Thursday, June 5, 2025
Breaking News

ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਜਲਵਾਯੂ ਪਰਿਵਰਤਨ `ਤੇ ਅੰਤਰ-ਅਨੁਸ਼ਾਸਨੀ ਵਰਕਸ਼ਾਪ

ਅੰਮ੍ਰਿਤਸਰ, 20 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ (ਡਾ.) ਕਰਮਜੀਤ ਸਿੰਘ ਨੇ ਕਿਹਾ ਹੈ ਕਿ ਆਪਾਂ `ਸਰਬੱਤ ਦਾ ਭਲਾ` ਮੰਗਣ ਵਾਲੇ ਪੰਧ ਦੇ ਰਾਹੀ ਹਾਂ ਅਤੇ ਸਾਨੂੰ ਇਸ ਗੱਲ ਦੀ ਪਛਾਣ ਹੋਣੀ ਬਹੁਤ ਜ਼ਰੂਰੀ ਹੈ ਕਿ ਜਲਵਾਯੂ ਪਰਿਵਰਤਨ ਸਾਡੀ ਲੋਕਾਈ ਲਈ ਗੰਭੀਰ ਸਮੱਸਿਆ ਹੈ, ਜਿਸ ਦਾ ਹੱਲ ਸਾਡੇ ਸਾਰਿਆਂ ਦੇ ਸਾਂਝੇ ਯਤਨਾਂ ਵਿੱਚ ਪਿਆ ਹੈ।ਸਾਨੂੰ ਇਸ ਦੇ ਮਾੜੇ ਪ੍ਰਭਾਵਾਂ ਨੂੰ ਦੂਰ ਕਰਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਟਿਕਾਊ ਵਾਤਾਵਰਣ ਦੇਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰੋ. ਕਰਮਜੀਤ ਸਿੰਘ ਨੇ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਵਿਖੇ ਸਲਜ਼ਬਰਗ ਯੂਨੀਵਰਸਿਟੀ, ਆਸਟਰੀਆ ਦੇ ਜੀਓਇਨਫਾਰਮੈਟਿਕਸ ਵਿਭਾਗ ਦੇ ਸਹਿਯੋਗ ਨਾਲ “ਜਲਵਾਯੂ ਪਰਿਵਰਤਨ, ਵਾਯੂਮੰਡਲ ਪ੍ਰਦੂਸ਼ਣ, ਅਤੇ ਵਾਤਾਵਰਣ ਵਿਗਾੜ” ਵਿਸ਼ੇ `ਤੇ ਪੰਜ ਦਿਨਾਂ ਵਰਕਸ਼ਾਪ ਦੇ ਉਦਘਾਟਨੀ ਸਮਾਰੋਹ ਮੌਕੇ ਕੀਤਾ। ਉਨ੍ਹਾਂ ਜਲਵਾਯੂ ਨਾਲ ਸਬੰਧਤ ਮੁੱਦਿਆਂ ਨਾਲ ਨਜਿੱਠਣ ਵਿੱਚ ਅੰਤਰਰਾਸ਼ਟਰੀ ਸਹਿਯੋਗ ਦੀ ਮਹੱਤਤਾ `ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਪ੍ਰੋਗਰਾਮ ਜਲਵਾਯੂ ਪਰਿਵਰਤਨ, ਵਾਯੂਮੰਡਲ ਪ੍ਰਦੂਸ਼ਣ ਅਤੇ ਵਾਤਾਵਰਣ ਵਿਗਾੜ ਨਾਲ ਨਜਿੱਠਣ ਲਈ ਆਪਸੀ ਤਾਲਮੇਲ ਨੂੰ ਵਧਾਏਗਾ।
ਉਦਘਾਟਨੀ ਸੈਸ਼ਨ ਦੌਰਾਨ, ਪ੍ਰੋਫੈਸਰ (ਡਾ.) ਕਰਮਜੀਤ ਸਿੰਘ ਨੇ ਪ੍ਰੋਫੈਸਰ ਅਮਿਤ ਕੌਟਸ ਨੂੰ ਯੂਨੀਵਰਸਿਟੀ ਦੀ ਵਿਸ਼ਵਵਿਆਪੀ ਪ੍ਰਮੁੱਖਤਾ (ਸੰਸਥਾ ਦਾ ਸਹਿਯੋਗ) ਸਥਾਪਤ ਕਰਨ ਲਈ ਯੂਰੇਸ਼ੀਆ-ਪੈਸੀਫਿਕ ਯੂਨੀਨੇਟ (ਈਪੀਯੂ) ਦੇ ਪ੍ਰਤੀਨਿਧੀ ਵਜੋਂ ਨਿਯੁਕਤ ਕੀਤੇ ਜਾਣ `ਤੇ ਵਧਾਈ ਵੀ ਦਿੱਤੀ। ਉਨ੍ਹਾਂ ਨੇ ਸਿੱਖਿਆ ਵਿਭਾਗ ਵੱਲੋਂ ਇਸ ਤਰ੍ਹਾਂ ਦੀਆਂ ਵਰਕਸ਼ਾਪਾਂ ਆਯੋਜਿਤ ਕਰਨ ਲਈ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕੀਤੀ। ਦੋਵਾਂ ਸੰਸਥਾਵਾਂ ਦੇ ਮਾਹਿਰਾਂ ਨੇ ਵਾਤਾਵਰਣ ਖੋਜ ਵਿੱਚ ਜੀਓਇਨਫਾਰਮੈਟਿਕਸ ਅਤੇ ਰਿਮੋਟ ਸੈਂਸਿੰਗ ਦੀ ਭੂਮਿਕਾ `ਤੇ ਚਰਚਾ ਕੀਤੀ, ਟਿਕਾਊ ਵਿਕਾਸ ਲਈ ਨਵੀਨਤਾਕਾਰੀ ਹੱਲਾਂ ਨੂੰ ਉਜਾਗਰ ਕੀਤਾ।
ਪ੍ਰੋਫੈਸਰ (ਡਾ.) ਅਮਿਤ ਕੌਟਸ ਨੇ ਵਾਈਸ ਚਾਂਸਲਰ ਪ੍ਰੋਫੈਸਰ (ਡਾ.) ਕਰਮਜੀਤ ਸਿੰਘ, ਵਿਜ਼ਿਟਿੰਗ ਸਪੀਕਰ ਪ੍ਰੋਫੈਸਰ (ਡਾ.) ਸ਼ਾਹਨਵਾਜ਼, ਸੀਨੀਅਰ ਵਿਗਿਆਨੀ, ਜੀਓਇਨਫਾਰਮੈਟਿਕਸ-ਜ਼ੈਡ ਜੀ.ਆਈ.ਐਸ ਵਿਭਾਗ, ਸਾਲਜ਼ਬਰਗ ਯੂਨੀਵਰਸਿਟੀ, ਆਸਟਰੀਆ, ਅਤੇ ਲਗਭਗ ਅਠੱਤੀ ਭਾਗੀਦਾਰਾਂ ਨੂੰ ‘ਜੀ ਆਇਆਂ’ ਆਖਦਿਆਂ ਜਲਵਾਯੂ ਪਰਿਵਰਤਨ ਅਤੇ ਵਾਤਾਵਰਣ ਪ੍ਰਬੰਧਨ ਨੂੰ ਸਮਝਣ ਵਿੱਚ ਅੰਤਰ-ਅਨੁਸ਼ਾਸਨੀ ਪਹੁੰਚਾਂ ਦੀ ਮਹੱਤਤਾ `ਤੇ ਜ਼ੋਰ ਦਿੱਤਾ।ਪ੍ਰੋਫੈਸਰ (ਡਾ.) ਸ਼ਾਹਨਵਾਜ਼ ਨੇ ਅਤਿ-ਆਧੁਨਿਕ ਭੂ-ਸਥਾਨਕ ਤਕਨਾਲੋਜੀਆਂ ਅਤੇ ਵਾਤਾਵਰਣ ਨਿਗਰਾਨੀ ਅਤੇ ਆਫ਼ਤਾਂ ਨਾਲ ਨਜਿੱਠਣ ਅਤੇ ਉਨ੍ਹਾਂ ਨੂੰ ਘਟਾਉਣ ਦੀਆਂ ਰਣਨੀਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ।ਪ੍ਰੋਫੈਸਰ (ਡਾ.) ਦੀਪਾ ਸਿਕੰਦ ਕੌਟਸ ਡੀਨ ਫੈਕਲਟੀ ਆਫ਼ ਐਜੂਕੇਸ਼ਨ ਨੇ ਆਪਣੇ ਧੰਨਵਾਦ ਦੇ ਮਤੇ ਵਿੱਚ ਜਲਵਾਯੂ ਜਾਗਰੂਕਤਾ ਅਤੇ ਇਸ ਦੀਆਂ ਪ੍ਰਬੰਧਨ ਰਣਨੀਤੀਆਂ ਲਈ ਦਰਸ਼ਕਾਂ ਨੂੰ ਜਾਗਰੂਕ ਕੀਤਾ।

Check Also

ਖ਼ਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਵਿਖੇ ਵਾਤਾਵਰਣ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 4 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼ੁੱਧ …