Sunday, June 14, 2026

ਆਦਰਸ਼ ਸਕੂਲ ਵਿਖੇ ਲੱਗੇ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਦਾ ਸਮਾਪਤੀ ਸਮਾਰੋਹ ਆਯੋਜਿਤ

ਸੰਗਰੂਰ, 29 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਆਦਰਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਦਾ ਸਮਾਪਤੀ ਸਮਾਰੋਹ ਹੋਇਆ।ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਮਾਸਟਰ ਪਰਮਵੇਦ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।ਇਹ ਕੈਂਪ ਸਕੂਲ ਪ੍ਰਿੰਸੀਪਲ ਜੋਗਾ ਸਿੰਘ ਦੀ ਅਗਵਾਈ ਅਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸੰਗਰੂਰ ਅਰੁਣ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲਗਾਇਆ ਗਿਆ।
ਸਕੂਲ਼ ਪ੍ਰਬੰਧਕ ਕਮੇਟੀ ਪ੍ਰਧਾਨ ਦਿਨੇਸ਼ ਗੋਇਲ ਤੇ ਐਡਵੋਕੇਟ ਸਮੀਰ ਫੱਤਾ ਨੇ ਸ਼ਮੂਲੀਅਤ ਕੀਤੀ।ਸਮਾਗਮ ਦੇ ਸ਼ੁਰੂ ਵਿੱਚ ਸਕੂਲ ਪ੍ਰਿੰਸੀਪਲ ਜੋਗਾ ਸਿੰਘ ਨੇ ਸਾਰਿਆਂ ਨੂੰ ‘ਜੀ ਆਇਆਂ’ ਕਰਦਿਆਂ ਕਿਹਾ ਕਿ ਸਕੂਲ ਅਧਿਆਪਕ ਵਿਦਿਆਰਥੀਆਂ ਦੇ ਸਰੀਰਕ, ਮਾਨਸਿਕ ਤੇ ਬੌਧਿਕ ਵਿਕਾਸ ਲਈ ਯਤਨਸ਼਼ੀਲ ਹਨ।ਉਹ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਹਰ ਸੰਭਵ ਕੋਸ਼ਿਸ਼਼ ਕਰ ਰਹੇ ਹਨ।ਮੁੱਖ ਮਹਿਮਾਨ ਮਾਸਟਰ ਪਰਮਵੇਦ ਨੇ ਆਪਣੇ ਸੰਬੋਧਨ ‘ਚ ਵਲੰਟੀਅਰਾਂ ਨੂੰ ਜ਼ਿੰਦਗੀ ਵਿੱਚ ਕੁੱਝ ਬਣਨ ਦੇ ਸੁਪਨੇ ਲੈਣ ਤੇ ਇਸ ਦੀ ਪ੍ਰਾਪਤੀ ਲਈ ਆਤਮ ਵਿਸ਼ਵਾਸ਼ੀ ਬਣ ਕੇ ਹੌਂਸਲਾ, ਹਿੰਮਤ ਤੇ ਦ੍ਰਿੜਤਾ ਨਾਲ, ਚੜ੍ਹਦੀ ਕਲਾ ਵਿੱਚ ਰਹਿ ਕੇ ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰਨ ਦਾ ਸੁਨੇਹਾ ਦਿੱਤਾ।ਉਨ੍ਹਾਂ ਕਿਹਾ ਕਿ ਅਜਿਹੇ ਕੈਂਪਾਂ ਤੋਂ ਵਿਦਿਆਰਥੀਆਂ ਵਿੱਚ ਹੱਥੀਂ ਕੰਮ ਕਰਨ, ਸਹਿਣਸ਼ੀਲਤਾ, ਸਹਿਯੋਗ ਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਹੁੰਦੀ ਹੈ।ਉਨ੍ਹਾਂ ਕਿਤਾਬਾਂ ਸੰਗ ਦੋਸਤੀ ਕਰਨ ਲਈ ਵੀ ਕਿਹਾ।ਐਡਵੋਕੇਟ ਸਮੀਰ ਫੱਤਾ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਚੰਗੇ ਨਾਗਰਿਕ ਬਣਨ ਦੀ ਭਾਵਪੂਰਤ ਸਿੱਖਿਆ ਦਿੱਤੀ, ਲੈਕਚਰਾਰ ਮੇਵਾ ਸਿੰਘ, ਮਾਸਟਰ ਬਲਵੰਤ ਸਿੰਘ ਤੇ ਲੈਕਚਰਾਰ ਦੀਪਕ ਨੇ ਵੀ ਵਲੰਟੀਅਰਾਂ ਨੂੰ ਜ਼ਿੰਮੇਵਾਰ, ਸਿਆਣੇ ਨਾਗਰਿਕ ਬਣਨ ਤੇ ਸਮੇਂ ਦਾ ਸਦ-ਉਪਯੋਗ ਕਰਨ ਲਈ ਕਿਹਾ।ਕੈਂਪ ਕਮਾਂਡਰ ਗੁਰਪ੍ਰੀਤ ਕੌਰ ਨੇ ਸੱਤ ਦਿਨਾਂ ਦੀ ਰਿਪੋਰਟਿੰਗ ਕਰਦਿਆਂ ਦੱਸਿਆ ਉਨ੍ਹਾਂ ਦੇ ਵਲੰਟੀਅਰਾਂ ਨੇ ਸ਼ੇਖੂਪੁਰਾ ਤੋਂ ਸੁਨਾਮੀ ਰੋਡ ਤੇ ਸਲਮ ਏਰੀਆ ਵਿਖੇ ਸਫਾਈ ਅਭਿਆਨ ਚਲਾਇਆ ਤੇ ਨਸ਼ਿਆਂ ਦੀ ਵਰਤੋਂ ਵਿਰੁੱਧ ਰੈਲੀ ਕੀਤੀ।
ਜਸਕੀਰਤ ਸਿੰਘ, ਅਰਸ਼ਦੀਪ, ਤਨਵੀਰ, ਦਿਲਪ੍ਰੀਤ ਕੌਰ, ਮਹਿਕਪ੍ਰੀਤ ਕੌਰ, ਪਲਕ ਤੇ ਅੰਜ਼ਲੀ ਵਲੰਟੀਅਰਾਂ ਨੂੰ ਸਨਮਾਨਿਤ ਕੀਤਾ ਗਿਆ।ਪ੍ਰਬੰਧਕ ਕਮੇਟੀ ਪ੍ਰਧਾਨ ਦਿਨੇਸ਼ ਗੋਇਲ ਨੇ ਪ੍ਰੋਗਰਾਮ ਵਿੱਚ ਸ਼ਾਾਮਲ ਸਾਰਿਆਂ ਦਾ ਧੰਨਵਾਦ ਕਰਦਿਆਂ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ।ਸਮਾਗਮ ਵਿੱਚ ਸਹਾਇਕ ਕੈਂਪ ਕਮਾਂਡਰ ਕੁਲਬੀਰ ਸਿੰਘ, ਮੈਡਮ ਅੰਜੂ ਰਾਣੀ, ਸੁਖਵੀਰ ਸਿੰਘ, ਸੁਨੀਲ ਯਾਦਵ, ਦੀਪਕ ਸਿੰਘ, ਸ਼ੁਭ ਲਤਾ ਨੇ ਬਤੌਰ ਸਹਿਯੋਗੀ ਸ਼ਮੂਲੀਅਤ ਕੀਤੀ।

 

Check Also

ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ

ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …