ਨਹਿਰ ਵਿੱਚ ਰੁੜੇ ਬੱਚਿਆਂ ਦੇ ਪਰਿਵਾਰਾਂ ਨੂੰ ਦਿੱਤੀ ਆਰਥਿਕ ਸਹਾਇਤਾ
ਅੰਮ੍ਰਿਤਸਰ, 11 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਨੂੰ ਉਨਾਂ ਦੇ ਘਰਾਂ ਨੇੜੇ ਇਕੋ ਛੱਤ ਹੇਠ ਵੱਖ-ਵੱਖ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਹਰੇਕ ਸਬ ਡਵੀਜ਼ਨ ‘ਚ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਅਤੇ ਲੋਕਾਂ ਨੂੰ ਇੰਨਾ ਕੈਂਪਾਂ ਦਾ ਲਾਹਾ ਲੈਣਾ ਚਾਹੀਦਾ ਹੈ। ਅਜਨਾਲਾ ਵਿਖੇ ਲਗਾਏ ਕੈਂਪ ਦਾ ਦੌਰਾ ਕਰਨ ਪੁੱਜੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਲੋਕਾਂ ਨੂੰ ਮੁਖਾਤਿਬ ਹੁੰਦੇ ਕਿਹਾ ਕਿ ਇੰਨਾਂ ਕੈਂਪਾਂ ਦਾ ਲਾਭ ਇਹ ਹੈ ਕਿ ਸਾਰੇ ਲੋੜ ਵਾਲੇ ਸਰਕਾਰੀ ਕਰਮਚਾਰੀ ਤੇ ਅਧਿਕਾਰੀ ਮੌਕੇ ‘ਤੇ ਹਾਜ਼ਰ ਹੁੰਦੇ ਹਨ, ਜਿਸ ਨਾਲ ਮੌਕੇ ਉਤੇ ਕੰਮ ਹੋ ਜਾਂਦੇ ਹਨ, ਜੋ ਕਿ ਲੋਕਾਂ ਦੀ ਖੱਜ਼ਲ ਖੁਆਰੀ ਘੱਟ ਕਰਦੇ ਹਨ।ਉਨਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੱਲ ਰਹੀ ਆਪ ਸਰਕਾਰ ਤੁਹਾਡੀ ਸਰਕਾਰ ਹੈ ਅਤੇ ਸਾਡਾ ਹਰ ਕੰਮ ਲੋਕ ਸੇਵਾ ਲਈ ਹੈ।ਉਨਾਂ ਕਿਹਾ ਕਿ ਲੋਕ ਕੈਂਪਾਂ ਵਿੱਚ ਪਹੁੰਚ ਕੇ ਲਾਹਾ ਜਰੂਰ ਲੈਣ।ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਦੱਸਿਆ ਕਿ ‘ਆਪ ਦੀ ਸਰਕਾਰ ਆਪ ਦੇ ਦੁਆਰ’ ਤਹਿਤ ਜਿਲ੍ਹੇ ਵਿੱਚ ਕੈਂਪ ਲਗਾ ਕੇ ਲੋਕਾਂ ਨੂੰ ਸਰਕਾਰੀ ਸੇਵਾਵਾਂ ਦਾ ਲਾਭ ਦਿੱਤਾ ਜਾ ਰਿਹਾ ਹੈ।
ਇਸੇ ਦੌਰਾਨ ਬੀਤੀ ਦਿਨੀ ਰਾਜਾਸਾਂਸੀ ਨੇੜੇ ਨਹਿਰ ਵਿੱਚ ਰੁੜ ਗਏ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਆਰਥਿਕ ਸਹਾਇਤਾ ਦੇ ਚੈਕ ਦਿੱਤੇ।ਉਨਾਂ ਨੇ ਕਿਹਾ ਕਿ ਛੇਤੀ ਹੀ ਮੁੱਖ ਮੰਤਰੀ ਪੰਜਾਬ ਵਲੋਂ 2-2 ਲੱਖ ਰੁਪਏ ਦੀ ਹੋਰ ਸਹਾਇਤਾ ਰਾਸ਼ੀ ਵੀ ਇਨਾਂ ਪਰਿਵਾਰਾਂ ਨੂੰ ਦਿੱਤੀ ਜਾਵੇਗੀ।
ਅੱਜ ਅਜਨਾਲਾ ਵਿਖੇ ਲਗਾਏ ਗਏ ਕੈਂਪ ਦਾ ਨਿਰੀਖਣ ਕਰਦਿਆਂ ਡਿਪਟੀ ਕਮਿਸ਼ਨਰ ਨੇ ਜਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਪ ਦੀ ਸਰਕਾਰ ਆਪ ਦੇ ਦੁਆਰ ਤਹਿਤ ਹਰੇਕ ਵਿਧਾਨ ਸਭਾ ਹਲਕੇ ਵਿੱਚ ਕੈਂਪ ਲਗਾਏ ਜਾਣਗੇ ਤਾਂ ਜੋ ਜ਼ਿਲੇ੍ਹ ਦੇ ਸਾਰੇ ਨਾਗਰਿਕ ਆਪਣੀ ਲੋੜ ਦੀਆਂ ਸੇਵਾਵਾਂ ਹਾਸਲ ਕਰ ਸਕਣ।ਇਸ ਲਈ ਸਮੂਹ ਨਾਗਰਿਕ ਆਪੋ ਆਪਣੇ ਪਿੰਡਾਂ ਤੇ ਸ਼ਹਿਰਾਂ ਵਿੱਚ ਲੱਗਣ ਵਾਲੇ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਕੈਂਪਾਂ ਵਿੱਚ ਪਹੁੰਚਣ ਤਾਂ ਜੋ ਉਹ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਸੇਵਾਵਾਂ ਹਾਸਲ ਕਰ ਸਕਣ।ਜਿਲ੍ਹਾ ਪੁਲਿਸ ਮੁਖੀ ਸਤਿੰਦਰ ਸਿੰਘ ਨੇ ਵੀ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਨਸ਼ੇ ਦੇ ਖਾਤਮੇ ਲਈ ਲੋਕਾਂ ਤੋਂ ਸਾਥ ਮੰਗਿਆ।ਉਨਾਂ ਕਿਹਾ ਕਿ ਪੰਜਾਬ ਵਿਚ ਨਸ਼ਾ ਖਤਮ ਕਰਨ ਲਈ ਲੋਕਾਂ ਦਾ ਸਾਥ ਹੋਣਾ ਬਹੁਤ ਜਰੂਰੀ ਹੈ ਤਾਂ ਹੀ ਨਸ਼ੇ ਦੀ ਸਮਗਲਿੰਗ, ਸਪਲਾਈ ਤੇ ਮੰਗ ਰੁਕ ਸਕਦੀ ਹੈ।
ਇਸ ਮੌਕੇ ਐਸ.ਡੀ.ਐਮ ਅਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਅੱਜ ਦੇ ਇਸ ਕੈਂਪ ਵਿੱਚ ਕਰੀਬ 400 ਤੋਂ ਵੱਧ ਲੋਕਾਂ ਵਲੋਂ ਵੱਖ-ਵੱਖ ਸਕੀਮਾਂ ਦਾ ਲਾਭ ਲੈਣ ਲਈ ਰਾਬਤਾ ਕਾਇਮ ਕੀਤਾ ਗਿਆ ਅਤੇ ਵੱਖ-ਵੱਖ ਸਕੀਮਾਂ ਦਾ ਲਾਭ ਪ੍ਰਾਪਤ ਕਰਨ ਲਈ ਆਪਣੀ ਰਜਿਸਟਰੇਸ਼ਨ ਕਰਵਾਈ ਗਈ।