ਅੰਮ੍ਰਿਤਸਰ, 22 ਅਗਸਤ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਰੱਬ ਦੇ ਫਰਿਸ਼ਤੇ ਵੱਜੋਂ ਜਾਣੇ ਜਾਂਦੇ ਦੁਬਈ ਦੇ ਉੱਘੇ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ
ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ. ਐਸ.ਪੀ ਸਿੰਘ ਓਬਰਾਏ ਦੇ ਯਤਨਾਂ ਸਦਕਾ ਹੁਣ ੳੁੱਤਰ ਪ੍ਰਦੇਸ਼ ਦੇ ਜਿਲ੍ਹਾ ਬਿਜ਼ਨੌਰ ਦੀ ਤਹਿਸੀਲ ਨਜ਼ੀਬਾਬਾਦ ਦੇ ਕਸਬਾ ਬੜੀਆ ਨਾਲ ਸੰਬੰਧਿਤ 28 ਸਾਲਾ ਨੌਜਵਾਨ ਸ਼ਕਤੀ ਕੰਬੋਜ਼ ਪੁੱਤਰ ਰਮੇਸ਼ ਚੰਦ ਦਾ ਮ੍ਰਿਤਕ ਸਰੀਰ ਦੁਬਈ ਤੋਂ ਹਵਾਈ ਅੱਡੇ ਦਿੱਲੀ ਰਾਹੀਂ ਉਸ ਦੇ ਵਾਰਸਾਂ ਤੱਕ ਪਹੁੰਚਾਇਆ ਗਿਆ ਹੈ।
ਮੀਡੀਆ ਨੂੰ ਜਾਰੀ ਬਿਆਨ ਵਿੱਚ ਡਾ. ਐਸ.ਪੀ ਸਿੰਘ ਓਬਰਾਏ ਨੇ ਦੱਸਿਆ ਕਿ ਆਪਣੇ ਬਜ਼ੁਰਗ ਮਾਪਿਆਂ ਦਾ ਸਹਾਰਾ ਸ਼ਕਤੀ ਕੰਬੋਜ਼ ਵੀ ਹੋਰਨਾਂ ਨੌਜਵਾਨਾਂ ਵਾਂਗ ਆਪਣੇ ਬਿਹਤਰ ਭਵਿੱਖ ਦੇ ਸੁਪਨੇ ਲੈ ਕੇ ਕਰੀਬ ਦੋ ਸਾਲ ਪਹਿਲਾਂ ਕੰਮਕਾਜ ਲਈ ਦੁਬਈ ਆਇਆ ਸੀ ਕਿ ਬੀਤੀ 29 ਜੂਨ ਨੂੰ ਅਣਕਿਆਸੇ ਹਲਾਤਾਂ `ਚ ਉਸਦੀ ਮੌਤ ਹੋ ਗਈ ਸੀ।ਡਾ. ਓਬਰਾਏ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਜਦ ਮ੍ਰਿਤਕ ਦੇ ਇਲਾਕੇ `ਚ ਸਥਿਤ ਗੁਰਦੁਆਰਾ ਸਿੰਘ ਸਭਾ ਦੇ ਪ੍ਰਬੰਧਕਾਂ ਨੇ ਉਨ੍ਹਾਂ ਨਾਲ ਟਰੱਸਟ ਦੀ ਅੰਮ੍ਰਿਤਸਰ ਟੀਮ ਰਾਹੀਂ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਆਪਣੇ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਦੀ ਦੇਖ-ਰੇਖ `ਚ ਤੁਰੰਤ ਸਾਰੀ ਲੋੜੀਂਦੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਭਾਰਤੀ ਦੂਤਾਵਾਸ ਦੇ ਵੱਡੇ ਸਹਿਯੋਗ ਸਦਕਾ ਸ਼ਕਤੀ ਕੰਬੋਜ਼ ਦਾ ਮ੍ਰਿਤਕ ਸਰੀਰ ਭਾਰਤ ਭੇਜਿਆ ਹੈ।ਉਨ੍ਹਾਂ ਕਿਹਾ ਕਿ ਮ੍ਰਿਤਕ ਸਰੀਰ ਨੂੰ ਭਾਰਤ ਭੇਜਣ ਲਈ ਆਇਆ ਖਰਚ ਭਾਰਤੀ ਦੂਤਾਵਾਸ ਵੱਲੋਂ ਕੀਤਾ ਗਿਆ ਹੈ।
ਗੁਰਦੁਆਰਾ ਸਿੰਘ ਸਭਾ ਬੜੀਆ (ਉੱਤਰ ਪ੍ਰਦੇਸ਼) ਦੇ ਪ੍ਰਧਾਨ ਡਾ. ਨਰਿੰਦਰ ਪਾਲ ਸਿੰਘ ਸੰਧੂ, ਇਲਾਕੇ ਦੇ ਨਾਮਵਰ ਕਿਸਾਨ ਜਤਿੰਦਰ ਸਿੰਘ ਗਿੱਲ, ਸਰਪੰਚ ਦਲਬੀਰ ਸਿੰਘ, ਕੁਲਬੀਰ ਸਿੰਘ ਗਿੱਲ, ਸਾਬਕਾ ਸਰਪੰਚ ਰਤਨ ਲਾਲ, ਹਰਪਿੰਦਰ ਸਿੰਘ ਗਿੱਲ ਤੋਂ ਇਲਾਵਾ ਪੀੜਤ ਪਰਿਵਾਰ ਨੇ ਇਸ ਵੱਡੇ ਉਪਰਾਲੇ ਲਈ ਆਪਣੇ ਸਮੁੱਚੇ ਇਲਾਕੇ ਵੱਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐਸ.ਪੀ ਸਿੰਘ ਓਬਰਾਏ ਦਾ ਧੰਨਵਾਦ ਕੀਤਾ।
ਜਕਿਰਯੋਗ ਹੈ ਕਿ ਡਾ. ਓਬਰਾਏ ਦੇ ਯਤਨਾਂ ਸਦਕਾ ਹੁਣ ਤੱਕ 368 ਦੇ ਕਰੀਬ ਬਦਨਸੀਬ ਲੋਕਾਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ।
Check Also
ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ
ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …
Punjab Post Daily Online Newspaper & Print Media