2 ਕਰੋੜ ਦੀ ਬਲਾਗਤ ਨਾਲ ਅਨਾਜ ਮੰਡੀ ਮਜੀਠਾ ਦੇ ਕੀਤੇ ਗਏ ਵਿਸਥਾਰ ਦਾ ਕੀਤਾ ਉਦਘਾਟਨ
ਮਜੀਠਾ, 4 ਜਨਵਰੀ (ਸੁਖਬੀਰ ਸਿੰਘ) – ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਦੇਸ਼ ਵਿੱਚੋਂ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਸ਼ੇਸ਼ ਜਾਗਰੂਕਤਾ ਮੁਹਿੰਮ ਤਹਿਤ ਕਲ ੫ ਜਨਵਰੀ ਨੂੰ ਸਰਹੱਦ ‘ਤੇ ਦਿੱਤੇ ਜਾ ਰਹੇ ਰੋਸ ਧਰਨਿਆਂ ਲਈ ਅਕਾਲੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਸ: ਮਜੀਠੀਆ ਅੱਜ ਇੱਥੇ ਕਰੀਬ ੨ ਕਰੋੜ ਰੁਪਏ ਲਾਗਤ ਨਾਲ ਅਨਾਜ ਮੰਡੀ ਮਜੀਠਾ ਵਿਖੇ ਅਡੀਸ਼ਨਲ ਆਕਸ਼ਨ ਪਲੇਟਫਾਰਮ ਅਤੇ ਅੰਦਰੂਨੀ ਸ਼ੜਕਾਂ ਦੇ ਕੀਤੇ ਗਏ ਵਿਸਥਾਰ ਦਾ ਉਦਘਾਟਨ ਕਰਨ ਲਈ ਆਏ ਹੋਏ ਸਨ ਨੇ ਕਿਹਾ ਕਿ ਰੈਲੀਆਂ ਦੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ।ਅਟਾਰੀ ਵਿੱਚ ਹਜ਼ਾਰਾਂ ਦੀ ਸੰਖਿਆ ਵਿੱਚ ਅਕਾਲੀ ਵਰਕਰਾਂ ਦੀ ਸ਼ਮੂਲੀਅਤ ਦਾ ਦਾਅਵਾ ਕਰਦਿਆਂ ਉਹਨਾਂ ਕਿਹਾ ਕਿ ਅਟਾਰੀ ਵਿਖੇ ਕੀਤੀ ਜਾ ਰਹੀ ਰੈਲੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖਮੰਤਰੀ ਸ: ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ ‘ਤੇ ਸੰਬੋਧਨ ਕਰਨ ਲਈ ਪਹੁੰਚ ਰਹੇ ਹਨ।ਉਹਨਾਂ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਨੂੰ ਨਸ਼ਿਆਂ ਦੇ ਨਾਮ ‘ਤੇ ਬਦਨਾਮ ਕੀਤਾ ਜਾ ਰਿਹਾ ਹੈ, ਜਦ ਕਿ ਨਸ਼ਿਆਂ ਦਾ ਮਸਲਾ ਦੇਸ਼ ਵਿਆਪੀ ਹੈ ਤੇ ਦੇਸ਼ ਦੀ ਲੜਾਈ ਹੈ ਜੋ ਅੱਜ ਪੰਜਾਬ ਲੜ ਰਿਹਾ ਹੈ।ਉਹਨਾਂ ਕਿਹਾ ਕਿ ਰੈਲੀ ਦੌਰਾਨ ਉਹਨਾਂ ਤਾਕਤਾਂ ਦਾ ਪਰਦਾਫਾਸ਼ ਕੀਤਾ ਜਾਵੇਗਾ ਜੋ ਨਸ਼ਿਆਂ ਨੂੰ ਬੜਖ਼ਾਵਾ ਦੇਣ ਅਤੇ ਇਸ ਨੂੰ ਪੰਜਾਬ ਵਿੱਚ ਆਉਣ ਤੋਂ ਰੋਕਣ ਵਿੱਚ ਅਸਫਲ ਰਹੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ਵਿੱਚ ਇੱਕ ਗਰਾਮ ਵੀ ਨਸ਼ਾ ਨਹੀਂ ਉਗਾਇਆ ਜਾ ਰਿਹਾ ਪਰ ਰਾਜਸਥਾਨ ਅਤੇ ਮੱਧ ਪ੍ਰਦੇਸ ਆਦਿ ਨਸ਼ਾ ਪੈਦਾ ਕਰਨ ਵਾਲਿਆਂ ਰਾਜਾਂ ਨੂੰ ਇਸ ਦੀ ਪੈਦਾਵਾਰ ਅਤੇ ਵਿਕਰੀ ਤੋਂ ਰੋਕੀ ਨਹੀਂ ਜਾ ਰਹੀ, ਨਾਹੀ ਪਾਕਿਸਤਾਨ ਰਾਹੀਂ ਅਫ਼ਗਾਨਿਸਤਾਨ ਤੋਂ ਤਸਕਰੀ ਹੋ ਰਹੀ ਸਮੈਕ ਅਤੇ ਹੈਰੋਇਨ ਨੂੰ ਰੋਕਣ ਲਈ ਪੰਜਾਬ ਸਰਹੱਦ ‘ਤੇ ਤਾਇਨਾਤ ਸੁਰੱਖਿਆ ਫੋਰਸਾਂ ਨੂੰ ਲੋੜਿੰਦੇ ਸਾਜੋ ਮਾਨ ਨਾਲ ਲੈਸ ਕੀਤਾ ਗਿਆ ਜਿਸ ਸੰਬੰਧੀ ਪੰਜਾਬ ਵੱਲੋਂ ਕਈ ਵਾਰ ਅਪੀਲਾਂ ਕੀਤੀਆਂ ਜਾ ਚੁੱਕੀਆਂ ਹਨ।ਉਹਨਾਂ ਕਿਹਾ ਕਿ ਨਸ਼ਿਆਂ ਦਾ ਮਸਲਾ ਬੜਾ ਗੰਭੀਰ ਤੇ ਚਿੰਤਾ ਦਾ ਵਿਸ਼ਾ ਹੈ, ਜਿਸ ਪ੍ਰਤੀ ਪੰਜਾਬ ਸਰਕਾਰ ਸੁਚੇਤ ਹੈ ਤੇ ਸਰਕਾਰ ਨੇ ਪੂਰੇ ਦੇਸ ‘ਚ ਸਭ ਤੋਂ ਵਧ ਨਸ਼ਿਆਂ ਦੇ ਧੰਦੇ ਵਿੱਚ ਲੱਗੇ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਨਸ਼ਿਆਂ ਦੇ ਆਦੀ ਨੌਜਵਾਨਾਂ ਦਾ ਨਸ਼ਾ ਛਡਾਉਣ ਲਈ ਹਰ ਜ਼ਿਲੇਖ਼ ਵਿੱਚ ਨਸ਼ਾ ਛੁਡਾਊ ਕੇਂਦਰ ਖੋਲੇ ਗਏ ਹਨ। ਉਹਨਾਂ ਨਸ਼ਿਆਂ ਸੰਬੰਧੀ ਲੜਾਈ ਵਿੱਚ ਮੁਕੰਮਲ ਜਿੱਤ ਹਾਸਲ ਕਰਨ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ।
ਇਸ ਮੌਕੇ ਸੰਤੋਖ ਸਿੰਘ ਸਮਰਾ, ਹਰਵਿੰਦਰ ਸਿੰਘ ਭੁੱਲਰ, ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਸਲਵੰਤ ਸਿੰਘ ਸੇਠ, ਨਵਦੀਪ ਗੋਲਡੀ, ਰਾਕੇਸ਼ ਪ੍ਰਾਸ਼ਰ, ਪ੍ਰੋ: ਸਰਚਾਂਦ ਸਿੰਘ, ਸ: ਬਲਬੀਰ ਸਿੰਘ ਚੰਦੀ, ਗਗਨਦੀਪ ਸਿੰਘ ਭਕਨਾ, ਕੁਲਵਿੰਦਰ ਸਿੰਘ ਧਾਰੀਵਾਲ, ਦਿਲਬਾਗ ਸਿੰਘ ਲਹਿਰਕਾ, ਅਮਰੀਕ ਸਿੰਘ ਬਿੱਟਾ, ਕਿਰਪਾਲ ਸਿੰਘ ਰਾਮਦਿਵਾਲੀ, ਜ਼ੈਲ ਸਿੰਘ ਗੋਪਾਲ ਪੁਰਾ, ਅਮਰਜੀਤ ਸਿੰਘ ਦੋਬੁਰਜੀ, ਅਵਤਾਰ ਸਿੰਘ ਜਲਾਲ ਪੁਰਾ, ਹਰਕੀਰਤ ਸਿੰਘ ਸ਼ਹੀਦ, ਜਗਰੂਪ ਸਿੰਘ ਚੰਦੀ, ਸਰਬਜੀਤ ਸਿੰਘ ਚੰਦੀ, ਪ੍ਰਭਦਿਆਲ, ਅਵਤਾਰ ਸਿੰਘ ਗਿੱਲ, ਤਜਿੰਦਰ ਸਿੰਘ ਲਾਟੀ, ਸੰਤ ਪ੍ਰਕਾਸ਼ ਸਿੰਘ, ਰਾਜੇਸ਼ ਕੁਮਾਰ ਲਾਟੀ, ਕੁਲਦੀਪ ਸਿੰਘ, ਸੁਰਿੰਦਰ ਗੋਕਲ, ਭਾਮੇ ਸ਼ਾਹ, ਕੇਵਲ ਭਗਤ, ਦੇਸ਼ ਰਾਜ, ਅਮਰਜੀਤ ਸਿੰਘ, ਗੋਲਡੀ ਚੌਹਾਨ, ਯੂਨਸ ਮਸੀਹ, ਮੁਕੇਸ਼ ਕੁਮਾਰ ਨੰਦਾ, ਸੱਜਣ ਸਿੰਘ ਡੱਡੀਆਂ, ਸਰਪੰਚ ਕੁਲਵਿੰਦਰ ਸਿੰਘ, ਅਮਰਦੀਪ ਸਿੰਘ ਕੌੜਾ, ਮੇਜਰ ਸਿੰਘ, ਜਗਦੀਸ਼ ਸਿੰਘ ਐਸਡੀਓ, ਮਨਮੋਹਨ ਸਿੰਘ ਰੰਧਾਵਾ, ਪਰਮਿੰਦਰ ਸਿੰਘ ਐਸਡੀਓ, ਮਨਜਿੰਦਰ ਸਿੰਘ ਗੁਰਮੀਤ ਸਿੰਘ ਸਹਿਣੇ ਵਾਲੀ ਆਦਿ ਮੌਜੂਦ ਸਨ।