Friday, December 27, 2024

ਪੰਚਾਇਤੀ ਚੋਣਾਂ ਦੇ ਨਤੀਜੇ ਨੇ 2027 ਦੀ ਜਿੱਤ ਲਈ ਰਾਹ ਪੱਧਰਾ ਕੀਤਾ- ਧਾਲੀਵਾਲ

ਪੰਜਾਬ ਵਾਸੀਆਂ ਨੇ ਫਤਵਾ ਦੇ ਕੇ ਵਿਰੋਧੀਆਂ ਦੇ ਮੂੰਹ ਕੀਤੇ ਬੰਦ – ਈ.ਟੀ.ਓ

ਅਜਨਾਲਾ, 20 ਅਕਤੂਬਰ (ਪੰਜਾਬ ਪੋਸਟ ਬਿਊਰੋ) – ਅਜਨਾਲਾ ਹਲਕੇ ‘ਚ ਆਮ ਆਦਮੀ ਪਾਰਟੀ ਦੀ ਹਮਾਇਤ ਨਾਲ ਬਣੀਆਂ 155 ਪੰਚਾਇਤਾਂ ਦੇ ਪੰਚਾਂ ਸਰਪੰਚਾਂ ਦੇ ਮਾਣ ਸਨਮਾਨ ਵਿੱਚ ਕਰਵਾਏ ਫਤਿਹ ਸਨਮਾਨ ਦਿਵਸ ਸਮਾਰੋਹ ਨੂੰ ਸੰਬੋਧਨ ਕਰਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਇੰਨ੍ਹਾਂ ਚੋਣਾਂ ਦੇ ਨਤੀਜੇ ਨੇ 2027 ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀ ਜਿੱਤ ਲਈ ਰਾਹ ਪੱਧਰਾ ਕੀਤਾ ਹੈ।ਉਹਨਾਂ ਕਿਹਾ ਕਿ ਲੋਕਾਂ ਨੇ ਫਤਵਾ ਦੇ ਕੇ ਸਿੱਧ ਕਰ ਦਿੱਤਾ ਹੈ ਕਿ ਲੋਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕੰਮ ਕਰ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹਨ।ਉਹਨਾਂ ਕਿਹਾ ਕਿ ਅਸੀਂ ਨਾ ਕਿਸੇ ਦੇ ਕਾਗਜ਼ ਰੱਦ ਕਰਵਾਏ, ਨਾ ਕਿਸੇ ਉਤੇ ਪਰਚੇ ਕਰਵਾਏ, ਲੋਕਾਂ ਨੇ ਵੋਟਾਂ ਪਾ ਕੇ ਸਰਪੰਚ ਚੁਣੇ ਹਨ।ਅਜਨਾਲਾ ਹਲਕੇ ਦੀ ਗੱਲ ਕਰਦੇ ਉਹਨਾਂ ਕਿਹਾ ਕਿ ਉਹ ਪਿੱਛਲੇ ਕਰੀਬ ਢਾਈ ਸਾਲਾਂ ਵਿੱਚ 325 ਕਰੋੜ ਰੁਪਏ ਅਜਨਾਲਾ ਹਲਕੇ ਦੇ ਵਿਕਾਸ ‘ਤੇ ਲਗਾ ਦਿੱਤੇ ਹਨ।ਬੀਤੇ ਦਿਨ ਹੀ ਮੁੱਖ ਮੰਤਰੀ ਪੰਜਾਬ ਨੇ 2400 ਕਰੋੜ ਰੁਪਇਆ ਪੰਜਾਬ ਭਰ ਵਿੱਚ ਸੜਕਾਂ ਬਣਾਉਣ ਲਈ ਜਾਰੀ ਕੀਤਾ ਹੈ, ਜਿਸ ਵਿਚੋਂ ਅਜਨਾਲਾ ਹਲਕੇ ਨੂੰ 60 ਕਰੋੜ ਰੁਪਏ ਮਿਲੇ ਹਨ।ਉਹਨਾਂ ਪੰਚਾਂ ਸਰਪੰਚਾਂ ਨੂੰ ਮੁਖਾਤਿਬ ਹੁੰਦੇ ਕਿਹਾ ਕਿ ਤੁਸੀਂ ਲੋਕਾਂ ਨੂੰ ਨਾਲ ਲੈ ਕੇ ਵਿਕਾਸ ਕਰੋ, ਸਰਕਾਰੀ ਦਫਤਰਾਂ ਵਿੱਚ ਤੁਹਾਡਾ ਮਾਨ ਸਨਮਾਨ ਪੂਰਾ ਹੋਵੇਗਾ ਅਤੇ ਜਿਥੇ ਵੀ ਕੋਈ ਲਾਪਰਵਾਹੀ ਹੋਈ ਉਥੇ ਕਾਰਵਾਈ ਕਰਾਂਗੇ ।
ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਜੇਤੂ ਪੰਚਾਇਤਾਂ ਨੂੰ ਵਧਾਈ ਦਿੰਦੇ ਕਿਹਾ ਕਿ ਤੁਹਾਡੀ ਜਿੱਤ ਨੇ ਵਿਰੋਧੀਆਂ ਦੇ ਮੂੰਹ ਬੰਦ ਕਰ ਦਿੱਤੇ ਹਨ, ਜੋ ਕਹਿੰਦੇ ਸਨ ਕਿ ਸਾਡਾ ਪਿੰਡਾਂ ਵਿੱਚ ਕੇਡਰ ਨਹੀਂ ਹੈ।ਉਹਨਾਂ ਕਿਹਾ ਕਿ ਤੁਸੀਂ ਸਰਕਾਰ ਦੀਆਂ ਨੀਤੀਆਂ ‘ਤੇ ਚੱਲਦੇ ਹੋਏ ਵਿਕਾਸ ਦੇ ਮੁੱਦੇ ਉਤੇ ਚੋਣ ਲੜੀ ਅਤੇ ਜਿੱਤਾਂ ਪ੍ਰਾਪਤ ਕੀਤੀਆਂ।ਵਿਧਾਇਕ ਇੰਦਰਬੀਰ ਸਿੰਘ ਨਿੱਝਰ ਨੇ ਪੰਚਾਂ ਸਰਪੰਚਾਂ ਨੂੰ ਕਿਹਾ ਕਿ ਹੁਣ ਤੁਸੀਂ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਕੰਮ ਕਰੋ, ਪਿੰਡਾਂ ਦੀ ਦਿਸ਼ਾ ਅਤੇ ਦਸ਼ਾ ਸਵਾਰੋ, ਵਾਤਾਵਰਨ ਦੀ ਸੰਭਾਲ ਲਈ ਬੂਟੇ ਲਗਾਓ, ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਉਤਸ਼ਾਹਿਤ ਕਰੋ ਅਤੇ ਪਾਣੀ ਬਚਾਉਣ ਦੇ ਉਪਰਾਲੇ ਪਿੰਡਾਂ ਵਿੱਚ ਕਰੋ।
ਸ਼੍ਰੀਮਤੀ ਅਮਨਦੀਪ ਕੌਰ ਧਾਲੀਵਾਲ ਨੇ ਕਿਹਾ ਕਿ ਤੁਸੀਂ ਪਿੱਛਲੀਆਂ ਸਰਕਾਰਾਂ ਦੀ ਰੀਸ ਨਹੀਂ ਕਰਨੀ ਬਲਕਿ ਕੰਮ ਕਰਨਾ ਹੈ।ਕਿਸੇ ਵੀ ਪਿੰਡ ਵਾਸੀ ਨੂੰ ਝੂਠੇ ਕੇਸਾਂ ਵਿੱਚ ਫਸਾਉਣਾ ਨਹੀਂ।ਉਹਨਾਂ ਕਿਹਾ ਕਿ ਤੁਸੀਂ ਹੁਣ ਪਿੰਡਾਂ ਦੀ ਸਰਕਾਰ ਹੋ, ਪਿੰਡ ਦਾ ਸਰਪੰਚ ਪਿੰਡ ਦਾ ਮੁੱਖ ਮੰਤਰੀ ਦੀ ਤਾਕਤ ਰੱਖਦਾ ਹੈ ਅਤੇ ਪਿੰਡ ਦੀ ਗ੍ਰਾਮ ਸਭਾ ਲੋੜ ਅਨੁਸਾਰ ਆਪਣੇ ਕਾਇਦੇ ਕਾਨੂੰਨ ਵੀ ਬਣਾ ਸਕਦੀ ਹੈ।ਪੰਚਾਇਤ ਪ੍ਰਕਾਸ਼ ਨਾਂ ਦਾ ਕਿਤਾਬਚਾ ਜਾਰੀ ਕਰਕੇ ਪੰਚਾਂ ਸਰਪੰਚਾਂ ਨੂੰ ਉਹਨਾਂ ਦੇ ਹੱਕਾਂ ਅਤੇ ਕਾਨੂਨੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਚੇਅਰਮੈਨ ਅਸ਼ੋਕ ਤਲਵਾਰ, ਚੇਅਰਮੈਨ ਜਸਪ੍ਰੀਤ ਸਿੰਘ, ਤਲਬੀਰ ਸਿੰਘ ਗਿੱਲ, ਇਕਬਾਲ ਸਿੰਘ ਭੁੱਲਰ, ਚੇਅਰਮੈਨ ਬਲਦੇਵ ਸਿੰਘ ਮਿਆਦੀਆਂ, ਗੁਰਸ਼ਰਨ ਸਿੰਘ ਛੀਨਾ, ਜਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਥਾਂਦੇ ਅਤੇ ਵੱਡੀ ਗਿਣਤੀ ‘ਚ ਲੋਕ ਹਾਜ਼ਰ ਸਨ।।

Check Also

ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ

ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …