ਪਠਾਨਕੋਟ, 12 ਅਗਸਤ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਵਿਖੇ ਵੱਖ-ਵੱਖ ਵਿਭਾਗਾਂ ਅੰਦਰ ਚੱਲ ਰਹੇ ਵਿਕਾਸ ਕਾਰਜ਼ਾਂ ਸਬੰਧੀ ਰੀਵਿਊ ਮੀਟਿੰਗ ਕੀਤੀ ਗਈ ਹੈ।ਉਨਾਂ ਕਿਹਾ ਕਿ ਕੁੱਝ ਵਿਭਾਗਾਂ ਦੇ ਵਿਕਾਸ ਕਾਰਜ਼ ਪਾਈਪਲਾਈਨ ‘ਚੋਂ ਚੱਲ ਰਹੇ ਹਨ ਉਨ੍ਹਾਂ ਨੂੰ ਆਉਣ ਵਾਲੇ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਮੁਕੰਮਲ ਕੀਤਾ ਜਾਵੇਗਾ।ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਜੋ ਫੈਸਲਾ ਹੈ।ਉਸ ਤਹਿਤ ਹਰੇਕ ਵਿਭਾਗ ਨੂੰ ਵਿਕਾਸ ਦੇ ਪੱਧਰ ‘ਤੇ ਲੈ ਕੇ ਆਵਾਂਗੇ।ਪ੍ਰਸਾਸ਼ਕੀ ਸੁਧਾਰ ਅਤੇ ਪ੍ਰਵਾਸੀ ਭਾਰਤੀ ਮਾਮਲੇ ਵਿਭਾਗ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਇਹ ਪ੍ਰਗਟਾਵਾ ਵੱਖ-ਵੱਖ ਵਿਭਾਗਾਂ ਵਲੋਂ ਚਲਾਏ ਜਾ ਰਹੇ ਵਿਕਾਸ ਕਾਰਜ਼ਾਂ ਦਾ ਰੀਵਿਊ ਕਰਦਿਆਂ ਕੀਤਾ।ਪਾਰਟੀ ਪਠਾਨਕੋਟ ਅਤੇ ਹੋਰ ਵੱਖ ਵੱਖ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਅਤੇ ਪਾਰਟੀ ਆਹੁਦੇਦਾਰ ਵੀ ਹਾਜਰ ਸਨ।
ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਜਿਲ੍ਹਾ ਪਠਾਨਕੋਟ ਦੀ ਧਰਤੀ ਲੀਚੀ ਅਤੇ ਮੱਕੀ ਦੀ ਕਾਸ਼ਤ ਦੇ ਲਈ ਬਹੁਤ ਹੀ ਵਧੀਆ ਹੈ ਅਤੇ ਕਿਸਾਨਾਂ ਨੂੰ ਜਾਗਰੂਕ ਕਰਕੇ ਮੱਕੀ ਦੀ ਵਧੇਰੇ ਪੈਦਾਵਾਰ ਵੀ ਕੀਤੀ ਜਾ ਸਕਦੀ ਹੈ।ਪਰ ਮੱਕੀ ਦੀ ਮੰਡੀ ਨਾ ਹੋਣ ਕਰਕੇ ਕਿਸਾਨਾਂ ਨੂੰ ਮੱਕੀ ਦਾ ਸਹੀ ਰੇਟ ਨਹੀਂ ਮਿਲ ਪਾਉਂਦਾ।ਪਠਾਨਕੋਟ ਦੀ ਲੀਚੀ ਇਸ ਵਾਰ ਵਿਦੇਸ਼ ਤੱਕ ਪਹੁੰਚ ਗਈ ਹੈ।ਪਹਿਲੀਵਾਰ 12 ਮੀਟਰਿਕ ਟਨ ਲੀਚੀ ਵਿਦੇਸ਼ੀ ਧਰਤੀ ‘ਤੇ ਗਈ ਹੈ।ਉਨ੍ਹਾਂ ਕਿਹਾ ਕਿ ਜਲਦੀ ਹੀ ਪਠਾਨਕੋਟ ਦੀ ਮੁੱਖ ਮੰਡੀ ‘ਚ ਇੱਕ ਸ਼ੈਡ ਲੀਚੀ ਤੇ ਇੱਕ ਸ਼ੈਡ ਮੱਕੀ ਦੇ ਲਈ ਤਿਆਰ ਕੀਤੇ ਜਾਣਗੇ।
ਉਨ੍ਹਾਂ ਵਿਭਾਗੀ ਅਧਿਕਾਰੀਆਂ ਨੂੰ ਕਿਹਾ ਕਿ ਜਨਹਿੱਤ ਦੇ ਲਈ ਜਿਲ੍ਹਾ ਪਠਾਨਕੋਟ ਅੰਦਰ ਜੋ ਵੀ ਬਿਹਤਰ ਕਾਰਜ਼ ਕੀਤੇ ਜਾ ਸਕਦੇ ਹਨ ਉਨ੍ਹਾਂ ਦੀ ਲਿਸਟ ਬਣਾ ਕੇ ਡਿਪਟੀ ਕਮਿਸ਼ਨਰ ਰਾਹੀਂ ਉਨ੍ਹਾਂ ਤੱਕ ਪਹੁੰਚਾਈ ਜਾਵੇ ਤਾਂ ਜੋ ਮੁੱਖ ਮੰਤਰੀ ਪੰਜਾਬ ਦੇ ਧਿਆਨ ਵਿੱਚ ਲਿਆ ਕੇ ਇਹ ਵਿਕਾਸ ਕਾਰਜ਼ ਕਰਵਾਏ ਜਾ ਸਕਣ।ਉਨ੍ਹਾਂ ਖੇਤੀਬਾੜੀ ਵਿਭਾਗ ਨੂੰ ਹਦਾਇਤ ਕੀਤੀ ਕਿ ਪਿੰਡ ਪੱਧਰ ‘ਤੇ ਵੱਧ ਤੋਂ ਵੱਧ ਕੈਂਪ ਲਗਾ ਕੇ ਕਿਸਾਨਾਂ ਨਾਲ ਰਾਫਤਾ ਕਾਇਮ ਕੀਤਾ ਜਾਵੇ।
ਉਨ੍ਹਾਂ ਪਠਾਨਕੋਟ ਜਿਲ੍ਹਾ ਸਿੱਖਿਆ ਅਧਿਕਾਰੀ ਨੂੰ ਹਦਾਇਤ ਕੀਤੀ ਕਿ ਅਗਰ ਕਿਸੇ ਸਕੂਲ ‘ਚ ਨਵੀਂ ਇਮਾਰਤ ਬਣਾਉਣੀ ਜਾਂ ਰਿਪੇਅਰ ਕਰਨੀ ਹੈ ਤਾਂ ਹੈ ਉਸ ਦੀ ਸਰਵੇ ਰਿਪੋਰਟ ਬਣਾ ਕੇ ਉਨ੍ਹਾਂ ਨੂੰ ਭੇਜੀ ਜਾਵੇ।ਉਨ੍ਹਾਂ ਕਿਹਾ ਕਿ ਜਿਲ੍ਹੇ ਅੰਦਰ 25 ਆਮ ਆਦਮੀ ਕਲੀਨਿਕ ਚਲਾਏ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਤੋਂ ਪਤਾ ਲਗਾ ਹੈ ਕਿ ਜਿਲੇ ‘ਚ ਨਰਸਿੰਗ ਸਟਾਫ ਦੀ ਕਮੀ ਹੈ, ਜਿਸ ਨੂੰ ਸਿਹਤ ਮੰਤਰੀ ਨਾਲ ਚਰਚਾ ਕਰਕੇ ਜਲਦ ਦੂਰ ਕੀਤਾ ਜਾਵੇਗਾ।ਉਨ੍ਹਾਂ ਜਿਲ੍ਹਾ ਅਧਿਕਾਰੀਆਂ ਨੂੰ ਕਿਹਾ ਕਿ ਵਿਕਾਸ ਕਾਰਜ਼ਾਂ ਵਿੱਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਲੋਕ ਭਲਾਈ ਸਕੀਮਾਂ ਤੋਂ ਲਾਭ ਪ੍ਰਾਪਤ ਕਰ ਸਕਣ।
ਇਸ ਮੋਕੇ ਆਦਿਤਿਆ ਉੱਪਲ ਡਿਪਟੀ ਕਮਿਸ਼ਨਰ ਪਠਾਨਕੋਟ, ਅੰਕੁਰਜੀਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਅੰਮਿਤ ਮੰਟੂ ਹਲਕਾ ਇੰਚਾਰਜ ਸੁਜਾਨਪੁਰ, ਸੁਨੀਲ ਗੁਪਤਾ ਚੇਅਰਮੈਨ ਪੈਸਕੋ ਪੰਜਾਬ, ਵਿਕਾਸ ਸੈਣੀ ਚੇਅਰਮੈਨ ਮਾਰਕਿਟ ਕਮੇਟੀ ਪਠਾਨਕੋਟ, ਗੋਤਮ ਮਾਨ ਸਟੇਟ ਜੁਆਇੰਟ ਸਕੱਤਰ ਆਮ ਆਦਮੀ ਪਾਰਟੀ ਪੰਜਾਬ, ਪਰਮਜੀਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਮੇਜ਼ਰ ਡਾ. ਸੁਮਿਤ ਮੁਧ ਐਸ.ਡੀ.ਐਮ ਪਠਾਨਕੋਟ, ਕਾਲਾ ਰਾਮ ਕਾਂਸਲ ਐਸ.ਡੀ.ਐਮ ਧਾਰਕਲ੍ਹਾ, ਅਭਿਸ਼ੇਕ ਸ਼ਰਮਾ ਸਹਾਇਕ ਕਮਿਸਨਰ ਜਰਨਲ, ਡਾ. ਕੇ.ਡੀ ਸਿੰਘ, ਸੁਰਿੰਦਰ ਰਾਹੀ ਪ੍ਰੈਸ ਸਕੱਤਰ ਆਮ ਆਦਮੀ ਮੌਜ਼ੂਦ ਸਨ।
Check Also
ਡਿਪਟੀ ਕਮਿਸ਼ਨਰ ਵੱਲੋਂ ਆਮ ਆਦਮੀ ਕਲੀਨਿਕ ਦੀ ਅਚਨਚੇਤ ਚੈਕਿੰਗ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਅਚਨਚੇਤ ਆਮ ਆਦਮੀ …