
ਅੰਮ੍ਰਿਤਸਰ, 11 ਜਨਵਰੀ (ਰੋਮਿਤ ਸ਼ਰਮਾ)- ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਆਪਣੀਆਂ ਸਹਿਯੋਗੀ ਜਥੇਬੰਦੀਆਂ ਨਾਲ ਮਿਲ ਕੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪਸਾਰ ਲਈ ਆਮ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਪੰਜਾਬ ਭਰ ਵਿੱਚ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੱਜ ਇੱਥੇ ਜਨਵਾਦੀ ਲੇਖਕ ਸੰਘ, ਲੇਖਕ ਪਾਠਕ ਮੰਚ, ਸਰਹੱਦੀ ਸਾਹਿਤ ਸਭਾ, ਸਾਹਿਤ ਵਿਚਾਰ ਕੇਂਦਰ, ਪੰਜਾਬੀ ਸਭਿਆਚਾਰ ਸੱਥ, ਅੱਖਰ ਕਾਵਿ ਕਬੀਲਾ, ਮਾਂ ਬੋਲੀ ਕਵੀ ਸਭਾ, ਸਾਹਿਤ ਸਭਾ ਚੋਗਾਵਾਂ, ਪੰਜਾਬੀ ਚਿੰਤਕ ਮੰਚ, ਅੰਮ੍ਰਿਤਸਰ ਵਿਕਾਸ ਮੰਚ ਅਤੇ ਵਿਰਸਾ ਵਿਹਾਰ ਸੋਸਾਇਟੀ ਆਦਿ ਸਭਾਵਾਂ ਵੱਲੋਂ ਮਾਂ ਬੋਲੀ ਦੇ ਹੱਕ ਵਿੱਚ ਦੋਵਰਕੀ ਵੰਡ ਕੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ ਅਤੇ ਮੈਂਬਰ ਕਾਰਜਕਾਰਨੀ ਦੇਵ ਦਰਦ ਨੇ ਇਸ ਸਮੇਂ ਦੱਸਿਆ ਕਿ ਮਾਤ ਭਾਸ਼ਾ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਮਿਲਣ ਤੇ ਵੀ ਪ੍ਰਸ਼ਾਸ਼ਨਿਕ ਅਧਿਕਾਰੀ ਪੰਜਾਬੀ ਵਿੱਚ ਕੰਮ ਕਰਨੋਂ ਟਾਲਾ ਵੱਟਦੇ ਹਨ। ਰਾਜ ਭਾਸ਼ਾ ਐਕਟ ਵਿੱਚ ਸੋਧ ਕਰਕੇ ਪੰਜਾਬੀ ਵਿੱਚ ਕੰਮ ਨਾ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਸਜਾ ਦੀ ਧਾਰਾ ਸ਼ਾਮਿਲ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਬੱਚੇ ਦੇ ਬੌਧਿਕ ਵਿਕਾਸ ਨੂੰ ਮੱਦੇ ਨਜ਼ਰ ਰੱਖਦਿਆਂ ਮੁੱਢਲੀ ਸਿੱਖਿਆ ਕੇਵਲ ਤੇ ਕੇਵਲ ਮਾਤ ਭਾਸ਼ਾ ਵਿੱਚ ਹੋਣੀ ਚਾਹੀਦੀ ਹੈ। ਡਾਕਟਰੀ, ਇੰਜੀਨੀਰਿੰਗ ਅਤੇ ਹੋਰ ਤਕਨੀਕੀ ਸਿੱਖਿਆ ਦੀ ਪੜ੍ਹਾਈ ਦਾ ਮਾਧਿਅਮ ਪੰਜਾਬੀ ਵਿੱਚ ਕਰਨ ਲਈ ਪੜ੍ਹਣ ਸਮਗਰੀ ਦਾ ਬੰਦੋਬਸਤ ਮਾਤ ਭਾਸ਼ਾ ਵਿੱਚ ਹੋਣਾ ਚਾਹੀਦਾ ਹੈ। ਅਦਾਲਤੀ ਕੰਮ ਕਾਜ ਅਤੇ ਮਾਲ ਵਿਭਾਗ ਅੰਦਰ ਵਰਤੇ ਜਾਂਦੇ ਅਰਬੀ, ਫਾਰਸੀ ਦੀ ਉਲਝਾਊ ਸ਼ਬਦਾਵਲੀ ਦਾ ਵਿਦਵਾਨਾਂ ਦੀ ਰਾਏ ਨਾਲ ਸਰਲੀਕਰਨ ਹੋਣਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਆਪਣੇ ਘਰਾਂ ਅੰਦਰ ਹੋਰਨਾਂ ਭਾਸ਼ਾਵਾਂ ਦੇ ਨਾਲ-ਨਾਲ ਪੰਜਾਬੀ ਦੇ ਅਖਬਾਰ ਅਤੇ ਰਸਾਲੇ ਪੜ੍ਹਣ ਨੂੰ ਪਹਿਲ ਦੇਣ ਲਈ ਵੀ ਕਿਹਾ। ਅੱਜ ਦੀ ਇਸ ਮੁਹਿੰਮ ਵਿੱਚ ਡਾ. ਹਜ਼ਾਰਾ ਸਿੰਘ ਚੀਮਾ, ਡਾ. ਇਕਬਾਲ ਕੌਰ ਸੌਂਧ, ਮੁਖਤਾਰ ਗਿੱਲ, ਨਿਰਮਲ ਅਰਪਣ, ਕੇਵਲ ਧਾਲੀਵਾਲ, ਪਰਮਿੰਦਰਜੀਤ, ਪ੍ਰਿੰ: ਨਿਰੋਤਮ ਸਿੰਘ, ਮਨਮੋਹਨ ਬਾਸਰਕੇ, ਸੁਮੀਤ ਸਿੰਘ, ਡਾ. ਕਸ਼ਮੀਰ ਸਿੰਘ, ਮੁਖਤਾਰ ਗਿੱਲ, ਜਗਤਾਰ ਗਿੱਲ, ਕੁਲਵੰਤ ਸਿੰਘ ਅਣਖੀ, ਮਨਮੋਹਨ ਢਿੱਲੋਂ, ਜਸਬੀਰ ਸਿੰਘ ਸੱਗੂ, ਹਰਬੰਸ ਸਿੰਘ ਨਾਗੀ, ਦਲਜੀਤ ਸਿੰਘ ਕੋਹਲੀ, ਜਸਬੀਰ ਝਬਾਲ, ਧਰਵਿੰਦਰ ਔਲਖ, ਹਰੀ ਸਿੰਘ ਗਰੀਬ, ਇੰਦਰ ਮਾਨ, ਗੁਰਿੰਦਰ ਮਕਨਾ, ਰਜਿੰਦਰ ਨਾਗੀ, ਲਖਬੀਰ ਘੁੰਮਣ, ਡੋਨੀ ਆਰਟਿਸਟ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੇਖਕ ਭਾਈਚਾਰਾ ਹਾਜ਼ਰ ਸੀ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media