
ਅੰਮ੍ਰਿਤਸਰ, 5 ਜਨਵਰੀ (ਜਗਦੀਪ ਸਿੰਘ ਸ’ਗੂ) – ਬੀਤੇ ਦਿਨੀਂ ਨੈਸ਼ਨਲ ਸਾਇੰਸ ਸੈਂਟਰ ਨਵੀਂ ਦਿੱਲੀ ਵਿਖੇ ਉਤਰ ਭਾਰਤ ਸਾਇੰਸ ਮੇਲੇ ਦੌਰਾਨ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਮਾਲ ਰੋਡ, ਅੰਮ੍ਰਿਤਸਰ, ਦੀ ਹੋਣਹਾਰ ਤੇ ਪ੍ਰਤਿਬੱਧ ਗਣਿਤ ਅਧਿਆਪਕਾ ਸ੍ਰੀਮਤੀ ਡਿੰਪਲ ਜੋਸ਼ੀ ਵਲੋਂ ‘ਭਿਨਾ ਅਤੇ ਦਸ਼ਮਲਵ’ ਵਿਸ਼ੇ ਤੇ ਤਿਆਰ ਟੀਚਿੰਗ ਏਡ ‘ਫਰੈਕਸ਼ਨ ਗੇਮ’ ਨੂੰ ਡਾ. ਰਾਮਾ ਸਰਨਾ, ਡਾਇਰੈਕਟਰ ਨੈਸ਼ਨਲ ਸਾਇੰਸ ਸੈਂਟਰ ਨਵੀਂ ਦਿੱਲੀ ਵਲੋਂ ਪ੍ਰਸ਼ੰਸਾ ਪੱਤਰ ਮਿਲਿਆ। ਇਸ ਮੌਕੇ ਡਾ. ਰਾਮਾ ਸਰਨਾ ਨੇ ਕਿਹਾ ਕਿ ਇਹ ਏਡ ਨਿਸ਼ਚੇ ਹੀ ਵਿਦਿਆਰਥੀਆਂ ਦੀ ਜਿਥੇ ਗਣਿਤ ਵਿੱਚ ਦਿਲਚਸਪੀ ਪੈਦਾ ਕਰੇਗੀ ਉਥੇ ਉਨ੍ਹਾਂ ਦੀਆਂ ਮੁਸ਼ਕਲਾਂ ਅਤੇ ਭੁਲੇਖਿਆਂ ਨੂੰ ਨਿਵਾਰਨ ਵਿੱਚ ਵੀ ਸਹਾਇਕ ਹੋਵੇਗੀ। ਅਧਿਆਪਕਾ ਸ੍ਰੀਮਤੀ ਡਿੰਪਲ ਜੋਸ਼ੀ ਨੇ ਦਸਿਆ ਕਿ ਇਸ ਤੋਂ ਪਹਿਲਾਂ ਉਨ੍ਹਾਂ ਦੀ ਇਹ ਟੀਚਿੰਗ ਏਡ ਜ਼ਿਲ੍ਹੇ ਪੱਧਰ ‘ਤੇ ਪਹਿਲਾ ਸਥਾਨ ਹਾਸਲ ਕਰਨ ਤੋਂ ਇਲਾਵਾ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰੋਪੜ ਵਿਖੇ ਰਾਜ ਪੱਧਰੀ ਵਿਗਿਆਨ ਪ੍ਰਦਰਸ਼ਨੀ ਮੌਕੇ ਅਧਿਆਪਨ ਸਾਮੱਗਰੀ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਲ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇਸੇ ਟੀਚਿੰਗ ਨੂੰ ਦਿੱਲੀ ਵਿਖੇ ਪੰਜਾਬ ਰਾਜ ਦੀ ਪ੍ਰਤਿਨਿਧਤਾ ਕਰਨ ਦਾ ਮੌਕਾ ਮਿਲਣਾ ਜ਼ਿਲ੍ਹੇ ਅਤੇ ਸਕੂਲ ਲਈ ਮਾਣਮੱਤੀ ਪ੍ਰਾਪਤੀ ਹੈ।
ਅੱਜ ਸਕੂਲ ਦੇ ਵਿਹੜੇ ਵਿੱਚ ਪੁੱਜਣ ਮੌਕੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਤੇ ਸਕੂਲ ਸਟਾਫ਼ ਨੇ ਸ੍ਰੀਮਤੀ ਡਿੰਪਲ ਜੋਸ਼ੀ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਤੇ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਮੈਡਮ ਜੋਸ਼ੀ ਵਲੋਂ ਤਿਆਰ ਕੀਤੀਆਂ ਜਾਣ ਵਾਲੀਆਂ ਹੋਰ ਟੀਚਿੰਗ ਏਡ ਵਿਦਿਆਰਥੀਆਂ ਲਈ ਚਾਨਣ ਮੁਨਾਰਾ ਬਣਨਗੀਆਂ।
Punjab Post Daily Online Newspaper & Print Media