ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ) – ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵਲੋਂ ਬੀ.ਐਸ.ਐਨ.ਐਲ ਪਾਰਕ ਸੰਗਰੂਰ ਵਿਖੇ ਵਿਚਾਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ।ਐਸੋਸੀਏਸ਼ਨ ਦੀ ਰਵਾਇਤ ਅਨੁਸਾਰ ਸਭ ਤੋਂ ਪਹਿਲਾਂ ਇਸ ਮਹੀਨੇ ਅਕਾਲ ਚਲਾਣਾ ਕਰ ਗਏ ਕਿਸ਼ੋਰੀ ਲਾਲ ਰਿਟਾਇਰਡ ਫੋਨ ਮਕੈਨਿਕ ਸੁਨਾਮ, ਡੀ.ਜੀ.ਐਮ ਰਾਜ ਪਾਲ ਦਹੀਆ ਦੀ ਪਤਨੀ ਦੇ ਭਰਾ-ਭਰਜਾਈ ਅਤੇ ਭਤੀਜੇ ਦੀ ਸੜਕ ਹਾਦਸੇ ਵਿੱਚ ਹੋਈਆਂ ਦਰਦਨਾਕ ਮੌਤਾਂ ਅਤੇ ਕੁਲਦੀਪ ਸਿੰਘ ਰਿਟਾ. ਟੈਲੀਫੋਨ ਆਪਰੇਟਰ ਦੀ ਧਰਮ ਪਤਨੀ ਦੀ ਜ਼ੇਰੇ ਇਲਾਜ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਉਨ੍ਹਾਂ ਨਮਿਤ ਇੱਕ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ।ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਧਾਰਮਿਕ ਕੱਟੜਤਾ ਦੇ ਵਿਰੋਧ ਵਿੱਚ ਦਿੱਤੀ ਗਈ ਸ਼ਹਾਦਤ ‘ਤੇ ਵਿਚਾਰ ਚਰਚਾ ਹੋਈ।ਇਸ ਮਹੀਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੋਣ ਕਾਰਨ ਉਨ੍ਹਾਂ ਦੇ ਜੀਵਨ ਅਤੇ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦੇ ਫ਼ਲਸਫ਼ੇ ਬਾਰੇ ਵਿਚਾਰ ਚਰਚਾ ਕੀਤੀ ਗਈ।ਭਗਤ ਨਾਮ ਦੇਵ ਜੀ ਦੇ ਜੀਵਨ ਬਾਰੇ ਵੀ ਸੰਖੇਪ ਵਿੱਚ ਜਾਣਕਾਰੀ ਦਿੱਤੀ ਗਈ।ਇਸ ਮਹੀਨੇ ਫਾਂਸੀ ਦਾ ਰੱਸਾ ਚੁੰਮਣ ਵਾਲੇ 19 ਸਾਲਾ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਵੀ ਯਾਦ ਕੀਤਾ ਗਿਆ।
ਗੁਰਮੇਲ ਸਿੰਘ ਭੱਟੀ ਨੇ ਦੂਜੀ ਛਿਮਾਹੀ ਵਿੱਚ ਐਮ.ਟੀ.ਐਨ.ਐਲ ਨੂੰ ਪਏ 809 ਕਰੋੜ ਦੇ ਘਾਟੇ ਵਿੱਚ ਬੀ.ਐਸ.ਐਨ.ਐਲ ‘ਤੇ ਬੋਝ ਨਾ ਪਾਉਣ ‘ਤੇ ਜੋਰ ਦਿੱਤਾ।ਹਰਬੰਸ ਸਿੰਘ ਸ਼ੇਰਪੁਰ ਨੇ ਐਮ.ਆਰ.ਪੀ ਸਬੰਧੀ ਕੋਈ ਠੋਸ ਨੀਤੀ ਨਾ ਹੋਣ ਕਾਰਨ ਖੱਪਤਕਾਰਾਂ ਦੀ ਹੁੰਦੀ ਲੁੱਟ ਦਾ ਮੁੱਦਾ ਉਠਾਇਆ ਅਤੇ ਜਨਤਕ ਜਾਗਰੂਕਤਾ ਲਈ ਜ਼ੋਰ ਦਿੱਤਾ। ਬੀ.ਐਸ.ਐਨ.ਐਲ ਦੇ ਮੌਜ਼ੂਦਾ ਕਰਮਚਾਰੀਆਂ ਲਈ ਪੇ ਰਵਿਜ਼ਨ ਅਤੇ ਪੈਨਸ਼ਨਰਾਂ ਲਈ ਪੈਨਸ਼ਨ ਰਵਿਜ਼ਨ ਵਿੱਚ ਹੋਣ ਵਾਲੀ ਦੇਰੀ ‘ਤੇ ਨਰਾਜ਼ਗੀ ਜਾਹਿਰ ਕੀਤੀ ਗਈ ਅਤੇ ਕੇਂਦਰ ਸਰਕਾਰ ਖਿਲਾਫ਼ ਜੰਮ ਕੇ ਨਾਆਰੇਬਾਜ਼ੀ ਕੀਤੀ ਗਈ। ਸਾਧਾ ਸਿੰਘ ਵਿਰਕ ਨੇ ਮੰਚ ਸੰਚਾਲਨ ਕੀਤਾ ਅਤੇ ਮਹੱਤਵਪੂਰਨ ਮਤੇ ਪੇਸ਼ ਕੀਤੇ, ਜਿਨ੍ਹਾਂ ਨੂੰ ਬਹੁਸੰਮਤੀ ਨਾਲ ਪਰਵਾਨਗੀ ਦਿੱਤੀ ਗਈ।
Punjab Post Daily Online Newspaper & Print Media