Sunday, April 27, 2025
Breaking News

ਵਿਸ਼ਵ ਚੈਂਪੀਅਨ ਗੁਕੇਸ਼ ਲਈ ਸ਼ਤਰੰਜ ਬਣਾਉਣ ਵਾਲੇ ਕਾਰੀਗਰਾਂ ਨੂੰ ਡਿਪਟੀ ਕਮਿਸ਼ਨਰ ਨੇ ਕੀਤਾ ਸਨਮਾਨਿਤ

ਅੰਮ੍ਰਿਤਸਰ ਦੀ ਸ਼ਤਰੰਜ ਕਲਾ ਨੂੰ ਵਿਸ਼ਵ ਭਰ ਵਿੱਚ ਪ੍ਰਮੋਟ ਕਰਨ ਦੇ ਕੀਤੇ ਜਾਣਗੇ ਯਤਨ

ਅੰਮ੍ਰਿਤਸਰ, 21 ਦਸੰਬਰ (ਸੁਖਬੀਰ ਸਿੰਘ) – ਹਾਲ ਹੀ ਵਿੱਚ ਸਿੰਗਾਪੁਰ ਵਿਖੇ ਹੋਈ ਸ਼ਤਰੰਜ ਦੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਜੇਤੂ ਰਹੇ ਭਾਰਤ ਦੇ ਸ਼ਤਰੰਜ ਖਿਡਾਰੀ ਡੀ ਗੁਕੇਸ਼ ਲਈ ਸ਼ਤਰੰਜ ਦੇ ਮੋਹਰੇ ਬਣਾਉਣ ਵਾਲੇ ਕਾਰੀਗਰਾਂ ਨੂੰ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਅੱਜ ਵਿਸ਼ੇਸ਼ ਤੌਰ ‘ਤੇ ਆਪਣੇ ਦਫਤਰ ਬੁਲਾ ਕੇ ਸਨਮਾਨਿਤ ਕੀਤਾ ਤੇ ਸ਼ਤਰੰਜ ਦੇ ਮੋਹਰੇ ਬਣਾਉਣ ਸਬੰਧੀ ਅੰਮ੍ਰਿਤਸਰ ਦੀ ਇਸ ਕਲਾ ਬਾਰੇ ਵਿਸਥਾਰ ਵਿੱਚ ਜਾਣਕਾਰੀ ਪ੍ਰਾਪਤ ਕੀਤੀ।ਦੱਸਣਯੋਗ ਹੈ ਕਿ ਅੰਮ੍ਰਿਤਸਰ ਵਿੱਚ ਕਰੀਬ 100 ਸਾਲਾਂ ਤੋਂ ਸ਼ਤਰੰਜ ਦੇ ਮੋਹਰੇ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ, ਪਹਿਲਾਂ ਇਸ ਲਈ ਹਾਥੀ ਦੰਦ ਦੀ ਵਰਤੋਂ ਵੀ ਕੀਤੀ ਜਾਂਦੀ ਸੀ।ਪਰ ਹੁਣ ਕੇਵਲ ਲੱਕੜ ਦੇ ਮੋਹਰੇ ਹੀ ਬਣਾਏ ਜਾਂਦੇ ਹਨ ਜੋ ਕਿ ਜਿਆਦਾਤਰ ਯੂਰਪੀਅਨ ਦੇਸ਼ਾਂ ਵਿੱਚ ਨਿਰਯਾਤ ਹੁੰਦੇ ਹਨ।
ਅਜਿਹੀ ਇੱਕ ਫਰਮ ਚੋਪੜਾ ਐਂਡ ਕੰਪਨੀ ਜੋ ਕਿ ਸ਼ਤਰੰਜ ਬਣਾਉਣ ਦਾ ਕੰਮ ਲੰਮੇ ਸਮੇਂ ਤੋਂ ਕਰ ਰਹੀ ਹੈ, ਨੇ ਕੁੱਝ ਅਰਸਾ ਪਹਿਲਾਂ ਸ਼ਤਰੰਜ ਚੈਂਪੀਅਨ ਗੁਕੇਸ਼ ਲਈ ਸ਼ਤਰੰਜ ਬਣਾ ਕੇ ਭੇਜੀ ਸੀ।ਫਰਮ ਦੇ ਮਾਲਕ ਅਦਿਤਿਆ ਚੋਪੜਾ ਨੇ ਦੱਸਿਆ ਕਿ ਭਾਰਤ ਵਿੱਚ ਸ਼ਤਰੰਜ ਖੇਡ ਜਿਆਦਾ ਪ੍ਰਚਲਤ ਨਹੀਂ ਹੈ, ਜਦ ਕਿ ਯੂਰਪੀਅਨ ਦੇਸ਼ਾਂ ਵਿੱਚ ਇਹ ਖੇਡ ਜਿਆਦਾ ਖੇਡੀ ਜਾਂਦੀ ਹੈ।ਉਹਨਾਂ ਦੱਸਿਆ ਕਿ ਸਾਡੇ ਕਾਰੀਗਰ ਬਲਜੀਤ ਸਿੰਘ ਵਲੋਂ ਬਣਾਏ ਗਏ ਮੋਹਰੇ ਇਸ ਵਾਰ ਗੁਕੇਸ਼ ਨੇ ਵਰਤੇ ਹਨ।ਉਹਨਾਂ ਦੱਸਿਆ ਕਿ ਇਹ ਕਾਰੀਗਰ ਸਾਡੇ ਕੋਲ ਬਹੁਤ ਲੰਮੇ ਸਮੇਂ ਤੋਂ ਕੰਮ ਕਰ ਰਹੇ ਹਨ ਅਤੇ ਇਹਨਾਂ ਦੇ ਤਰਾਸ਼ੇ ਹੋਏ ਮੋਹਰਿਆਂ ਦਾ ਕੋਈ ਮੁਕਾਬਲਾ ਨਹੀਂ ਹੈ।ਚੋਪੜਾ ਨੇ ਦੱਸਿਆ ਕਿ ਵਿਸ਼ਵ ਭਰ ਵਿੱਚ ਸ਼ਤਰੰਜ ਦੇ ਜਿੰਨ੍ਹੇ ਵੀ ਟੂਰਨਾਮੈਂਟ ਆਯੋਜਿਤ ਹੁੰਦੇ ਹਨ, ਉਥੇ ਅੰਮ੍ਰਿਤਸਰ ਦੀ ਬਣਾਈ ਹੋਈ ਸ਼ਤਰੰਜ ਹੀ ਸਪਲਾਈ ਕੀਤੀ ਜਾਂਦੀ ਹੈ। ਉਨਾਂ ਦੱਸਿਆ ਕਿ 1920 ਵਿੱਚ ਉਨਾਂ ਦੇ ਪਰਿਵਾਰ ਵਲੋਂ ਇਹ ਕੰਮ ਸ਼ੁਰੂ ਕੀਤਾ ਗਿਆ ਸੀ ਅਤੇ ਹੁਣ ਹਾਲ ਬਾਜ਼ਾਰ ਵਿਖੇ ਆਪਣੀ ਦੁਕਾਨ ਚਲਾ ਰਹੇ ਹਨ।ਉਨਾਂ ਦੱਸਿਆ ਕਿ ਸ਼ਤਰੰਜ ਬਣਾਉਣ ਦੇ ਕਰੀਬ 20 ਯੂਨਿਟ ਅੰਮ੍ਰਿਤਸਰ ਵਿਖੇ ਕੰਮ ਕਰਦੇ ਹਨ।ਚੋਪੜਾ ਨੇ ਦੱਸਿਆ ਕਿ ਉਹ ਅੱਜ ਵੀ ਸਕੂਲੀ ਬੱਚਿਆਂ ਨੂੰ ਨੋ ਪ੍ਰੋਫਿਟ ਨੋ ਲਾਸ ਦੇ ਆਧਾਰ ‘ਤੇ ਸ਼ਤਰੰਜ ਦੀ ਵਿਕਰੀ ਕਰਦੇ ਹਨ ਅਤੇ ਪੂਰੇ ਸੰਸਾਰ ਵਿੱਚ ਅੱਜ ਅੰਮ੍ਰਿਤਸਰ ਵਿਖੇ ਹੀ ਲੱਕੜ ਦੀ ਸ਼ਤਰੰਜ ਦੇ ਮੋਹਰੇ ਬਣਾਏ ਜਾਂਦੇ ਹਨ।
ਡਿਪਟੀ ਕਮਿਸ਼ਨਰ ਨੇ ਅੰਮ੍ਰਿਤਸਰ ਵਿੱਚ ਪ੍ਰਚਲਿਤ ਇਸ ਕਲਾ ਦੀਆਂ ਬਰੀਕੀਆਂ ਸਮਝਦੇ ਹੋਏ ਭਰੋਸਾ ਦਿੱਤਾ ਕਿ ਅੰਮ੍ਰਿਤਸਰ ਦੀ ਇਸ ਕਲਾ ਨੂੰ ਵਿਸ਼ਵ ਭਰ ਵਿੱਚ ਉਜਾਗਰ ਕੀਤਾ ਜਾਵੇਗਾ ਤਾਂ ਜੋ ਇਸ ਉਦਯੋਗ ਨੂੰ ਸਨਅਤ ਵਜੋਂ ਵਿਕਸਿਤ ਕਰਕੇ ਰੁਜ਼ਗਾਰ ਦੇ ਹੋਰ ਮੌਕੇ ਪੈਦਾ ਕੀਤੇ ਜਾ ਸਕਣ।ਉਹਨਾਂ ਕਿਹਾ ਕਿ ਉਹ ਇਸ ਲਈ ਪੰਜਾਬ ਸਰਕਾਰ ਦਾ ਸਹਿਯੋਗ ਲੈਣਗੇ।ਡਿਪਟੀ ਕਮਿਸ਼ਨਰ ਨੇ ਸ਼ਤਰੰਜ ਦੇ ਕਾਰੀਗਰ ਬਲਜੀਤ ਸਿੰਘ ਅਤੇ ਚੋਪੜਾ ਸ਼ਤਰੰਜ ਦੇ ਮਾਲਕ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ।
ਇਸ ਮੌਕੇ ਐਸ.ਡੀ.ਐਮ ਮਨਕੰਵਲ ਸਿੰਘ ਚਾਹਲ ਅਤੇ ਜਨਰਲ ਮੈਨੇਜਰ ਉਦਯੋਗ ਮਨਪ੍ਰੀਤ ਸਿੰਘ ਵੀ ਹਾਜ਼ਰ ਸਨ।

 

Check Also

ਐਡਵੋਕੇਟ ਧਾਮੀ ਨੇ ਪਹਿਲਗਾਮ ’ਚ ਹੋਏ ਹਮਲੇ ਦੇ ਪੀੜ੍ਹਤਾਂ ਨਾਲ ਸੰਵੇਦਨਾ ਪ੍ਰਗਟਾਈ

ਅੰਮ੍ਰਿਤਸਰ, 26 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …