ਅੰਮ੍ਰਿਤਸਰ, 8 ਜਨਵਰੀ (ਰੋਮਿਤ ਸ਼ਰਮਾ)- ਫਿਲਮ ਅਤੇ ਰੰਗ ਮੰਚ ਵਿੱਚ ਆਪਣੀ ਕਲਾ ਦੇ ਜਰੀਏ ਨਿਵੇਕਲੀ ਪਹਿਚਾਣ ਬਨਾਉਣ ਵਾਲੇ ਹਰਦੀਪ ਗਿੱਲ ਅਤੇ ਅਨੀਤਾ ਦੇਵਗਨ ਦੀ ਅਗਵਾਈ ਵਿੱਚ ਨਾਰਥ ਜੋਨ ਕਲਚਰਲ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ ਪੰਜਾਬ ਨਾਟਸ਼ਾਲਾ ਵਿਖੇ ਹੋ ਰਹੇ ਅਠਵੇਂ ਪੰਜਾਬ ਥੀਏਟਰ ਫੈਸਟੀਵਲ ਵਿੱਚ ਅੱਜ ਯੁੱਧਪ੍ਰੀਤ ਚੀਮਾ ਦੀ ਨਿਰਦੇਸ਼ਨਾਂ ਵਿੱਚ ਪ੍ਰੋ: ਅਜਮੇਰ ਔਲਖ ਦਾ ਲਿਖਿਆ ਨਾਟਕ ‘ਤਰੇੜਾਂ’ ਪੇਸ਼ ਕੀਤਾ ਗਿਆ।ਨਾਟਕ ਵਿੱਚ ਮਧਵਰਗੀ ਪਰਿਵਾਰ ਦੇ ਜੀਆਂ ਦੀਆਂ ਲੋੜਾਂ-ਥੁੜਾਂ ਪੰਜਾਬ ਅੰਦਰ ਬੈਕਾਂ ‘ਤੇ ਆੜਤੀਆਂ ਦੇ ਕਰਜੇ ਹੇਠ ਨਪੀੜੀ ‘ਤੇ ਰੋਜ਼-ਦਰ-ਰੋਜ਼ ਮਰ ਰਹੀ ਛੋਟੀ ਕਿਰਸਾਨੀ ਦੀ ਦਸ਼ਾ ਨੂੰ ਗੰਭੀਰਤਾ ਨਾਲ ਪੇਸ਼ ਕੀਤਾ ਗਿਆ। ਨਾਟਕ ਵਿੱਚ ਨਾਇਕ ਦੇ ਇੱਕ ਪਾਸੇ ਕਰਜੇ ਦੇ ਬੋਝ ਨਾਲ ਝੰਬਿਆ ਉਸਦਾ ਬਾਪ ਤੇ ਦੂਜੇ ਪਾਸੇ ਜਿੰਦਗੀ ਦੀਆਂ ਨਿੱਕੀਆਂ-ਨਿੱਕੀਆਂ ਖੁਸ਼ੀਆਂ ਤਲਾਸ਼ਦੇ ਬੱਚਿਆਂ ਵਿਚਕਾਏ ਖੜਾ ਜਿੰਦਗੀ ਨਾਲ ਉਮਰ ਭਰ ਸੰਘਰਸ਼ ਕਰਦਾ ਹੈ।ਪੰਜਾਬੀ ਰੰਗ ਮੰਚ ਦੇ ਪ੍ਰੋੜ ਕਲਾਕਾਰ ਹਰਦੀਪ ਗਿੱਲ, ਜਸਵੰਤ ਜੱਸ ਅਤੇ ਡੋਲੀ ਸੱਡਲ ਦੀ ਨਾਟਕ ਅੰਦਰ ਨਿਭਾਈ ਭਾਵਪੂਰਤ ਅਦਾਕਾਰੀ ਦਰਸ਼ਕਾਂ ਨੂੰ ਧੁਰ ਅੰਦਰ ਤੀਕ ਝੰਜੋੜਦੀ ਰਹੀ। ਨਾਟਕ ਵਿਚਲੇ ਬਾਕੀ ਕਿਰਦਾਰਾਂ ਵਿੱਚ ਕਵੇਰੀ ਜੋਸ਼ੀ, ਮਾਸਟਰ ਕੁਲਜੀਤ ਵੇਰਕਾ ਅਤੇ ਬਾਲ ਕਲਾਕਾਰ ਅਮੀਨ ਗਿੱਲ, ਭਾਵਨਾ ਸ਼ਰਮਾ, ਕਬੀਰ ਪੁੰਜ, ਭਵੇਸ਼ ਪੁੰਜ ਆਦਿ ਕਲਾਕਾਰਾਂ ਵੱਲੋਂ ਆਪੋ ਆਪਣੀਆਂ ਭੂਮਿਕਾਵਾਂ ਰਾਹੀਂ ਦਰਸ਼ਕਾਂ ਤੇ ਅਮਿਟ ਸ਼ਾਪ ਛੱਡੀ। ਇਸ ਸਮੇਂ ਦੀਪ ਦਵਿੰਦਰ ਸਿੰਘ ਨੇ ਅਨੀਤਾ ਦੇਵਗਨ ਦੇ ਹਵਾਲੇ ਨਾਲ ਦੱਸਿਆ ਕਿ ਕੱਲ੍ਹ ਪੰਜਾਬੀ ਦੇ ਇਨਕਲਾਬੀ ਕਵੀ ਪਾਸ਼ ਦੀ ਸ਼ਾਇਰੀ ਤੇ ਅਧਾਰਿਤ ਉਘੇ ਫਿਲਮੀ ਅਤੇ ਕਮੇਡੀ ਕਲਾਕਾਰ ਰਣਬੀਰ ਰਾਣਾ ਦੀ ਨਿਰਦੇਸ਼ਨਾਂ ਵਿੱਚ ਨਾਟਕ ‘ਖੇਤਾਂ ਦੇ ਪੁੱਤ’ ਦੀ ਪੇਸ਼ਕਾਰੀ ਕੀਤੀ ਜਾਵੇਗੀ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media