ ਵਾਲੇ ਫਿਰਕੂ ਅਤੇ ਸ਼ਰਾਰਤੀ ਅਨਸਰਾਂ ਵਿਰੁੱਧ ਤੁਰੰਤ ਕਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਧਰਮ ਤਬਦੀਲੀ ਉਰਫ ਘਰ ਵਾਪਸੀ ਦੇ ਪ੍ਰੋਗਰਾਮਾਂ ਦੇ ਆਯੋਜਨਾਂ ‘ਤੇ ਪਾਬੰਦੀ ਲਗਾਈ ਜਾਵੇ। ਉਹਨਾਂ ਕਿਹਾ ਕਿ ਜੇ ਸਰਕਾਰ ਅਤੇ ਸਥਾਨਕ ਪ੍ਰਾਸ਼ਸ਼ਨ ਨੇ ਕੋਈ ਸਾਰਥਕ ਕਦਮ ਨਾ ਚੁੱਕਿਆ ਤਾਂ ਮਸੀਹੀ ਭਾਈਚਾਰਾ ਸੜਕਾਂ ਤੇ ਆਉਣ ਲਈ ਮਜਬੂਰ ਹੋਵੇਗਾ।ਇਸ ਮੌਕੇ ਡਾਇਉਸਿਸ ਆਫ ਅੰਮ੍ਰਿਤਸਰ ਦੇ ਵਿੱਤ ਅਧਿਕਾਰੀ ਪਾਦਰੀ ਅਯੂਬ ਡੈਨੀਅਲ, ਵਾਈਸ ਪ੍ਰਧਾਨ ਪਾਦਰੀ ਸੋਹਣ ਲਾਲ, ਸੈਕਟਰੀ ਪਾਦਰੀ ਵਿਜੇ ਕੁਮਾਰ ਅਤੇ ਐਸ.ਈ.ਡੀ.ਪੀ ਜੇ ਕੋਆਰਡੀਨੇਟਰ ਬਿੱਟੂ ਮਸੀਹ ,ਬਿਸ਼ਪ ਸਾਮੰਤਾਰਾਏ ਦੇ ਨਿੱਜੀ ਸੈਕਟਰੀ ਸz ਮਹਿੰਦਰ ਸਿੰਘ ਤੇ ਮਹੇਸ਼ ਸਵੈਨ ਵੀ ਹਾਜ਼ਰ ਸਨ।
Check Also
ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ
ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …