2 ਕਰੋੜ ਦੀ ਲਾਗਤ ਨਾਲ 40 ਸਕੂਲਾਂ ਵਿਚ ਆਰਟ ਐਂਡ ਕਰਾਫਟ ਰੂਮ ਬਣਾਏ ਜਾਣਗੇ – ਸ. ਬੱਲ

ਫਾਜ਼ਿਲਕਾ, 9 ਜਨਵਰੀ (ਵਿਨੀਤ ਅਰੋੜਾ) -ਜਿਲ੍ਹਾ ਸਿੱਖਿਆ ਵਿਕਾਸ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਹੋਈ ।ਇਸ ਮੀਟਿੰਗ ਵਿਚ ਸਿਵਲ ਵਰਕਸ ਕੰਪੋਨੈਟ ਅਧੀਨ ਕੰਮਾਂ ਤੋਂ ਇਲਾਵਾ ਪ੍ਰਵੇਸ਼ ਪ੍ਰੋਜੈਕਟ, ਸਕੂਲ ਛੱਡ ਚੁੱਕੇ ਬੱਚਿਆਂ ਨੂੰ ਵਾਪਸ ਸਕੂਲ ਵਿਚ ਦਾਖਲ ਕਰਵਾਉਣ, ਵਿਦਿਆਰਥੀਆਂ ਨੂੰ ਦਿੱਤੇ ਜਾਂਦੇ ਦੁਪਹਿਰ ਦੇ ਖਾਣੇ ਅਤੇ ਸਕੂਲਾਂ ਵਿਚ ਚਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ ਗਈ ।
ਡਿਪਟੀ ਕਮਿਸ਼ਨਰ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਸਵੱਛ ਭਾਰਤ ਅਭਿਆਨ ਤਹਿਤ ਸਕੂਲਾਂ ਵਿਚ ਸਫਾਈ ਮੁਹਿੰਮ ਜੰਗੀ ਪੱਧਰ ਤੇ ਚਲਾਈ ਜਾਵੇ ਅਤੇ ਸਵੇਰ ਦੀ ਸਭਾ ਮੌਕੇ ਵਿਦਿਆਰਥੀਆਂ ਨੂੰ ਸਫਾਈ ਦੀ ਮਹੱਤਤਾ, ਗੰਦਗੀ ਕਾਰਨ ਫੈਲਣ ਵਾਲੀਆਂ ਬਿਮਾਰੀਆਂ ਅਤੇ ਟਰੈਫ਼ਿਕ ਨਿਯਮਾਂ ਸਬੰਧੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਵਿਭਾਗ ਦੇ ਅਧਿਕਾਰੀ ਸਕੂਲਾਂ ਵਿਚ ਦੁਪਹਿਰ ਦੇ ਖਾਣੇ, ਪੀਣ ਵਾਲੇ ਪਾਣੀ, ਸਫਾਈ ਪ੍ਰਬੰਧਾਂ, ਬਿਜਲੀ ਅਤੇ ਵਿਦਿਆਰਥੀਆਂ ਦੇ ਬੈਠਣ ਲਈ ਡੈਸਕਾਂ, ਟਾਟਾਂ ਆਦਿ ਸਬੰਧੀ ਰੈਗੂਲਰ ਚੈਕਿੰਗ ਕਰਨ ਅਤੇ ਇਸ ਸਬੰਧੀ ਉਨ੍ਹਾਂ ਨੂੰ ਰਿਪੋਰਟ ਦਿੱਤੀ ਜਾਵੇ । ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲਾਂ ਵਿਚ ਦਿੱਤੇ ਜਾ ਰਹੇ ਦੁਪਹਿਰ ਦੇ ਖਾਣੇ ਸਬੰਧੀ ਵਿਸਤਾਰ ਸਹਿਤ ਜਾਣਕਾਰੀ ਲਈ ।
ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਸ. ਸੁਖਵੀਰ ਸਿੰਘ ਬੱਲ ਨੇ ਦੱਸਿਆ ਕਿ ਰਾਸ਼ਟਰੀ ਮਾਧਮਿਕ ਸਿੱਖਿਆ ਪ੍ਰੋਗਰਾਮ ਅਧੀਨ ਜਿਲ੍ਹੇ ਦੇ 40 ਸਕੂਲਾਂ ਵਿਚ ਆਰਟ ਐਂਡ ਕਰਾਫਟ ਰੂਮ ਬਣਾਏ ਜਾ ਰਹੇ ਹਲ ਜਿਨ੍ਹਾਂ ਤੇ 2 ਕਰੋੜ ਰੁਪਏ ਖਰਚ ਆਉਣਗੇ । ਉਨ੍ਹਾਂ ਜਿਲ੍ਹੇ ਦੇ ਸਕੂਲਾਂ ਵਿਚ ਚਲ ਰਹੇ ਹੋਰ ਵਿਕਾਸ ਕਾਰਜਾਂ ਬਾਰੇ ਵੀ ਜਾਣਕਾਰੀ ਦਿੱਤੀ।ਜਿਲ੍ਹਾ ਸਿੱਖਿਆ ਅਫਸਰ(ਐ.ਸਿ.) ਹਰੀ ਚੰਦ ਕੰਬੋਜ ਨੇ ਦੱਸਿਆ ਕਿ ਸਰਵ ਸਿੱਖਿਆ ਅਭਿਆਨ ਤਹਿਤ ਜਿਲ੍ਹੇ ਦੇ 16 ਸਕੂਲਾਂ ਵਿਚ ਫਿਜਿਕਸ ਰੂਮ ਬਣਾਏ ਜਾ ਰਹੇ ਹਨ ਜਿਨ੍ਹਾਂ ਤੇ 6 ਲੱਖ 27 ਹਜਾਰ ਰੁਪਏ ਖਰਚਾ ਆਵੇਗਾ।ਉਨ੍ਹਾਂ ਦੱਸਿਆ ਕਿ ਜਿਲ੍ਹੇ ਦੇ ਖੂਈਆਂ ਸਰਵਰ, ਅਬੋਹਰ, ਫਾਜਿਲਕਾ ਅਤੇ ਜਲਾਲਾਬਾਦ ਗਰਲਜ ਸਕੂਲਾਂ ਵਿਚ ਚਲ ਰਹੇ ਕਸਤੁਰਬਾ ਗਾਂਧੀ ਹੋਸਟਲਾਂ ਵਿਚ 389 ਵਿਦਿਆਰਥਣਾ ਮੁਫ਼ਤ ਸਿੱਖਿਆ, ਰਿਹਾਇਸ਼ ਅਤੇ ਖਾਣੇ ਆਦਿ ਦੀ ਸਹੂਲਤ ਪ੍ਰਾਪਤ ਕਰ ਰਹੀਆਂ ਹਨ।ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਰਵ ਸਿੱਖਿਆ ਅਭਿਆਨ ਦੇ ਆਈ.ਈ.ਡੀ. ਕੰਮਪੋਨੈਂਟ ਅਧੀਨ 6 ਤੋਂ 14 ਸਾਲ ਉਮਰ ਗਰੁੱਪ ਦੇ ਸਕੂਲੋਂ ਵਿਰਵੇ ਅਤੇ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਅਤੇ 9ਵੀ ਤੋਂ 12ਵੀਂ ਜਮਾਤ ਦੇ ਸਰਕਾਰੀ/ਏਡਿਡ ਸਕੂਲਾਂ ਵਿਚ ਪੜ੍ਹਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਤਹਿਸੀਲ ਪੱਧਰ ਤੇ ਮੈਡੀਕਲ ਅਸੈਸਮੈਂਟ ਕੈਂਪ ਲਗਾਏ ਗਏ ਹਨ ਜਿਨ੍ਹਾਂ ਨੂੰ ਅਲਿਮਕੋ ਕਾਨਪੁਰ ਤੋਂ ਸਹਾਇਤਾ ਉਪਕਰਨ ਜਿਵੇਂ ਟ੍ਰਾਈਸਾਇਕਲ, ਵੀਲ ਚੇਅਰ, ਸੁਨਣ ਵਾਲੀਆਂ ਮਸ਼ੀਨਾਂ ਆਦਿ ਤੋਂ ਇਲਾਵਾ ਐਮ.ਆਰ.ਕਿੱਟਾਂ ਵੀ ਮੁੱਫਤ ਮੁਹੱਈਆ ਕਰਵਾਈਆਂ ਜਾਣਗੀਆਂ ।
Punjab Post Daily Online Newspaper & Print Media