ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ
ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ. ਐਸ.ਪੀ ਸਿੰਘ ਓਬਰਾਏ ਦੇ ਯਤਨਾਂ ਸਦਕਾ ਅੱਜ ਜਲੰਧਰ ਜਿਲ੍ਹੇ ਦੀ ਤਹਿਸੀਲ ਫਿਲੌਰ ਨੇੜਲੇ ਪਿੰਡ ਤੇਹਿੰਗ ਦੇ 49 ਸਾਲਾ ਹਰਵਿੰਦਰ ਸਿੰਘ ਪੁੱਤਰ ਬਿੱਕਰ ਸਿੰਘ ਦਾ ਮ੍ਰਿਤਕ ਸਰੀਰ ਦੋ ਮਹੀਨਿਆਂ ਬਾਅਦ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪਹੁੰਚਿਆ।ਮ੍ਰਿਤਕ ਸਰੀਰ ਸਰਬੱਤ ਦਾ ਭਲਾ ਟਰੱਸਟ ਦੇ ਜਿਲ੍ਹਾ ਜਨਰਲ ਸਕੱਤਰ ਮਨਪ੍ਰੀਤ ਸਿੰਘ ਸੰਧੂ, ਵਿੱਤ ਸਕੱਤਰ ਨਵਜੀਤ ਸਿੰਘ ਘਈ ਤੇ ਪਰਮਿੰਦਰ ਸੰਧੂ ਵੱਲੋਂ ਪ੍ਰਾਪਤ ਕਰਕੇ ਪਰਿਵਾਰਕ ਮੈਂਬਰਾਂ ਨੂੰ ਸੌਂਪਿਆ ਗਿਆ।
ਡਾ. ਐਸ.ਪੀ ਸਿੰਘ ਓਬਰਾਏ ਨੇ ਜਾਰੀ ਮੀਡੀਆ ਬਿਆਨ ਵਿੱਚ ਦੱਸਿਆ ਕਿ ਹਰਵਿੰਦਰ ਸਿੰਘ ਵੀ ਹੋਰਨਾਂ ਨੌਜਵਾਨਾਂ ਵਾਂਗ ਕਰੀਬ 17 ਸਾਲ ਪਹਿਲਾਂ ਆਪਣੇ ਬਿਹਤਰ ਭਵਿੱਖ ਦੇ ਸੁਪਨੇ ਲੈ ਕੇ ਦੁਬਈ ਆਇਆ ਸੀ।ਜਿਸ ਦੀ ਬੀਤੀ 16 ਅਗਸਤ ਨੂੰ ਅਚਾਨਕ ਦਿਲ ਦਾ ਦੌਰਾ ਪੈ ਜਾਣ ਨਾਲ ਮੌਤ ਹੋ ਗਈ ਸੀ।ਇਸ ਮੰਦਭਾਗੀ ਘਟਨਾ ਸਬੰਧੀ ਉਨ੍ਹਾਂ ਨਾਲ ਮ੍ਰਿਤਕ ਹਰਵਿੰਦਰ ਸਿੰਘ ਦੀ ਕੈਨੇਡਾ ਰਹਿੰਦੀ ਭੈਣ ਬਲਜੀਤ ਕੌਰ ਅਤੇ ਇਟਲੀ ਰਹਿੰਦੀ ਭੈਣ ਜਸਬੀਰ ਕੌਰ ਨੇ ਸੰਪਰਕ ਕਰਕੇ ਜਾਣੂ ਕਰਵਾਉਂਦਿਆਂ ਆਪਣੇ ਭਰਾ ਦਾ ਮ੍ਰਿਤਕ ਸਰੀਰ ਉਨ੍ਹਾਂ ਦੇ ਜੱਦੀ ਪਿੰਡ ਭੇਜਣ ਲਈ ਕਿਹਾ ਸੀ। ਜਿਸ ਉਪਰੰਤ ਉਨ੍ਹਾਂ ਭਾਰਤੀ ਦੂਤਾਵਾਸ ਦੀ ਮਦਦ ਨਾਲ ਸਾਰੇ ਲੋੜੀਂਦੇ ਕਾਗਜ਼ਾਤ ਮੁਕੰਮਲ ਕਰਵਾ ਕੇ ਅੱਜ ਹਰਵਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਉਸ ਦੇ ਵਾਰਸਾਂ ਤੱਕ ਪਹੁੰਚਾਇਆ ਹੈ।ਡਾ. ਓਬਰਾਏ ਨੇ ਇੱਥੇ ਇਹ ਵੀ ਸਪੱਸ਼ਟ ਕੀਤਾ ਕਿ ਹਰਵਿੰਦਰ ਦਾ ਮ੍ਰਿਤਕ ਸਰੀਰ ਭਾਰਤ ਭੇਜਣ ਲਈ ਆਇਆ ਖਰਚ ਉਸ ਦੀ ਕਨੇਡਾ ਰਹਿੰਦੀ ਭੈਣ ਵੱਲੋਂ ਕੀਤਾ ਗਿਆ ਹੈ।
ਮ੍ਰਿਤਕ ਸਰੀਰ ਲੈਣ ਹਵਾਈ ਅੱਡੇ ‘ਤੇ ਪਹੁੰਚੇ ਹਰਵਿੰਦਰ ਦੇ ਜੀਜੇ ਕੁਲਦੀਪ ਸਿੰਘ, ਚਾਚਾ ਸੁਰਜੀਤ ਸਿੰਘ ਤੇ ਭਰਾ ਪ੍ਰਸ਼ੋਤਮ ਸਿੰਘ ਆਦਿ ਨੇ ਦੱਸਿਆ ਕਿ ਹਰਵਿੰਦਰ ਆਪਣੇ ਪਿੱਛੇ ਆਪਣੇ ਬਜ਼ੁਰਗ ਮਾਪਿਆਂ ਤੋਂ ਇਲਾਵਾ ਆਪਣੀ ਪਤਨੀ ਤੇ ਆਪਣੀ ਇਕਲੌਤੀ ਧੀ, ਜੋ ਕਿ ਵਿਦੇਸ਼ ਵਿਆਹੀ ਹੋਈ ਹੈ ਨੂੰ ਛੱਡ ਗਿਆ ਹੈ।ਉਨ੍ਹਾਂ ਡਾ. ਐਸ.ਪੀ ਸਿੰਘ ਓਬਰਾਏ ਦਾ ਇਸ ਔਖੇ ਘੜੀ ਵੇਲੇ ਮਦਦ ਕਰਨ ਲਈ ਧੰਨਵਾਦ ਕੀਤਾ।
ਟਰੱਸਟ ਦੇ ਅਹੁੱਦੇਦਾਰਾਂ ਅਨੁਸਾਰ ਡਾ. ਓਬਰਾਏ ਦੇ ਯਤਨਾਂ ਸਦਕਾ ਹੁਣ ਤੱਕ 377 ਦੇ ਕਰੀਬ ਬਦਨਸੀਬ ਲੋਕਾਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ।
Check Also
ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …
Punjab Post Daily Online Newspaper & Print Media