ਅੰਮ੍ਰਿਤਸਰ, 21 ਦਸੰਬਰ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਜਿਲ੍ਹੇ ਵਿੱਚ ਟੀ.ਬੀ ਦੇ ਖਾਤਮੇ ਲਈ ਟਾਸਕ ਫੋਰਸ ਦਾ ਗਠਨ ਕਰਦੇ
ਹੋਏ ਹਦਾਇਤ ਕੀਤੀ ਕਿ ਹਰੇਕ ਮਰੀਜ਼ ਦਾ ਰਿਕਾਰਡ ਰੱਖਿਆ ਜਾਵੇ ਅਤੇ ਹਰੇਕ ਲੋੜਵੰਦ ਮਰੀਜ਼ ਨੂੰ ਮਾਹਿਰਾਂ ਦੀ ਸਲਾਹ ਅਨੁਸਾਰ ਸਹੀ ਖੁਰਾਕ ਦਿੱਤੀ ਜਾਵੇ।ਅੱਜ ਵਿਸ਼ੇਸ਼ ਤੌਰ ‘ਤੇ ਕੀਤੀ ਗਈ ਮੀਟਿੰਗ ਵਿੱਚ ਇਹ ਫੈਸਲਾ ਵੀ ਲਿਆ ਗਿਆ ਕਿ ਜੋ ਮਰੀਜ਼ ਆਰਥਿਕ ਤੌਰ ‘ਤੇ ਅਸਮਰੱਥ ਹੋਣ ਕਾਰਨ ਸਹੀ ਖੁਰਾਕ ਨਹੀਂ ਲੈ ਰਹੇ, ਉਹਨਾਂ ਨੂੰ ਜਿਲ੍ਹਾ ਪ੍ਰਸ਼ਾਸਨ ਵਲੋਂ ਵੱਖ-ਵੱਖ ਵਪਾਰਕ ਅਦਾਰਿਆਂ, ਰੈਡ ਕਰਾਸ, ਧਾਰਮਿਕ ਸੰਸਥਾਵਾਂ ਅਤੇ ਦਾਨੀ ਪੁਰਸ਼ਾਂ ਦੇ ਸਹਿਯੋਗ ਨਾਲ ਹਰ ਮਹੀਨੇ ਖੁਰਾਕ ਮੁਹਈਆ ਕਰਵਾਈ ਜਾਵੇ।ਡਿਪਟੀ ਕਮਿਸ਼ਨਰ ਨੇ ਇਸ ਲਈ ਸਾਰੇ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਸਹਿਯੋਗ ਵੀ ਲੈਣ ਦੀ ਹਦਾਇਤ ਕੀਤੀ ਅਤੇ ਉਨਾਂ ਖੁਦ ਵੀ ਆਪਣੇ ਵਲੋਂ 10 ਮਰੀਜ਼ ਖੁਰਾਕ ਲਈ ਅਡਾਪਟ ਕਰਨ ਦੀ ਪੇਸ਼ਕਸ਼ ਕੀਤੀ।
ਸ਼੍ਰੀਮਤੀ ਸਾਹਨੀ ਨੇ ਕਿਹਾ ਕਿ ਜਿਲ੍ਹੇ ਵਿਚੋਂ ਟੀ.ਬੀ ਨੂੰ ਖਤਮ ਕਰਨ ਵਾਲਾ ਅੰਮ੍ਰਿਤਸਰ ਪਹਿਲਾ ਜਿਲ੍ਹਾ ਦੇਸ਼ ਭਰ ਵਿੱਚ ਹੋਣਾ ਚਾਹੀਦਾ ਹੈ ਅਤੇ ਇਸ ਲਈ ਜੋ ਵੀ ਸਮਾਂ, ਸਾਧਨ, ਪੈਸਾ ਅਤੇ ਐਨਰਜ਼ਜੀ ਲਗਾਉਣ ਦੀ ਲੋੜ ਹੋਈ ਅਸੀਂ ਲਗਾਵਾਂਗੇ।ਉਹਨਾਂ ਜਿਲ੍ਹੇ ਵਿੱਚ ਮੌਜ਼ੂਦ 5 ਹਜਾਰ ਤੋਂ ਵੱਧ ਮਰੀਜ਼ਾਂ ਦੀ ਰਿਹਾਇਸ਼ ਅਨੁਸਾਰ ਮੈਪਿੰਗ ਕਰਨ ਦੀ ਹਦਾਇਤ ਵੀ ਕੀਤੀ ਤਾਂ ਜੋ ਉਹਨਾਂ ਦੇ ਇਲਾਕਿਆਂ ਨੂੰ ਧਿਆਨ ਵਿੱਚ ਰੱਖ ਕੇ ਆਸ਼ਾ ਵਰਕਰ ਜਾਂ ਹੋਰ ਕਰਮਚਾਰੀਆਂ ਦੀ ਡਿਊਟੀ ਅਜਿਹੇ ਮਰੀਜ਼ਾਂ ਦੀ ਦਵਾਈ ਅਤੇ ਖੁਰਾਕ ਮੁਹੱਈਆ ਕਰਵਾਉਣ ਲਈ ਲਗਾਈ ਜਾ ਸਕੇ।ਉਹਨਾਂ ਕਿਹਾ ਕਿ ਅਜਿਹੀ ਪ੍ਰਣਾਲੀ ਅਤੇ ਸਾਧਨ ਕਾਇਮ ਕੀਤੇ ਜਾਣ ਕਿ ਹਰੇਕ ਮਰੀਜ਼ ਨੂੰ ਰੋਜ਼ਾਨਾ ਦਵਾਈ ਲੈਣ ਲਈ ਮੋਬਾਇਲ ‘ਤੇ ਦੋ ਵਾਰ ਮੈਸੇਜ ਜਾਵੇ ਅਤੇ ਇਸ ਤੋਂ ਇਲਾਵਾ ਜਦੋਂ ਉਸ ਦੀ ਖੁਰਾਕ ਜਾਂ ਦਵਾਈ ਮੁੱਕਦੀ ਹੈ ਤਾਂ ਉਸ ਨੂੰ ਹੈਲਪਲਾਈਨ ਨੰਬਰ ਦਿੱਤਾ ਜਾਵੇ ਜੋ ਕਿ ਫੋਨ ਕਰਕੇ ਸਹਾਇਤਾ ਲੈ ਸਕੇ।ਉਨਾਂ ਨੇ ਇਸ ਲਈ ਜੇਲ੍ਹ ਵਿੱਚ ਬੰਦ ਕੈਦੀਆਂ ਵਿੱਚੋਂ ਵੀ ਟੀ.ਬੀ ਦੇ ਮਰੀਜ਼ਾਂ ਦੀ ਸ਼ਨਾਖਤ ਕਰਨ ਅਤੇ ਉਹਨਾਂ ਦਾ ਇਲਾਜ਼ ਯਕੀਨੀ ਬਣਾਉਣ ਦੀ ਹਦਾਇਤ ਕੀਤੀ।
ਅੱਜ ਦੀ ਮੀਟਿੰਗ ਵਿੱਚ ਸਹਾਇਕ ਕਮਿਸ਼ਨਰ ਸ੍ਰੀਮਤੀ ਸੋਨਮ, ਸਿਵਲ ਸਰਜਨ ਸ੍ਰੀਮਤੀ ਕਿਰਨਦੀਪ ਕੌਰ, ਕੇਂਦਰੀ ਜੇਲ੍ਹ ਦੇ ਸੁਪਰਡੈਂਟ ਹੇਮੰਤ ਸ਼ਰਮਾ, ਜੀ.ਐਮ ਇੰਡਸਟਰੀ ਮਾਨਵਪ੍ਰੀਤ ਸਿੰਘ, ਡਿਪਟੀ ਮੈਡੀਕਲ ਸਟੂਡੈਂਟ ਡਾ. ਪੀ.ਐਸ ਗਰੋਵਰ, ਟੀ.ਬੀ ਅਫਸਰ ਡਾ. ਵਿਜੇ, ਡਾ. ਗੁਨੀਤ, ਵਿਸ਼ਵ ਬੈਂਕ ਦੇ ਸਲਾਹਕਾਰ ਡਾ. ਪ੍ਰੀਤੋਸ਼ ਧਵਨ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ
ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …
Punjab Post Daily Online Newspaper & Print Media