

ਨਵੀਂ ਦਿੱਲੀ, 8 ਜਨਵਰੀ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੁਆਇੰਟ ਸਕੱਤਰ ਅਤੇ ਕਾਲਕਾ ਜੀ ਹਲਕੇ ਤੋਂ ਵਿਧਾਇਕ ਹਰਮੀਤ ਸਿੰਘ ਕਾਲਕਾ ਵੱਲੋਂ ਬਾਹਰ ਤੋਂ ਆਉਂਣ ਵਾਲੇ ਯਾਤਰੂਆਂ ਅਤੇ ਜ਼ਰੂਰਤਮੰਦ ਲੋਕਾਂ ਵਾਸਤੇ ਨੇਹਰੂ ਪਲੇਸ (ਨੇੜੇ ਪੁਲਿਸ ਸਟੇਸ਼ਨ) ਵਿਖੇ ਰੈਨ ਬਸੇਰੇ ਦਾ ਉਧਘਾਟਨ ਕੀਤਾ ਗਿਆ। ਇਸ ਰੈਨ ਬਸੇਰੇ ਵਿੱਚ ਲਗਭਗ 80 ਲੋਕ ਇਸ ਕਹਿਰ ਦੀ ਸਰਦੀ ਦੇ ਵਿਚਕਾਰ ਸ਼ਰਣ ਲੈ ਸਕਣਗੇ। ਜਿਥੇ ਉਨ੍ਹਾਂ ਨੂੰ ਬਿਸਤ੍ਰੇ, ਕੰਬਲ ਤੋਂ ਇਲਾਵਾ ਚਾਹ ਅਤੇ ਬਿਸਕੁਟ ਵੀ ਇਕ ਸਮੇਂ ਦਿੱਤਾ ਜਾਵੇਗਾ। ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਕਾਲਕਾ ਨੇ ਦੱਸਿਆ ਕਿ ਦਿੱਲੀ ਦੀ 5 ਡਿਗਰੀ ਦੇ ਕਰੀਬ ਸਰਦੀ ਮੌਕੇ ਜ਼ਰੂਰਤਮੰਦ ਅਤੇ ਰੋਡ ਤੇ ਰਾਤ ਗੁਜ਼ਾਰਨ ਵਾਲੇ ਲੋਕਾਂ ਦੀ ਮਦਦ ਨੂੰ ਧਿਆਨ ਵਿੱਚ ਰੱਖ ਕੇ ਉਨ੍ਹਾਂ ਵੱਲੋਂ ਇਨ੍ਹਾਂ ਰੈਨ ਬਸੇਰਿਆਂ ਦੇ ਚਾਲੂ ਕਰਾਉਣ ਅਤੇ ਯੋਗ ਪ੍ਰਬੰਧ ਕਰਨ ਲਈ ਕੋਸ਼ਿਸ਼ਾਂ ਕਰਨੀਆਂ ਪਈਆਂ ਤਾਂਕਿ ਮਨੁੱਖਤਾ ਦੇ ਭਲੇ ਦੇ ਸਾਰੇ ਧਰਮਾਂ ਦੇ ਸੰਦੇਸ਼ ਵੱਜੋਂ ਰੈਨ ਬਸੇਰਿਆਂ ਨੂੰ ਧਰਮਸ਼ਲਾਵਾਂ ਮਾਫਿਕ ਇਸਤੇਮਾਲ ਕੀਤਾ ਜਾ ਸਕੇ। ਪਹਿਲੇ ਆਪਣੇ ਹਲਕੇ ਵਿੱਚ ਚਾਲੂ ਕੀਤੇ ਗਏ ਰੈਨ ਬਸੇਰਿਆਂ ਦਾ ਵੇਰਵਾ ਦਿੰਦੇ ਹੋਏ ਕਾਲਕਾ ਨੇ ਦੱਸਿਆ ਕਿ ਆਪਣੇ ਛੋਟੇ ਜਿਹੇ ਕਾਰਜਕਾਲ ਦੌਰਾਨ ਪਹਿਲੇ ਵੀ 80 ਬੰਦਿਆਂ ਦੀ ਸ਼ਮਤਾ ਵਾਲੇ 6 ਰੈਨ ਬਸੇਰੇ ਆਪਣੇ ਹਲਕੇ ਵਿੱਚ ਖੋਲ ਚੁੱਕੇ ਹਨ। ਜਿਸ ਵਿਚ 2 ਸੰਤ ਨਗਰ, 1 ਨੇਹਰੂ ਪਲੇਸ (ਨੇੜੇ ਐਮ.ਟੀ.ਐਨ.ਐਲ. ਆਫ਼ਿਸ), 1 ਗੜੀ ਮੋੜ, 1 ਕਾਲਕਾਜੀ ਮੰਦਰ ਸਾਹਮਣੇ ਅਤੇ 1 ਮੋਦੀ ਮਿੱਲ ਫਲਾਈਓਵਰ ਨੇੜੇ ਪਹਿਲੇ ਚਲ ਰਹੇ ਹਨ। ਇਨ੍ਹਾਂ 7 ਰੈਨ ਬਸੇਰਿਆਂ ਦੇ ਚਲਣ ਸਦਕਾ ਕਾਲਕਾ ਨੇ ਲਗਭਗ 560 ਲੋਕਾਂ ਵੱਲੋਂ ਇਨ੍ਹਾਂ ਬਸੇਰਿਆਂ ਵਿੱਚ ਰੋਜ਼ਾਨਾ ਰਾਤ ਗੁਜ਼ਾਰਣ ਦਾ ਵੀ ਦਾਅਵਾ ਕੀਤਾ।
Punjab Post Daily Online Newspaper & Print Media