Friday, October 18, 2024

ਭਾਰਤ ਪਾਕ ਸਰਹੱਦ ‘ਤੇ ਇੱਕ ਸਾਲ ਦੇ ਅੰਦਰ-ਅੰਦਰ ਲੱਗੇਗੀ ਐਂਟੀ ਡਰੋਨ ਟੈਕਨੋਲੋਜੀ – ਰਾਜਪਾਲ ਪੰਜਾਬ

ਨਸ਼ਿਆਂ ਵਿਰੁੱਧ ਕੰਮ ਕਰਨ ਲਈ ਕੇਂਦਰੀ ਅਤੇ ਸੂਬਾ ਸੁਰੱਖਿਆ ਏਜੰਸੀਆਂ ਦੀ ਕੀਤੀ ਸਿਫ਼ਤ

ਅੰਮ੍ਰਿਤਸਰ, 24 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਸਰਹੱਦੀ ਇਲਾਕੇ ਦੀਆਂ ਵਿਲੇਜ਼ ਲੈਵਲ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਨੂੰ ਸੰਬੋਧਨ ਕਰਦੇ ਐਲਾਨ ਕੀਤਾ ਕਿ ਇੱਕ ਸਾਲ ਦੇ ਅੰਦਰ-ਅੰਦਰ ਪੂਰੀ ਭਾਰਤ ਪਾਕ ਸਰਹੱਦ ‘ਤੇ ਐਂਟੀ ਡਰੋਨ ਟੈਕਨੋਲੋਜੀ ਲਗਾ ਦਿੱਤੀ ਜਾਵੇਗੀ।ਜਿਸ ਨਾਲ ਪਾਕਿਸਤਾਨ ਤੋਂ ਡਰੋਨ ਰਾਹੀਂ ਹੁੰਦੀ ਨਸ਼ੇ ਅਤੇ ਹਥਿਆਰਾਂ ਦੀ ਸਮਗਲਿੰਗ ਪੂਰੀ ਤਰ੍ਹਾਂ ਬੰਦ ਹੋ ਜਾਵੇਗੀ।ਅੱਜ ਪਿੰਡ ਧਨੋਏ ਅਤੇ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਾਲ ਵਿੱਚ ਅੰਮ੍ਰਿਤਸਰ ਅਤੇ ਤਰਨ ਤਾਰਨ ਦੀਆਂ ਵੀ.ਐਲ.ਡੀ.ਸੀ ਮੈਂਬਰਾਂ ਨਾਲ ਮੀਟਿੰਗ ਕਰਦੇ ਹੋਏ ਸ੍ਰੀ ਪ੍ਰੋਹਿਤ ਨੇ ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਅਪਣਾਈ ਹਮਲਾਵਰ ਨੀਤੀ ਲਈ ਕੇਂਦਰੀ ਅਤੇ ਸੂਬਾ ਏਜੰਸੀਆਂ ਦੀ ਸਿਫ਼ਤ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਸਿਵਲ, ਪੁਲਿਸ ਅਤੇ ਕੇਂਦਰੀ ਏਜੰਸੀਆਂ ਮਿਲ ਕੇ ਕੰਮ ਕਰ ਰਹੀਆਂ ਹਨ, ਉਸ ਦੇ ਵਧੀਆ ਨਤੀਜੇ ਸਾਹਮਣੇ ਆਉਣ ਲੱਗ ਪਏ ਹਨ।ਉਨਾਂ ਇਹ ਵੀ ਐਲਾਨ ਕੀਤਾ ਕਿ ਭਾਰਤ ਪਾਕ ਸਰਹੱਦ ਨਾਲ ਲੱਗਦੇ 6 ਜਿਲ੍ਹਿਆਂ ਵਿੱਚ ਚੰਗਾ ਕੰਮ ਕਰਨ ਵਾਲੀਆਂ ਕਮੇਟੀਆਂ ਨੂੰ ਨਕਦ ਇਨਾਮ ਦਿੱਤੇ ਜਾਣਗੇ, ਜਿਨਾਂ ਵਿੱਚ ਪਹਿਲਾ ਇਨਾਮ 3 ਲੱਖ ਰੁਪਏ, ਦੂਸਰਾ ਇਨਾਮ 2 ਲੱਖ ਰੁਪਏ ਤੇ ਤੀਸਰਾ ਇਨਾਮ ਇੱਕ ਲੱਖ ਰੁਪਏ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਨਸ਼ਿਆਂ ਦੇ ਖਾਤਮੇ ਲਈ ਹਰ ਜਿਲ੍ਹੇ ਵਿੱਚ ਪਿੰਡ ਪੱਧਰ ‘ਤੇ ਡਿਫੈਂਸ ਕਮੇਟੀਆਂ ਬਣਾਈਆਂ ਜਾਣ ਅਤੇ ਜਿਲ੍ਹੇ ਪੱਧਰ ਦੀ ਮੀਟਿੰਗ ਹਰ ਸਾਲ ਬੁਲਾ ਕੇ ਕਮੇਟੀ ਮੈਂਬਰਾਂ ਨੂੰ ਉਤਸ਼ਾਹਿਤ ਕੀਤਾ ਜਾਵੇ।ਉਨਾਂ ਨਸ਼ੇ ਦੇ ਅਦਾਲਤੀ ਕੇਸਾਂ ਨਜਿੱਠਣ ਲਈ ਵਕੀਲਾਂ ਦਾ ਵਿਸ਼ੇਸ਼ ਪੈਨਲ ਗਠਿਤ ਕਰਨ ਅਤੇ ਦੋਸ਼ੀ ਵਿਅਕਤੀ ਨੂੰ ਸਜ਼ਾ ਸੁਣਾਏ ਜਾਣ ਤੇ ਤੁਰੰਤ ਉਸ ਦੀ ਜਾਇਦਾਦ ਜ਼ਬ਼ਤ ਕਰਨ ਦੀ ਹਦਾਇਤ ਵੀ ਕੀਤੀ।
ਉਹਨਾਂ ਨੇ ਹਦਾਇਤ ਕੀਤੀ ਕਿ ਵੀ ਐਲ.ਡੀ.ਸੀ ਮੈਂਬਰਾਂ ਨੂੰ ਅਸਲਾ ਲਾਇਸੰਸ ਲੋੜ ਅਨੁਸਾਰ ਜਾਰੀ ਕੀਤੇ ਜਾਣ ਅਤੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵਿੱਚ ਉਹਨਾਂ ਨੂੰ ਮਾਣ ਸਤਿਕਾਰ ਦਿੱਤਾ ਜਾਵੇ।ਉਹਨਾਂ ਨੇ ਭਰੋਸਾ ਦਿੱਤਾ ਕਿ ਬਾਰਡਰ ਏਰੀਏ ਦੇ ਪੁਲਿਸ ਸਟੇਸ਼ਨ ਨੂੰ ਮਜ਼ਬੂਤ ਕੀਤਾ ਜਾਵੇਗਾ।
ਉਹਨਾਂ ਨੇ ਕਿਹਾ ਕਿ ਪਾਕਿਸਤਾਨ ਕਿਉਂਕਿ ਸਿੱਧੇ ਤੌਰ ‘ਤੇ ਭਾਰਤ ਨਾਲ ਲੜਨ ਦੀ ਸਮਰੱਥਾ ਨਹੀਂ ਰੱਖਦਾ, ਇਸ ਲਈ ਇਹ ਨਸ਼ਾ ਤਸਕਰੀ ਉਸ ਦੁਆਰਾ ਲੜੀ ਜਾ ਰਹੀ ਲੜਾਈ ਹੈ, ਜਿਸ ਵਿੱਚ ਦੁਸ਼ਮਣ ਨੂੰ ਹਰਾਉਣ ਲਈ ਸਰਹੱਦੀ ਖੇਤਰ ਦੇ ਲੋਕਾਂ ਦੇ ਸਾਥ ਦੀ ਵੱਡੀ ਲੋੜ ਹੈ।ਇਸ ਤੋਂ ਪਹਿਲਾਂ ਉਨਾਂ ਨੇ ਧਨੋਏ ਕਲਾਂ ਵਿਖੇ ਸ਼ਹੀਦਾਂ ਦੀ ਯਾਦਗਾਰ ‘ਤੇ ਫੁੱਲ ਮਾਲਾਵਾਂ ਭੇਟ ਕਰਕੇ ਸ਼ਰਧਾਂਜਲੀ ਭੇਟ ਕੀਤੀ ਅਤੇ ਬੀ.ਐਸ.ਐਫ ਪੋਸਟ ਵਿਖੇ `ਇਕ ਪੌਦਾ ਮਾਂ ਦੇ ਨਾਮ` ਦੀ ਸ਼ੁਰੂਆਤ ਕਰਦੇ ਪੌਦਾ ਵੀ ਲਗਾਇਆ।
ਡੀ.ਜੀ.ਪੀ ਗੌਰਵ ਯਾਦਵ ਨੇ ਐਲਾਨ ਕੀਤਾ ਕਿ ਜੋ ਵੀ ਵਿਅਕਤੀ ਸਰਹੱਦ ਪਾਰ ਤੋਂ ਆਉਂਦੇ ਡਰੋਨ ਨੂੰ ਫੜਾਉਣ ਵਿੱਚ ਪੁਲਿਸ ਦੀ ਮਦਦ ਕਰੇਗਾ, ਉਸ ਨੂੰ ਇਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।ਉਹਨਾਂ ਇਸ ਤੋਂ ਇਲਾਵਾ ਸਰਹੱਦੀ ਖੇਤਰ ਦੇ ਤਿੰਨ ਪਿੰਡਾਂ ਧਨੋਏ, ਮੋਦੋ ਕੇ ਅਤੇ ਅਟੱਲਗੜ੍ਹ ਦੀਆਂ ਯੂਥ ਕਲੱਬਾਂ ਨੂੰ 3.5 ਲੱਖ ਰੁਪਏ ਦੀ ਗਰਾਂਟ ਦਿੱਤੀ।
ਇਸ ਮੌਕੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ, ਵਧੀਕ ਪ੍ਰਮੁੱਖ ਸਕੱਤਰ ਕੇ ਸ਼ਿਵਾ ਪ੍ਰਸ਼ਾਦ, ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ, ਪ੍ਰਭਾਰੀ ਸੈਕਟਰੀ ਕਮਲ ਕਿਸ਼ੋਰ ਯਾਦਵ, ਪੁਲਿਸ ਕਮਿਸ਼ਨਰ ਰਣਜੀਤ ਸਿੰਘ, ਡੀ.ਆਈ.ਜੀ ਰਾਕੇਸ਼ ਕੌਸਲ, ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ, ਜਿਲ੍ਹਾ ਪੁਲਿਸ ਮੁਖੀ ਸਤਿੰਦਰ ਸਿੰਘ, ਡਿਪਟੀ ਕਮਿਸ਼ਨਰ ਤਰਨ ਤਾਰਨ ਸੰਦੀਪ ਕੁਮਾਰ ਤੇ ਜਿਲ੍ਹਾ ਪੁਲਿਸ ਮੁਖੀ ਅਸ਼ਵਨੀ ਕਪੂਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …