Friday, October 18, 2024

ਖਾਲਸਾ ਕਾਲਜ ਨੇ ਬੋਨ ਮਿਨਰਲ ਡੈਨਸਿਟੀ ਚੈਕਅੱਪ ਕੈਂਪ ਲਗਾਇਆ

ਅੰਮ੍ਰਿਤਸਰ, 18 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਫਿਜ਼ੀਓਥਰੈਪੀ ਵਿਭਾਗ ਵਲੋਂ ਮਾਝਾ ਕਾਲਜ ਫ਼ਾਰ ਵੁਮੈਨ ਤਰਨ ਤਾਰਨ ਵਿਖੇ ਮੁਫਤ ਬੋਨ ਮਿਨਰਲ ਡੈਨਸਿਟੀ ਚੈਕਅੱਪ ਕੈਂਪ ਲਗਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਫਿਜ਼ੀਓਥੈਰੇਪੀ ਵਿਭਾਗ ਦੇ ਫਿਜ਼ੀਓ ਕਲੱਬ ਮੈਂਬਰਾਂ ਵਲੋਂ ਕਾਲਜ ਦੇ ਸਹਿਯੋਗ ਨਾਲ ਲਗਾਏ ਗਏ ਕੈਂਪ ਦੌਰਾਨ ਤਰਨ ਤਾਰਨ ਦੇ ਨਾਲ ਲੱਗਦੇ ਇਲਾਕਿਆਂ ਦੇ ਕਰੀਬ 137 ਵਿਅਕਤੀਆਂ ਦਾ ਮੁਫ਼ਤ ਇਲਾਜ ਕੀਤਾ ਗਿਆ।
ਡਾ. ਮਹਿਲ ਸਿੰਘ ਨੇ ਵਿਭਾਗ ਮੁੱਖੀ ਡਾ. ਵਰਿੰਦਰ ਕੌਰ ਵਲੋਂ ਕੈਂਪ ਸਬੰਧੀ ਕੀਤੇ ਗਏ ਯਤਨਾਂ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਮਾਹਿਰਾਂ ਨੇ ਮੁਫ਼ਤ ਬੀ.ਐਮ.ਡੀ ਅਤੇ ਫਿਜ਼ੀਓਥੈਰੇਪੀ ਬਾਰੇ ਲੋਕਾਂ ਦੀ ਜਾਂਚ ਕਰਕੇ ਸੁਝਾਅ ਅਤੇ ਸਰੀਰਿਕ ਤੰਦਰੁਸਤੀ ਕਾਇਮ ਰੱਖਣ ਲਈ ਕਸਰਤ ਆਦਿ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ।
ਡਾ. ਮਹਿਲ ਸਿੰਘ ਦੀ ਧਰਮ ਪਤਨੀ ਸ੍ਰੀਮਤੀ ਰਮਿੰਦਰ ਕੌਰ ਦੀ ਮੌਜ਼ੂਦਗੀ ’ਚ ਡਾ. ਵਰਿੰਦਰ ਕੌਰ ਨੇ ਦੱਸਿਆ ਕਿ ਇਹ ਕੈਂਪ 25 ਸਾਲ ਜਾਂ ਇਸ ਤੋਂ ਵਧੇਰੀ ਉਮਰ ਦੇ ਵਿਅਕਤੀਆਂ ਦੀਆਂ ਹੱਡੀਆਂ ’ਚ ਕੈਲਸ਼ੀਅਮ ਦੀ ਕਮੀ ਦਾ ਪਤਾ ਲਗਾਉਣ ਦੇ ਮਕਸਦ ਤਹਿਤ ਲਗਾਇਆ ਗਿਆ।ਮਰੀਜ਼ਾਂ ਦੇ ਸਰੀਰ ਦਾ ਪੂਰਾ ਚੈਕਅੱਪ ਕੀਤਾ ਗਿਆ ਅਤੇ ਮੁਫ਼ਤ ਫਿਜ਼ੀਓਥੈਰੇਪੀ ਸਬੰਧੀ ਸਲਾਹ ਦਿੱਤੀ ਗਈ।
ਡਾ. ਵਰਿੰਦਰ ਕੌਰ ਨੇ ਕਿਹਾ ਕਿ ਕੈਂਪ ਦੌਰਾਨ 137 ’ਚੋਂ 55 ਫ਼ੀਸਦੀ ਮਰੀਜ਼ਾਂ ’ਚ ਘੱਟ ਹੱਡੀਆਂ ਦੇ ਖਣਿਜ ਘਣਤਾ ਦੇ ਪੱਧਰ ਦਾ ਨਿਦਾਨ ਕੀਤਾ ਗਿਆ ਸੀ, ਜਿਨ੍ਹਾਂ ’ਚੋਂ ਜ਼ਿਆਦਾਤਰ ਓਸਟੀਓਪੈਨਿਕ ਪਾਏ ਗਏ ਸਨ। ਉਨ੍ਹਾਂ ਕਿਹਾ ਕਿ ਜੀਵਨਸ਼ੈਲੀ ’ਚ ਤਬਦੀਲੀਆਂ ਕਾਰਨ ਹੋਣ ਵਾਲੇ ਗਰਦਨ ਅਤੇ ਪਿੱਠ ਦੇ ਦਰਦ ਲਈ ਵੀ ਮੁਲਾਂਕਣ ਕੀਤਾ ਗਿਆ।ਮਾਹਿਰਾਂ ਵੱਲੋਂ ਮਰੀਜ਼ਾਂ ਨੂੰ ਸਿਹਤਮੰਦ ਰਹਿਣ ਲਈ ਰੋਜ਼ਾਨਾ ਸੈਰ-ਕਸਰਤ ਕਰਨ ਅਤੇ ਪੌਸ਼ਟਿਕ ਖੁਰਾਕ ਲੈਣ ਦੀ ਸਲਾਹ ਦਿੱਤੀ ਗਈ।ਹੱਡੀਆਂ ਦੇ ਖਣਿਜ ਘਣਤਾ ਦੇ ਪੱਧਰ ਨੂੰ ਵਧਾਉਣ ਲਈ ਖੁਰਾਕ ਬਾਰੇ ਮਾਰਗਦਰਸ਼ਨ ਕਰਦਿਆਂ ਡਾਈਟ ਚਾਰਟ ਵੀ ਵੰਡੇ ਗਏ।
ਇਸ ਮੌਕੇ ਕਰਨ ਸਿੰਘ, ਅਵਤਾਰ ਸਿੰਘ ਤੋਂ ਇਲਾਵਾ ਹੋਰ ਵੀ ਟੀਮ ਮੈਂਬਰ ਹਾਜ਼ਰ ਸਨ।

Check Also

ਖਾਲਸਾ ਕਾਲਜ ਵਲੋਂ ਲੋਗੋ ਡਿਜ਼ਾਈਨਿੰਗ ਮੁਕਾਬਲਾ ਕਰਵਾਇਆ ਗਿਆ

ਅੰਮ੍ਰਿਤਸਰ, 18 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਦੀ …