Tuesday, March 17, 2026

ਬਠਿੰਡਾ ਜਿਲੇ ਦੇ 362 ਵਿੱਚੋਂ 358 ਪਿੰਡਾਂ ਦਾ ਜ਼ਮੀਨੀ ਰਿਕਾਰਡ ਆਨ-ਲਾਈਨ ਹੋਇਆ-ਬਰਾੜ

9 ਮਹੀਨਿਆਂ ਦੌਰਾਨ ਜ਼ਮੀਨ ਮਾਲਕਾਂ ਨੂੰ 131203 ਫ਼ਰਦਾਂ ਮੁਹੱਈਆ ਕਰਵਾਈਆਂ ਗਈਆਂ

ਮਨਜੀਤ ਸਿੰਘ ਬਰਾੜ
ਮਨਜੀਤ ਸਿੰਘ ਬਰਾੜ

ਫਾਜ਼ਿਲਕਾ, 7 ਜਨਵਰੀ (ਵਿਨੀਤ ਅਰੋੜਾ ) – ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਅਤੇ ਹੋਰ ਜਮੀਨ ਮਾਲਕਾਂ ਨੂੰ ਆਪਣੇ ਜ਼ਮੀਨੀ ਰਿਕਾਰਡ ਦੀਆਂ ਫਰਦਾਂ ਆਦਿ ਲੈਣ ਲਈ ਜ਼ਿਲ੍ਹਾ ਪੱਧਰ, ਸਬ ਡਵੀਜ਼ਨ ਅਤੇ ਸਬ ਤਹਿਸੀਲ ਪੱਧਰ ਤੇ ਖੋਲ੍ਹੇ ਗਏ ਫਰਦ ਕੇਂਦਰ ਜਮੀਨ ਮਾਲਕਾਂ ਲਈ ਵਰਦਾਨ ਸਾਬਤ ਹੋ ਰਹੇ ਹਨ । ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ: ਮਨਜੀਤ ਸਿੰਘ ਬਰਾੜ ਆਈ.ਏ.ਐਸ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਫ਼ਰਦ ਕੇਂਦਰਾਂ ਰਾਹੀਂ ਜ਼ਮੀਨ ਮਾਲਕਾਂ ਨੂੰ 20 ਰੁਪਏ ਪ੍ਰਤੀ ਪੰਨਾ ਵਸੂਲ ਕੇ 15 ਮਿੰਟਾਂ ‘ਚ ਫ਼ਰਦ ਮੁਹੱਈਆ ਕਰਵਾ ਦਿੱਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਚੱਲ ਰਹੇ ਫਰਦ ਕੇਂਦਰਾਂ ਰਾਹੀਂ ਅਪਰੈਲ 2014 ਤੋਂ 31 ਦਸੰਬਰ 2014 ਤੱਕ ਜਮੀਨ ਮਾਲਕਾਂ ਨੂੰ 131203 ਫਰਦਾਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ। ਉਹਨਾਂ ਦੱਸਿਆ ਕਿ ਫਾਜ਼ਿਲਕਾ ਜ਼ਿਲ੍ਹੇ ਵਿੱਚ ਫਾਜ਼ਿਲਕਾ,ਅਰਨੀਵਾਲਾ, ਅਬੋਹਰ, ਸੀਤੋਗੁੰਨੋ ,ਖੂਈਆਂ ਸਰਵਰ ਅਤੇ ਜਲਾਲਾਬਾਦ ਵਿਖੇ 6 ਫ਼ਰਦ ਕੇਂਦਰ ਕੰਮ ਕਰ ਰਹੇ ਹਨ। ਇਸ ਮੌਕੇ ‘ਤੇ ਪੀ.ਐਲ.ਆਰ.ਐਸ. ਦੇ ਜ਼ਿਲ੍ਹਾ ਸਿਸਟਮ ਮੈਨੇਜਰ ਸ਼੍ਰੀ ਸ੍ਰਜੀਵ ਸੇਤੀਆ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਸ: ਬਰਾੜ ਨੇ ਦੱਸਿਆ ਕਿ ਇਹ ਫ਼ਰਦ ਕੇਂਦਰ ਕਿਸਾਨਾਂ ਲਈ ਵਰਦਾਨ ਸਿੱਧ ਹੋ ਰਹੇ ਹਨ, ਕਿਉਂਕਿ ਜਮੀਨ ਮਾਲਕਾਂ ਨੂੰ ਹੁਣ ਫਰਦਾਂ ਆਦਿ ਲੈਣ ਲਈ ਪਟਵਾਰੀਆਂ ਜਾਂ ਮਾਲ ਵਿਭਾਗ ਦੇ ਹੋਰਨਾਂ ਦਫ਼ਤਰਾਂ ਦੇ ਚੱਕਰ ਨਹੀਂ ਕੱਟਣੇ ਪੈਂਦੇ, ਸਗੋਂ ਹੁਣ ਖੋਲ੍ਹੇ ਗਏ ਫਰਦ ਕੇਂਦਰਾਂ ਵਿੱਚ ਜਮੀਨ ਮਾਲਕ ਜ਼ਮੀਨੀ ਰਿਕਾਰਡ ਜਾਂ ਫਰਦ ਦੀ ਕਾਪੀ ਆਦਿ ਮਿੰਟਾਂ ਵਿੱਚ ਹੀ ਹਾਸਲ ਕਰ ਲੈਂਦੇ ਹਨ, ਜਿਸ ਨਾਲ ਹੁਣ ਲੋਕਾਂ ਨੂੰ ਖੱਜਲ-ਖੁਆਰ ਨਹੀਂ ਹੋਣਾ ਪੈਂਦਾ ਅਤੇ ਲੋਕਾਂ ਦੇ ਪੈਸੇ ਅਤੇ ਸਮੇਂ ਦੀ ਬੱਚਤ ਵੀ ਹੁੰਦੀ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਕੁੱਲ 362 ਪਿੰਡਾਂ ਵਿੱਚੋਂ 358ਪਿੰਡਾਂ ਦਾ ਜ਼ਮੀਨੀ ਰਿਕਾਰਡ ਆਨ-ਲਾਈਨ ਹੋ ਚੁੱਕਾ ਹੈ ਅਤੇ ਬਾਕੀ ਰਹਿੰਦੇ ਪਿੰਡਾਂ ਦੀ ਡਾਟਾ ਐਂਟਰੀ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ ਅਤੇ ਜਲਦੀ ਹੀ ਜ਼ਿਲ੍ਹੇ ਦੇ 100ਫੀ ਸਦੀ ਪਿੰਡ ਆਨ-ਲਾਈਨ ਹੋ ਜਾਣਗੇ। ਉਹਨਾਂ ਦੱਸਿਆ ਕਿ ਅਪਰੈਲ 2014 ਤੋਂ 31 ਦਸੰਬਰ 2014 ਤੱਕ ਜ਼ਿਲ੍ਹਾ ਪੱਧਰੀ ਫ਼ਰਦ ਕੇਂਦਰ ਫਾਜ਼ਿਲਕਾ ਤੋਂ 21661 ਜ਼ਮੀਨ ਮਾਲਕਾਂ ਨੂੰ ਫ਼ਰਦਾਂ ਜਾਰੀ ਕੀਤੀਆਂ ਗਈਆਂ। ਇਸ ਤੋਂ ਇਲਾਵਾ ਫ਼ਰਦ ਕੇਂਦਰ ਅਰਨੀਵਾਲਾ ਤੋਂ 27166, ਅਬੋਹਰ ਤੋਂ 31137, ਸੀਤੋਗੁੰਨੋ ਤੋਂ 9852,ਖੂਈਆਂ ਸਰਵਰ ਤੋਂ 15822 ਅਤੇ ਫ਼ਰਦ ਕੇਂਦਰ ਜਲਾਲਾਬਾਦ ਤੋਂ 25565 ਜ਼ਮੀਨ ਮਾਲਕਾਂ ਨੂੰ ਫ਼ਰਦਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ।
ਇਨ੍ਹਾਂ ਫ਼ਰਦ ਕੇਂਦਰ ਵਿਚ ਆਏ ਕਿਸਾਨਾਂ ਤੇ ਆਮ ਲੋਕਾਂ ਨੇ ਦੱਸਿਆ ਪੰਜਾਬ ਸਰਕਾਰ ਨੇ ਜ਼ਮੀਨੀ ਰਿਕਾਰਡ ਦਾ ਕੰਪਿਊਟ੍ਰੀਕਰਨ ਕਰਕੇ ਕ੍ਰਾਂਤੀਕਾਰੀ ਕਦਮ ਚੁੱਕਿਆ ਹੈ। ਉਹਨਾਂ ਕਿਹਾ ਕਿ ਹੁਣ ਉਹਨਾਂ ਨੂੰ ਜਮਾਂਬੰਦੀ ਲੈਣ ਲਈ ਕਿਸੇ ਸਿਫ਼ਾਰਸ਼ ਦੀ ਲੋੜ ਨਹੀਂ ਤੇ ਨਾ ਹੀ ਪਟਵਾਰੀਆਂ ਦੇ ਚੱਕਰ ਕੱਟਣੇ ਪੈਂਦੇ ਹਨ, ਸਗੋਂ 20 ਰੁਪਏ ਪ੍ਰਤੀ ਪੇਜ ਖਰਚ ਕੇ ਫ਼ਰਦ ਕੇਂਦਰਾਂ ਤੋਂ 5 ਤੋਂ 15 ਮਿੰਟਾਂ ‘ਚ ਆਸਾਨੀ ਨਾਲ ਜਮਾਂਬੰਦੀ ਦੀ ਫਰਦ ਪ੍ਰਾਪਤ ਹੋ ਜਾਂਦੀ ਹੈ। ਡਿਪਟੀ ਕਮਿਸ਼ਨਰ ਸ: ਮਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਵੈਬਸਾਈਟ www.plrs.org.in ਤੇ ਕੋਈ ਵੀ ਜਮੀਨ ਮਾਲਕ ਆਪਣੇ ਜਮੀਨੀ ਰਿਕਾਰਡ ਨੂੰ ਵੇਖ ਸਕਦਾ ਹੈ ਅਤੇ ਇਸ ਦੀ ਕਾਪੀ ਦਾ ਪ੍ਰਿੰਟ ਆਊਟ ਵੀ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪ੍ਰਸ਼ਾਸ਼ਕੀ ਸੁਧਾਰਾਂ ਤਹਿਤ ਸਮੂਹ ਨਾਗਰਿਕ ਸੇਵਾਵਾਂ ਇੱਕ ਛੱਤ ਹੇਠ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਸਰਕਾਰ ਦੀ ਇਹ ਵੀ ਸੰਭਵ ਕੋਸ਼ਿਸ਼ ਹੈ ਕਿ ਫ਼ਰਦ ਕੇਂਦਰਾਂ ਵਿਚ ਆਉਣ ਵਾਲੇ ਲੋਕਾਂ ਨੂੰ ਢੁੱਕਵਾਂ ਮਾਹੌਲ ਮਿਲ ਸਕੇ ਅਤੇ ਉਨ੍ਹਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply