Sunday, July 7, 2024

ਕੈਬਨਿਟ ਮੰਤਰੀ ਧਾਲੀਵਾਲ ਵਲੋਂ ਲੋਕ ਗਾਇਕਾ ਗੁਰਮੀਤ ਬਾਵਾ ਦੇ ਪਰਿਵਾਰ ਨੂੰ ਇੱਕ ਲੱਖ ਦੀ ਮਦਦ

ਕਿਹਾ, ਗੁਰਮੀਤ ਬਾਵਾ ਦੀਆਂ ਦੁਕਾਨਾਂ ‘ਤੇ ਕੀਤੇ ਨਾਜਾਇਜ਼ ਕਬਜ਼ੇ ਛੱਡਣ ਦੁਕਾਨਦਾਰ

ਅੰਮ੍ਰਿਤਸਰ, 4 ਜੁਲਾਈ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਪੰਜਾਬ ਦੀ ਪ੍ਰਸਿੱਧ ਗਾਇਕਾ ਗੁਰਮੀਤ ਬਾਵਾ ਦੇ ਪਰਿਵਾਰ ਨੂੰ ਇੱਕ ਲੱਖ ਦੀ ਮਦਦ ਦਿੱਤੀ।ਉਨਾਂ ਨੇ ਇਹ ਰਕਮ ਉਹਨਾਂ ਦੀ ਧੀ ਗਲੋਰੀ ਬਾਵਾ ਨੂੰ ਆਪਣੀ ਤਨਖਾਹ ਵਿਚੋਂ ਪਰਿਵਾਰ ਦੇ ਪਾਲਣ ਪੋਸਣ ਲਈ ਸੌਂਪੀ।ਧਾਲੀਵਾਲ ਨੇ ਰੈਡ ਕਰਾਸ ਅੰਮ੍ਰਿਤਸਰ ਵੱਲੋਂ ਵੀ ਇੱਕ ਲੱਖ ਰੁਪਏ ਦਾ ਚੈਕ ਪਰਿਵਾਰ ਨੂੰ ਸੌਂਪਿਆ।ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਅਤੇ ਹੋਰ ਅਧਿਕਾਰੀ ਵੀ ਉਹਨਾਂ ਨਾਲ ਸਨ ।
ਲੋਕ ਗਾਇਕਾ ਗੁਰਮੀਤ ਬਾਵਾ ਦੇ ਘਰ ਪਹੁੰਚੇ ਧਾਲੀਵਾਲ ਨੇ ਪਰਿਵਾਰ ਨੂੰ ਵਿੱਤੀ ਯੋਗਦਾਨ ਦਿੰਦੇ ਹੋਏ ਬੜੇ ਦੁਖੀ ਮਨ ਨਾਲ ਕਿਹਾ ਕਿ ਸਾਡੀ ਉਹ ਗਾਇਕਾ ਜਿਸ ਨੇ ਪੰਜਾਬੀ ਬੋਲੀ ਅਤੇ ਸੱਭਿਆਚਾਰ ਨੂੰ ਵਿਸ਼ਵ ਦੇ ਕੋਨੇ ਕੋਨੇ ਵਿੱਚ ਪਹੁੰਚਾਇਆ ਦੇ ਘਰੇਲੂ ਹਾਲਾਤ ਕੁੱਝ ਕੁਦਰਤੀ ਕਾਰਨਾਂ ਕਰਕੇ ਇੰਨੇ ਖਰਾਬ ਹੋ ਗਏ ਹਨ ਕਿ ਉਹਨਾਂ ਦੀ ਧੀ ਗਲੋਰੀ ਬਾਵਾ ਨੇ ਸੋਸ਼ਲ ਮੀਡੀਆ ‘ਤੇ ਇਸ ਦਾ ਜ਼ਿਕਰ ਕੀਤਾ ਸੀ।ਜਿਸ ਨੂੰ ਪੜ੍ਹ ਕੇ ਉਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ੁੳਹ ਅੱਜ ਪਰਿਵਾਰ ਦਾ ਸਾਥ ਦੇਣ ਲਈ ਅੱਗੇ ਆਏ ਹਨ।ਇਥੇ ਇਹ ਸੁਣ ਕੇ ਮਨ ਹੋਰ ਵੀ ਬਹੁਤ ਦੁੱਖੀ ਹੋਇਆ ਕਿ ਪਰਿਵਾਰ ਦੀਆਂ ਪੰਜ ਦੁਕਾਨਾਂ ਜੋ ਕਿ ਇਹਨਾਂ ਦੀ ਰੋਜ਼ੀ ਰੋਟੀ ਦਾ ਸਾਧਨ ਹਨ, ‘ਤੇ ਵੀ ਕੁੱਝ ਲੋਕਾਂ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ।ਉਹ ਲੋਕ ਨਾ ਤਾਂ ਕਿਰਾਇਆ ਦੇ ਰਹੇ ਹਨ ਅਤੇ ਨਾ ਹੀ ਦੁਕਾਨਾਂ ਖਾਲੀ ਕਰ ਰਹੇ ਹਨ। ਧਾਲੀਵਾਲ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ ਫਲਸਫੇ ‘ਤੇ ਚੱਲਣ ਵਾਲੇ ਪੰਜਾਬੀ ਅਤੇ ਬਾਬੇ ਬੁੱਲੇ ਸ਼ਾਹ ਦੇ ਪੰਜਾਬ ਦੇ ਵਾਸੀ ਪੰਜਾਬੀ ਅੱਜ ਕਿਹੜੇ ਰਾਹ ਪੈ ਗਏ ਕਿ ਆਪਣੇ ਹੀ ਲੋਕਾਂ ਦੀ ਜਾਇਦਾਦਾਂ ਉਤੇ ਕਬਜ਼ੇ ਕਰ ਰਹੇ ਹਨ। ਉਹ ਬੱਚੀ ਜੋ ਕਿ ਆਪਣੀ ਭੈਣ ਡੌਲੀ ਦੀ ਮੌਤ ਤੋਂ ਬਾਅਦ ਦੋ ਪਰਿਵਾਰਾਂ ਦਾ ਪਾਲਣ ਪੋਸਣ ਕਰ ਰਹੀ ਹੈ ਅਤੇ ਦੁਕਾਨਾਂ ਦੀ ਆਮਦਨ ਉਸ ਦਾ ਗੁਜ਼ਾਰਾ ਕਰ ਸਕਦੀ ਹੈ, ਵੀ ਉਸ ਨੂੰ ਦੇਣ ਲਈ ਤਿਆਰ ਨਹੀਂ।ਉਹਨਾਂ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਭਲੇਮਾਣਸੀ ਨਾਲ ਦੁਕਾਨਾਂ ਦਾ ਕਿਰਾਇਆ ਦੇਣਾ ਸ਼ੁਰੂ ਕਰਨ ਜਾਂ ਦੁਕਾਨਾਂ ਖਾਲੀ ਕਰਨ, ਨਹੀਂ ਤਾਂ ਉਹਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।ਧਾਲੀਵਾਲ ਨੇ ਪੰਜਾਬ ਦੇ ਗਾਇਕਾਂ ਖਾਸ ਕਰਕੇ ਨਵੇਂ ਪੀੜੀ ਦੇ ਗਾਇਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਗੁਰਮੀਤ ਬਾਵਾ ਦੇ ਪਰਿਵਾਰ ਦਾ ਖੁੱਲ ਕੇ ਸਾਥ ਦੇਣ ਤਾਂ ਜੋ ਪਰਿਵਾਰ ਨੂੰ ਇਸ ਔਖੀ ਘੜੀ ਵਿਚੋਂ ਕੱਢਿਆ ਜਾ ਸਕੇ।
ਇਸ ਮੌਕੇ ਐਸ.ਡੀ.ਐਮ ਲਾਲ ਵਿਸ਼ਵਾਸ਼, ਡੀ.ਸੀ.ਪੀ ਆਲਮ ਸਿੰਘ, ਜ਼ਿਲਾ ਪ੍ਰਧਾਨ ਆਮ ਆਦਮੀ ਪਾਰਟੀ ਮਨੀਸ਼ ਅਗਰਵਾਲ, ਅਰਵਿੰਦਰ ਭੱਟੀ ਅਤੇ ਰੈਡ ਕਰਾਸ ਦੇ ਸਕੱਤਰ ਸੈਮਸਨ ਮਸੀਹ ਵੀ ਹਾਜ਼ਰ ਸਨ।

Check Also

ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਅਤੇ ਸਨਮਾਨ ਸਮਾਰੋਹ ਦਾ ਆਯੋਜਨ

ਸੰਗਰੂਰ, 6 ਜੁਲਾਈ (ਜਗਸੀਰ ਲੌਂਗੋਵਾਲ) – ਸਥਾਨਕ ਬਨਾਸਰ ਬਾਗ ਸਥਿਤ ਸੀਨੀਅਰ ਸਿਟੀਜਨ ਭਲਾਈ ਸੰਸਥਾ ਵਲੋਂ …