ਫਾਜ਼ਿਲਕਾ 11 ਜਨਵਰੀ ( ਵਿਨੀਤ ਅਰੋੜਾ ): ਭਾਰਤ ਸਰਕਾਰ ਦੇ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਵੱਲੌ ਸਕੂਲੀ ਅਧਿਆਪਕਾਂ ਲਈ ਰਾਸ਼ਟਰੀ ਆਈ ਸੀ ਟੀ ਪੁਰਸਕਾਰ ਸਾਲ 2015 ਦਾ ਐਲਾਨ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਤਕਨੀਕ ਦਾ ਪ੍ਰਯੋਗ ਕਰਨ ਵਾਲੇ ਅਧਿਆਪਕ ਵਿਜੈ ਗੁਪਤਾ ਨੇ ਦੱਸਿਆ ਕਿ ਸਮੁੱਚੇ ਭਾਰਤ ਲਈ ਇਨ੍ਹਾਂ ਦੀ ਕੁੱਲ ਗਿਣਤੀ 87 ਹੈ, ਜਿਸ ਵਿੱਚ ਪੰਜਾਬ ਰਾਜ ਲਈ 3 ਪੁਰਸਕਾਰਾਂ ਦਾ ਕੋਟਾ ਨਿਰਧਾਰਤ ਹੈ। ਇਹ ਪੁਰਸਕਾਰ ਉਨ੍ਹਾਂ ਅਧਿਆਪਕਾਂ ਨੂੰ ਉਤਸ਼ਾਹਿਤ ਕਰਨ ਲਈ ਪ੍ਰਸਤਾਵਿਤ ਹਨ ਜਿਹਨਾਂ ਨੇ ਸਕੂਲੀ ਪਾਠਕ੍ਰਮ ਅਤੇ ਵਿਸ਼ਾ-ਸਿੱਖਣ ਪ੍ਰਕ੍ਰਿਆ ਨੂੰ ਪ੍ਰਭਾਵਸ਼ਾਲੀ ਬਣਾਉਣ ਦੇ ਲਈ ਨਵੀਂ ਤਕਨੀਕ ਦਾ ਪ੍ਰਯੋਗ ਕਰ ਕੇ ਵਿਦਿਆਰਥੀਆਂ ਵਿੱਚ ਸੂਚਨਾ ਅਤੇ ਸੰਚਾਰ ਤਕਨੀਕ ਪ੍ਰਤੀ ਜਿਗਿਆਸਾ ਪੈਦਾ ਕੀਤੀ ਹੈ ਜਿਸ ਨਾਲ ਖੋਜ ਤੇ ਅਧਾਰਿਤ ਸਹਾਇਕ ਅਤੇ ਸਹਿਯੋਗ ਪੂਰਨ ਸਿੱਖਿਆ ਨੂੰ ਪ੍ਰਫੁਲਤ ਕੀਤਾ ਗਿਆ ਹੈ। ਭਾਰਤ ਸਰਕਾਰ ਦੀ ਕੇਂਦਰੀ ਸਿੱਖਿਆ ਤਕਨੀਕੀ ਸੰਸਥਾ ਵੱਲੋਂ ਪੁਰਸਕਾਰ ਦੇਣ ਦੀ ਇਹ ਯੋਜਨਾ ਸਕੂਲਾਂ ਅਤੇ ਸਮਾਜ ਵਿੱਚ ਸਿੱਖਿਆ ਦੀ ਸੰਪੂਰਨ ਗੁਣਵੱਤਾ ਦੇ ਲਈ ਅਧਿਆਪਕਾਂ ਦੇ ਯੋਗਦਾਨ ਨੂੰ ਵੀ ਮਾਨਤਾ ਦਿੰਦੀ ਹੈ। ਸਮੁੱਚੇ ਭਾਰਤ ਵਿੱਚ ਚਾਹਵਾਨ ਅਧਿਆਪਕ ਆਪਣਾ ਕੇਸ 31 ਮਾਰਚ 2015 ਤੱਕ ਯੋਗ ਪ੍ਰਣਾਲੀ ਰਾਹੀਂ ਭੇਜ ਸਕਦੇ ਹਨ। ਜ਼ਿਆਦਾ ਜਾਣਕਾਰੀ ਲਈ ਭਾਰਤ ਸਰਕਾਰ ਦੀ ਕੇਂਦਰੀ ਸਿੱਖਿਆ ਤਕਨੀਕੀ ਸੰਸਥਾ ਦੀ ਵੈਬਸਾਈਟ ਡਬਲਿਊ ਡਬਲਿਊ ਡਬਲਿਊ ਡਾੱਟ ਸੀ ਆਈ ਈ ਟੀ ਡਾੱਟ ਐਨ ਆਈ ਸੀ ਡਾੱਟ ਇਨ ਤੇ ਸਪੰਰਕ ਕੀਤਾ ਜਾ ਸਕਦਾ ਹੈ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media