Tuesday, June 9, 2026

ਤੀਜੇ ਅਤੇ ਚੌਥੇ ਪਾਤਸ਼ਾਹ ਨਾਲ ਸਬੰਧਤ ਸ਼ਤਾਬਦੀ ਸਮਾਗਮ ਯਾਦਗਾਰੀ ਹੋਣਗੇ- ਐਡਵੋਕੇਟ ਧਾਮੀ

ਅੰਮ੍ਰਿਤਸਰ, 27 ਜੁਲਾਈ (ਜਗਦੀਪ ਸਿੰਘ) – ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਤਾਗੱਦੀ ਦਿਵਸ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਦੇ ਸਮਾਗਮਾਂ ਨੂੰ ਮੁਕੰਮਲ ਰੂਪ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅੰਮ੍ਰਿਤਸਰ ਅਤੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਦੋ ਥਾਵਾਂ ’ਤੇ ਮੁੱਖ ਸਮਾਗਮ ਕਰਨ ਦਾ ਫੈਸਲਾ ਕੀਤਾ ਗਿਆ ਹੈ।ਸ਼ਤਾਬਦੀ ਨੂੰ ਸਮਰਪਿਤ ਵੱਖ-ਵੱਖ ਨਗਰ ਕੀਰਤਨ ਤੇ ਸੈਮੀਨਾਰ ਅਤੇ ਸਿੱਖ ਮਾਰਸ਼ਲ ਆਰਟ ਗਤਕਾ ਮੁਕਾਬਲੇ ਹੋਣਗੇ ਅਤੇ ਵਿਸ਼ੇਸ਼ ਤੌਰ ’ਤੇ ਸੋਵੀਨਰ ਵੀ ਪ੍ਰਕਾਸ਼ਿਤ ਕੀਤਾ ਜਾਵੇਗਾ।ਸ਼ਤਾਬਦੀ ਸਮਾਗਮਾਂ ਸਬੰਧੀ ਗਠਿਤ ਵੱਖ-ਵੱਖ ਸਬ-ਕਮੇਟੀਆਂ ਦੀ ਅੱਜ ਇਥੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ’ਚ ਸਮਾਗਮ ਤਿਆਰੀਆਂ ਦੀ ਸਮੀਖਿਆ ਕੀਤੀ ਗਈ।ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਸ੍ਰੀ ਗੁਰੂ ਅਮਰਦਾਸ ਜੀ ਅਤੇ ਸ੍ਰੀ ਗੁਰੂ ਰਾਮਦਾਸ ਜੀ ਨਾਲ ਸਬੰਧਤ ਸ਼ਤਾਬਦੀਆਂ ਨੂੰ ਪੰਥਕ ਪ੍ਰੰਪਰਾਵਾਂ ਅਨੁਸਾਰ ਖਾਲਸਾਈ ਜਾਹੋ-ਜਲਾਲ ਨਾਲ ਯਾਦਗਾਰੀ ਢੰਗ ਨਾਲ ਮਨਾਇਆ ਜਾਵੇਗਾ।13 ਅਤੇ 14 ਸਤੰਬਰ 2024 ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਮਾਗਮ ਕੀਤੇ ਜਾਣਗੇ, ਜਦਕਿ 15 ਸਤੰਬਰ ਤੋਂ 18 ਸਤੰਬਰ ਤੱਕ ਗੁਰਦੁਆਰਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸ਼ਤਾਬਦੀ ਦੇ ਮੁੱਖ ਸਮਾਗਮ ਹੋਣਗੇ।
ਸ੍ਰੀ ਗੋੋਇੰਦਵਾਲ ਸਾਹਿਬ ਵਿਖੇ ਹੋਣ ਵਾਲੇ ਸਮਾਗਮਾਂ ਸਮੇਂ 15 ਸਤੰਬਰ ਨੂੰ ਸਹਿਜ ਪਾਠਾਂ ਦੇ ਸੰਗਤੀ ਰੂਪ ਵਿਚ ਭੋਗ ਪਾਏ ਜਾਣਗੇ।16 ਸਤੰਬਰ ਨੂੰ ਸਿੱਖ ਮਿਸ਼ਨਰੀ ਕਾਲਜਾਂ ਦੇ ਵਿਦਿਆਰਥੀਆਂ ਅਤੇ ਵੱਖ-ਵੱਖ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਗੁਰਬਾਣੀ ਕੀਰਤਨ, ਕਵੀਸ਼ਰੀ ਵਾਰਾਂ, ਕਵਿਤਾਵਾਂ ਅਤੇ ਭਾਸ਼ਣ ਰਾਹੀਂ ਹਾਜ਼ਰੀ ਭਰੀ ਜਾਵੇਗੀ।ਇਸੇ ਦਿਨ ਸਿੱਖ ਮਾਰਸ਼ਲ ਆਰਟ ਗਤਕਾ ਦੇ ਮੁਕਾਬਲੇ ਵੀ ਕਰਵਾਏ ਜਾਣਗੇ।17 ਸਤੰਬਰ ਨੂੰ ਸ੍ਰੀ ਖਡੂਰ ਸਾਹਿਬ ਤੋਂ ਸ੍ਰੀ ਗੋਇੰਦਵਾਲ ਸਾਹਿਬ ਤੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ, ਜਿਸ ਵਿਚ ਸੰਗਤਾਂ ਪੈਦਲ ਸ਼ਾਮਲ ਹੋਣਗੀਆਂ। ਸ਼ਤਾਬਦੀ ਦਾ ਮੁੱਖ ਸਮਾਗਮ 18 ਸਤੰਬਰ ਨੂੰ ਕੀਤਾ ਜਾਵੇਗਾ, ਜਿਸ ਵਿਚ ਤਖ਼ਤ ਸਾਹਿਬਾਨ ਦੇ ਜਥੇਦਾਰ, ਸਿੰਘ ਸਾਹਿਬਾਨ, ਧਾਰਮਿਕ, ਪ੍ਰਮੁੱਖ ਰਾਜਸੀ ਸ਼ਖ਼ਸੀਅਤਾਂ ਵੀ ਸ਼ਿਰਤਕ ਕਰਨਗੀਆਂ।
ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਸੰਨ੍ਹ ਸਾਹਿਬ ਬਾਸਰਕੇ ਗਿੱਲਾਂ ਵਿਖੇ 31 ਅਗਸਤ 2024 ਨੂੰ ਕੀਰਤਨ ਦਰਬਾਰ ਹੋਵੇਗਾ ਅਤੇ 1 ਸਤੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਵਿਸ਼ਾਲ ਨਗਰ ਕੀਰਤਨ ਆਰੰਭ ਹੋ ਕੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪੁੱਜੇਗਾ।6 ਸਤੰਬਰ ਨੂੰ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲੁਹਾਰ (ਤਰਨ ਤਾਰਨ) ਵਿਖੇ ਕੀਰਤਨ ਦਰਬਾਰ ਕਰਵਾਇਆ ਜਾਵੇਗਾ। 7 ਸਤੰਬਰ ਨੂੰ ਗੁਰਦੁਆਰਾ ਸ੍ਰੀ ਚੌਹਲਾ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਵੇਗਾ, ਜੋ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲੁਹਾਰ ਤੋਂ ਹੁੰਦਾ ਹੋਇਆ ਸ੍ਰੀ ਗੋਇੰਦਵਾਲ ਸਾਹਿਬ ਪਹੁੰਚੇਗਾ।ਸ਼ਤਾਬਦੀ ਨੂੰ ਸਮਰਪਿਤ ਖਾਲਸਾ ਕਾਲਜ ਅੰਮ੍ਰਿਤਸਰ ਤੇ ਸ੍ਰੀ ਖਡੂਰ ਸਾਹਿਬ ਵਿਖੇ ਸੈਮੀਨਾਰ ਵੀ ਕਰਵਾਏ ਜਾਣਗੇ।ਸੰਗਤਾਂ ਦੀ ਰਿਹਾਇਸ਼, ਲੰਗਰ ਆਦਿ ਦੇ ਪ੍ਰਬੰਧਾਂ ਦੇ ਨਾਲ-ਨਾਲ ਪਾਰਕਿੰਗ ਲਈ ਥਾਂ ਅਤੇ ਪਾਰਕਿੰਗ ਤੋਂ ਗੁਰਦੁਆਰਾ ਸਾਹਿਬ ਜਾਣ-ਆਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਇਸ ਮੌਕੇ ਸ਼ੋ੍ਰਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ, ਅੰਤ੍ਰਿੰਗ ਮੈਂਬਰ ਅਜਮੇਰ ਸਿੰਘ ਲਾਛੜੂ, ਖ਼ੁਸ਼ਵਿੰਦਰ ਸਿੰਘ ਭਾਟੀਆ, ਅਮਰਜੀਤ ਸਿੰਘ ਭਲਾਈਪੁਰ, ਗੁਰਪ੍ਰੀਤ ਸਿੰਘ ਝੱਬਰ, ਮੈਂਬਰ ਅਲਵਿੰਦਰਪਾਲ ਸਿੰਘ ਪੱਖੋਕੇ, ਭਾਈ ਅਮਰਜੀਤ ਸਿੰਘ ਚਾਵਲਾ, ਗੁਰਬਚਨ ਸਿੰਘ ਕਰਮੂੰਵਾਲਾ, ਸੁਰਜੀਤ ਸਿੰਘ ਭਿੱਟੇਵੱਡ, ਮੰਗਵਿੰਦਰ ਸਿੰਘ ਖਾਪੜਖੇੜੀ, ਅਮਰਜੀਤ ਸਿੰਘ ਬੰਡਾਲਾ, ਪਰਮਜੀਤ ਸਿੰਘ ਖਾਲਸਾ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਓ.ਐਸ.ਡੀ ਸਤਬੀਰ ਸਿੰਘ ਧਾਮੀ, ਸਕੱਤਰ ਪ੍ਰਤਾਪ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ, ਮੀਤ ਸਕੱਤਰ ਜਸਵਿੰਦਰ ਸਿੰਘ ਜੱਸੀ, ਹਰਭਜਨ ਸਿੰਘ ਵਕਤਾ, ਸਹਾਇਕ ਡਾਇਰੈਕਟਰ ਬੀਬੀ ਸਤਵੰਤ ਕੌਰ, ਸਪਰਡੈਂਟ ਨਿਸ਼ਾਨ ਸਿੰਘ ਆਦਿ ਮੌਜੂਦ ਸਨ।

Check Also

ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 10 ਜੂਨ ਨੂੰ

ਅੰਮ੍ਰਿਤਸਰ, 8 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ …